‘ਕਿਸੇ ਕੋਲੋਂ ਘਰ ਖੋਹਣ ਦਾ ਕਿਸੇ ਨੂੰ ਅਧਿਕਾਰ ਨਹੀਂ’! ਭਗਵੰਤ ਮਾਨ ਸਰਕਾਰ ਦੇ ਬੁਲਡੋਜ਼ਰ ਐਕਸ਼ਨ ਖ਼ਿਲਾਫ਼ AAP MP ਹਰਭਜਨ ਸਿੰਘ ਦਾ ਵੱਡਾ ਬਿਆਨ
ਹਰਭਜਨ ਸਿੰਘ ਨੇ ਆਪਣੀ ਸਰਕਾਰ ਦੀ ਬੁਲਡੋਜ਼ਰ ਕਾਰਵਾਈ ‘ਤੇ ਚੁੱਕੇ ਸਵਾਲ
ਪੰਜਾਬ ਨੈੱਟਵਰਕ, ਚੰਡੀਗੜ੍ਹ
ਭਗਵੰਤ ਮਾਨ ਸਰਕਾਰ ਵੱਲੋਂ ਚਲਾਈ ਗਈ ‘ਨਸ਼ਾ ਵਿਰੋਧੀ ਮੁਹਿੰਮ’ ਦੇ ਤਹਿਤ ਕਥਿਤ ਨਸ਼ਾ ਤਸਕਰਾਂ ਦੇ ਘਰਾਂ ‘ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ। ਇਸ ਮੁਹਿੰਮ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਨੇ ਆਪਣੀ ਹੀ ਪਾਰਟੀ ਖਿਲਾਫ ਬਿਆਨ ਦਿੱਤਾ ਹੈ।
ਹਰਭਜਨ ਸਿੰਘ ਨੇ ਕਿਹਾ ਕਿ ਨਸ਼ਾ ਖਤਮ ਕਰਨ ਲਈ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਨੂੰ ਫੜ ਕੇ ਸਜ਼ਾ ਮਿਲਣੀ ਚਾਹੀਦੀ ਹੈ। ਨਸ਼ੇ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਸ਼ੇ ਲੋਕਾਂ ਦੀ ਸਿਹਤ ਲਈ ਬਹੁਤ ਖਤਰਨਾਕ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਕਿਸੇ ਦਾ ਘਰ ਢਾਹੁਣ ਦੇ ਹੱਕ ਵਿੱਚ ਨਹੀਂ ਹਨ।
ਹਰਭਜਨ ਸਿੰਘ ਨੇ ਸਪੱਸ਼ਟ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਘਰ ਪਹਿਲਾਂ ਹੀ ਬਣਿਆ ਹੋਇਆ ਹੈ ਅਤੇ ਉਹ ਛੱਤ ਹੇਠਾਂ ਰਹਿ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਇਹ ਦੇਖਿਆ ਜਾਣਾ ਚਾਹੀਦਾ ਹੈ ਕਿ ਉਹ ਘਰ ਕਿਵੇਂ ਬਣਿਆ ਹੈ। ਜੇਕਰ ਕੋਈ ਘਰ ਗੈਰ-ਕਾਨੂੰਨੀ ਢੰਗ ਨਾਲ ਬਣਿਆ ਹੈ ਤਾਂ ਉਸ ਵਿਰੁੱਧ ਕਾਨੂੰਨ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ, ਪਰ ਮਕਾਨਾਂ ਨੂੰ ਤਬਾਹ ਕਰਨਾ ਸਹੀ ਤਰੀਕਾ ਨਹੀਂ ਹੈ।
ਉਨ੍ਹਾਂ ਸੁਝਾਅ ਦਿੱਤਾ ਕਿ ਜੇਕਰ ਕਿਸੇ ਨੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕੀਤਾ ਹੈ ਤਾਂ ਸਰਕਾਰ ਉਸ ਦੀ ਜ਼ਮੀਨ ਵਾਪਸ ਲੈ ਲਵੇ। ਫਿਰ ਵੀ ਜੇਕਰ ਕਿਸੇ ਨੇ ਘਰ ਬਣਾਇਆ ਹੈ ਤਾਂ ਉਸਨੂੰ ਕਿਤੇ ਹੋਰ ਸ਼ਿਫਟ ਕਰਨ ਲਈ ਸਰਕਾਰ ਨੂੰ ਉਚਿਤ ਪ੍ਰਬੰਧ ਕਰਨੇ ਚਾਹੀਦੇ ਹਨ।