All Latest NewsNews FlashPunjab News

Breaking News: ਕਿਸਾਨਾਂ ਦੀਆਂ ਗ੍ਰਿਫਤਾਰੀਆਂ ਖ਼ਿਲਾਫ਼ ਪੰਜਾਬ ਦੀਆਂ ਖੱਬੀਆਂ ਪਾਰਟੀਆਂ ਦਾ ਵੱਡਾ ਐਲਾਨ

 

ਪੰਜਾਬ ਨੈੱਟਵਰਕ, ਚੰਡੀਗੜ੍ਹ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 5 ਮਾਰਚ ਨੂੰ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਮੋਰਚੇ ਨੂੰ ਅਸਫ਼ਲ ਕਰਨ ਦੇ ਯਤਨ ਵਜੋਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸੂਬਾ ਸਰਕਾਰ ਦੇ ਹੁਕਮਾਂ ਤੇ ਹਿਰਾਸਤ ਲੈਣ ਦੀ ਸੀਪੀਆਈ ਐੱਮ ਦੇ ਸੂਬਾ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ, ਸੀ ਪੀ ਆਈ ਦੇ ਸੂਬਾ ਸਕੱਤਰ ਕਾ: ਬੰਤ ਸਿੰਘ ਬਰਾੜ ਅਤੇ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾ: ਗੁਰਮੀਤ ਸਿੰਘ ਬਖ਼ਤਪੁਰਾ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ।

ਕਮਿਊਨਿਸਟ ਨੇਤਾਵਾਂ ਨੇ ਕਿਹਾ ਕਿ ਰਾਜ ਭਰ ਵਿੱਚ ਕਿਸਾਨ ਆਗੂਆਂ ਦੀ ਕੀਤੀ ਜਾ ਰਹੀ ਫੜੋ ਫੜੀ ਤੋਂ ਜ਼ਾਹਰ ਹੁੰਦਾ ਹੈ ਕਿ ਪੰਜਾਬ ਸਰਕਾਰ ਬੁਖਲਾਹਟ ਵਿੱਚ ਹੈ। ਉਹਨਾਂ ਕਿਹਾ ਕਿ ਜਮਹੂਰੀਅਤ ਦਾ ਢੰਡੋਰਾ ਪਿੱਟਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਉੱਪਰ ਸਭ ਤੋਂ ਵੱਧ ਜ਼ਬਰ ਕਰਨ ਵਾਲੀ ਸਰਕਾਰ ਸਾਬਤ ਹੋਈ ਹੈ।

ਉਹਨਾਂ ਕਿਹਾ ਕਿ ਰਾਜ ਸਰਕਾਰ ਦੀ ਇਹ ਕਾਰਵਾਈ ਜਮਹੂਰੀਅਤ ਤੇ ਹਮਲਾ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਦੇਸ਼ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਕੀਤੇ ਜਾ ਰਹੇ ਸੰਘਰਸ ਵਿੱਚ ਕਿਸਾਨਾਂ ਦਾ ਸਾਥ ਦੇਣ ਦੀ ਬਜਾਏ ਕੇਂਦਰ ਦੀ ਮੋਦੀ ਸਰਕਾਰ ਦਾ ਪੱਖ ਪੂਰ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਸਰਕਾਰੀ ਜਬਰ ਤੋਂ ਡਰ ਕੇ ਸੰਘਰਸ਼ ਨੂੰ ਰੋਕਣ ਵਾਲੀਆਂ ਨਹੀਂ ਹਨ, ਸਗੋਂ ਸਰਕਾਰੀ ਜਬਰ ਸਦਕਾ ਸੰਘਰਸ਼ ਹੋਰ ਤੇਜ ਹੋਵੇਗਾ।

ਤਿੰਨਾਂ ਆਗੂਆਂ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ 3 ਮਾਰਚ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਕਿਸਾਨਾਂ ਨਾਲ ਕੀਤੀ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਭਿਅਕ ਭਾਸ਼ਾ ਦੀ ਵਰਤੋਂ ਨਾ ਕਰਨਾ ਕਿਸਾਨਾਂ ਦਾ ਅਪਮਾਨ ਹੈ। ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਮਨਵਾਉਣ ਲਈ ਕਿਸਾਨ ਜਥੇਬੰਦੀਆਂ ਸੰਘਰਸ਼ ਕਰਨ ਵਾਸਤੇ ਮਜਬੂਰ ਹਨ, ਕਿਉਂਕਿ ਕੇਂਦਰ ਅਤੇ ਰਾਜ ਸਰਕਾਰਾਂ ਉਹਨਾਂ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਤਿਆਰ ਨਹੀਂ ਹਨ। ਆਗੂਆਂ ਨੇ ਕਿਹਾ ਕਿ ਉਹਨਾਂ ਦੀਆਂ ਪਾਰਟੀਆਂ 5 ਮਾਰਚ ਦੇ ਚੰਡੀਗੜ੍ਹ ਮੋਰਚੇ ਲਈ ਪੂਰਾ ਸਮਰਥਨ ਕਰਦੀਆਂ ਹਨ।

 

Leave a Reply

Your email address will not be published. Required fields are marked *