ਸਿੱਖਿਆ ਵਿਭਾਗ ਨੇ ‘ਨਿਲਪ’ ਅਧੀਨ ਥੋਪੇ ਨਵੇਂ ਹੁਕਮ! ਜਬਰੀ ਇਨਰੋਲਮੈਂਟ ਕਰਨ ਦੇ ਹੁਕਮਾਂ ਪ੍ਰਤੀ ਅਧਿਆਪਕਾਂ ‘ਚ ਭਾਰੀ ਰੋਸ
10 ਮਾਰਚ 2025 ਨੂੰ ਸੱਦੀ ਮੀਟਿੰਗ ਦੇ ਬਾਈਕਾਟ ਦਾ ਐਲਾਨ- ਈਟੀਯੂ
ਪੰਜਾਬ ਨੈੱਟਵਰਕ, ਚੰਡੀਗੜ੍ਹ
ਐਲੀਮੈਂਟਲੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ‘ਨਿਲਪ’ ਅਧੀਨ ਥੋਪੇ ਜਾ ਰਹੇ ਜ਼ਿਲ੍ਹੇ ਦੇ 504 ਪ੍ਰਾਇਮਰੀ ਸਕੂਲ ਮੁਖੀਆਂ ਨੂੰ ਹਰੇਕ ਸਕੂਲ ਤੋ 30 ਬਾਲਗਾਂ ਦੀ ਜਬਰੀ ਇਨਰੋਲਮੈਂਟ ਕਰਨ ਦੇ ਨਾਦਰਸ਼ਾਹੀ ਹੁਕਮਾਂ ਦੇ ਰੋਸ ਵਜੋਂ ਐਲੀਮੈਂਟਰੀ ਟੀਚਰ ਯੂਨੀਅਨ (ਰਜਿ.) ਤਰਨਤਾਰਨ ਵੱਲੋ ਹੰਗਾਮੀ ਜ਼ੂਮ ਮੀਟਿੰਗ ਕੀਤੀ ਗਈ। ਇਸ ਹੰਗਾਮੀ ਅਤੇ ਬੇਹੱਦ ਜ਼ਰੂਰੀ ਮੀਟਿੰਗ ਦੀ ਪ੍ਰਧਾਨਗੀ ਸੂਬਾ ਮੀਤ ਪ੍ਰਧਾਨ ਸਰਬਜੀਤ ਸਿੰਘ ਖਡੂਰ ਸਾਹਿਬ, ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ, ਸਟੇਟ ਬਾਡੀ ਮੈਂਬਰ ਮਨਿੰਦਰ ਸਿੰਘ ਨੇ ਕੀਤੀ।
ਜਿਲਾ ਪ੍ਰਧਾਨ ਗੁਰਵਿੰਦਰ ਸਿੰਘ ਬੱਬੂ, ਜਨਰਲ ਸਕੱਤਰ ਸੁਖਵਿੰਦਰ ਸਿੰਘ ਧਾਮੀ, ਜ਼ਿਲਾ ਕਮੇਟੀ ਮੈਂਬਰ ਹਰਭਿੰਦਰ ਸਿੰਘ, ਰਾਜਨ ਕੁਮਾਰ, ਮਨਜੀਤ ਸਿੰਘ ਪਾਰਸ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਹੀਨੇ ਵਿੱਚ ਜਦੋਂ ਕਿ ਪੰਜਵੀਂ ਜਮਾਤ ਦੇ ਪੇਪਰ ਚੱਲ ਰਹੇ ਹਨ, ਮਿਤੀ 10.03.2025 ਨੂੰ ਡਾਇਟ ਪ੍ਰਿੰਸੀਪਲ ਵੱਲੋਂ ਨਿਲਪ ਦੀ ਐਨਰੋਲਮੈਂਟ ਨਾ ਕਰਨ ਵਾਲੇ ਜਾਂ ਘੱਟ ਐਨਰੋਲਮੈਂਟ ਕਰਨ ਵਾਲੇ ਸਕੂਲ ਮੁਖੀਆਂ ਨੂੰ ਸਵੇਰੇ 10 ਵਜੇ ਫਿਜੀਕਲ ਮੀਟਿੰਗ ‘ਤੇ ਹਾਜ਼ਰ ਹੋਣ ਲਈ ਪਾਬੰਦ ਕਰਨ ਲਈ ਪੱਤਰ ਜਾਰੀ ਕੀਤਾ ਗਿਆ ਹੈ, ਜੋ ਕਿ ਬਿਲਕੁਲ ਗ਼ਲਤ ਹੈ। ਵਿਭਾਗ ਆਪ ਹੀ ਫੈਸਲਾ ਕਰ ਲਵੇ ਕਿ ਉਹ ਕਿਹੜਾ ਕੰਮ ਕਰਵਾਉਣਾ ਚਾਹੁੰਦਾ ਹੈ।
ਰਜਿੰਦਰ ਸਿੰਘ, ਗੁਰਲਵਦੀਪ ਸਿੰਘ, ਅਰਵਿੰਦਰ ਸਿੰਘ, ਇੰਦਰਜੀਤ ਸਿੰਘ, ਮਨਜੀਤ ਸਿੰਘ ਬਲਾਕ ਪ੍ਰਧਾਨਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜ਼ਿਲੇ ਦੇ ਸੈਂਕੜੇ ਪ੍ਰਾਇਮਰੀ ਸਕੂਲਾਂ ਵਿੱਚ ਇੱਕ-ਇੱਕ ਅਧਿਆਪਕ ਹਨ, ਉਥੇ ਹੀ ਵਿਭਾਗ ਵੱਲੋ ਨਵਾਂ ਤਜ਼ਰਬਾ ਕਰਦੇ ਹੋਏ ਪਹਿਲੀ ਵਾਰ ਇੰਟਰ-ਕਲਸਟਰ ਡਿਊਟੀਆਂ ਅਧੀਨ ਸਾਰਾ ਪ੍ਰਾਇਮਰੀ ਵਰਗ ਨੂੰ ਹਿਲਾਇਆ ਹੋਇਆ ਹੈ, ਕੋਈ ਪੇਪਰ ਲੈਣ ਲਈ 15-20 ਕਿਲੋਮੀਟਰ ਸਫਰ ਕਰਕੇ ਦੂਜੇ ਕਲੱਸਟਰ ਜਾ ਰਿਹਾ ਹੈ ਕੋਈ ਪੇਪਰ ਜਮਾਂ ਕਰਵਾਉਣ।
ਜਦਕਿ ਪ੍ਰਾਈਵੇਟ ਸਕੂਲ ਆਪਣੇ ਸਕੂਲ ਸਟਾਫ ਕੋਲੋ ਡਿਊਟੀ ਲੈ ਕੇ ਆਪ ਹੀ ਪੇਪਰ ਲੈ ਰਹੇ ਹਨ। ਇੰਝ ਲੱਗਦਾ ਹੈ ਕਿ ਜਿਵੇਂ ਵਿਭਾਗ ਨੂੰ ਆਪਣੇ ਅਧਿਆਪਕਾ ‘ਤੇ ਭਰੋਸਾ ਨਹੀਂ। ਇਹ ਪੇਪਰਾਂ ਵਾਲੇ ਦਿਨਾਂ ਵਿੱਚ ਗਰਾਂਟਾ ਭੇਜ ਕੇ ਉਸ ਨੂੰ ਤੁਰੰਤ ਵਰਤਣ ਦੇ ਹੁਕਮ ਚਾੜ੍ਹੇ ਜਾ ਰਹੇ ਹਨ ਜਦੋਂ ਕਿ ਹੁਣ ਵਿੱਦਿਅਕ ਸਾਲ ਖਤਮ ਹੋਣ ਵਾਲਾ ਹੈ ਇਸ ਵੇਲੇ ਮਹੀਨਾ ਮਾਰਚ ਵਿੱਚ ਪ੍ਰਾਇਮਰੀ ਸਕੂਲਾਂ ਨੂੰ “ਨਿਲਪ” ਅਧੀਨ ਦਾਖ਼ਲੇ ਕਰਨ ਦਾ ਫੈਸਲਾ ਗ਼ਲਤ ਅਤੇ ਗੈਰ ਵਾਜਿਬ ਹੈ।
ਇਸ ਵੇਲੇ ਵਿਭਾਗ ਵੱਲੋਂ ਸਕੂਲ ਬਚਾਉਣ ਲਈ ਨਵੇਂ ਦਾਖਲਿਆਂ ਅਧੀਨ ਵੱਧ ਤੋਂ ਵੱਧ ਬੱਚੇ ਦਾਖਲ ਕਰਨ ਵੱਲ ਧਿਆਨ ਦੇਣਾ ਬਣਦਾ ਹੈ ਤਾਂ ਜੋ ਬੱਚਿਆ ਦੀ ਗਿਣਤੀ ਘੱਟਣ ਦੀ ਬਜਾਏ ਵਧਾਈ ਜਾ ਸਕੇ ਪਰ ਪਹਿਲਾਂ ਤੋ ਪੜਾਈ ਛੱਡ ਚੁੱਕੇ 15 ਸਾਲ ਦੀ ਉਮਰ ਤੋਂ ਵੱਡੇ ਇਨਸਾਨਾਂ ਦੀ ਜਬਰੀ ਐਨਰੋਲਮੈਂਟ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ।
ਯੂਨੀਅਨ ਦੇ ਆਗੂਆਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਾਰੇ ਹਾਲਾਤਾਂ ਤੋਂ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਵਿਭਾਗ ਨੂੰ ਆਪ ਹੀ ਨਹੀਂ ਪਤਾ ਕਿ ਕੀ ਕਰਨਾ ਹੈ ਅਤੇ ਕਦੋਂ ਕਰਨਾ ਚਾਹੀਦਾ ਹੈ। ਬੱਚੇ ਨੂੰ ਗੁਣਾਤਮਕ ਸਿੱਖਿਆ ਦੇਣ ਲਈ ਸੁਚਾਰੂ ਮਾਹੌਲ ਦੇਣ ਦੀ ਬਜਾਇ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਿੰਦੇ ਹੋਏ ਅਲੱਗ ਅਲੱਗ ਗਰੁੱਪਾਂ, ਸਕੀਮਾਂ, ਸੈਮੀਨਾਰਾਂ ਅਤੇ ਗੂਗਲ ਸ਼ੀਟਾਂ ਵਿੱਚ ਉਲਝਾਇਆ ਜਾ ਰਿਹਾ ਹੈ ਜਿਸ ਨਾਲ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘੱਟ ਰਹੀ ਹੈ।
ਉਹਨਾਂ ਤੁਰੰਤ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਸਮੂਹ ਅਧਿਆਪਕਾਂ ਨੂੰ ਦਿੱਤੀ ਜਾ ਰਹੀ ਮਾਨਸਿਕ ਪ੍ਰੇਸ਼ਾਨੀ ਸੰਬੰਧੀ ਜਾਣਕਾਰੀ ਦਿੱਤੀ ਜਾ ਸਕੇ। ਆਗੂਆਂ ਨੇ ਭਰਾਤਰੀ ਜਥੇਬੰਦੀਆਂ ਨੂੰ ਪੁਰਜੋਰ ਸਾਥ ਦੇਣ ਦੀ ਅਪੀਲ ਕੀਤੀ। ਇਸ ਸਮੇਂ ਜ਼ਿਲ੍ਹਾ ਕਮੇਟੀ ਦੇ ਨਾਲ ਨਾਲ ਸਮੂਹ ਬਲਾਕ ਪ੍ਰਧਾਨ ਹਾਜਰ ਸਨ।