ਪੰਜਾਬ ਸਰਕਾਰ ਦਾ ਗ੍ਰੈਜ਼ੂਏਟ ਪਾਸ ਕੁੜੀਆਂ ਦੇ ਹੱਕ ‘ਚ ਵੱਡਾ ਫ਼ੈਸਲਾ
ਗ੍ਰੈਜੂਏਟ ਪਾਸ ਲੜਕੀਆਂ ਨੂੰ ਮਿਲੇਗੀ ਕੈਟ ਪ੍ਰੀਖਿਆ ਦੀ ਮੁਫ਼ਤ ਕੋਚਿੰਗ
ਪੰਜਾਬ ਨੈੱਟਵਰਕ, ਮੋਗਾ
ਪੰਜਾਬ ਸਰਕਾਰ ਵੱਲੋਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ (ਪੀ ਐਸ ਡੀ ਐਮ) ਰਾਹੀਂ ਸੂਬੇ ਦੀਆਂ ਗ੍ਰੈਜ਼ੂਏਟ ਕੁੜੀਆਂ ਨੂੰ ਕੈਟ (ਕਾਮਨ ਐਡਮਿਸ਼ਨ ਟੈਸਟ) ਪ੍ਰੀਖਿਆ ਦੀ ਮੁਫ਼ਤ ਕੋਚਿੰਗ ਦਿਵਾਉਣ ਦਾ ਫੈਸਲਾ ਕੀਤਾ ਗਿਆ ਹੈ। ਪੀ ਐਸ ਡੀ ਐਮ ਵੱਲੋਂ ਇਸ ਸਬੰਧੀ ਗੈਰ ਸਰਕਾਰੀ ਸੰਸਥਾ ‘ ਪ੍ਰਯਾਸ ‘ ਦੇ ਸਹਿਯੋਗ ਨਾਲ ਯੋਗ ਉਮੀਦਵਾਰਾਂ ਦੀ ਚੋਣ ਲਈ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਵੱਖ ਵੱਖ ਵਿਦਿਅਕ ਅਦਾਰਿਆਂ ਵਿੱਚ ਜਾ ਕੇ ਬੀ ਬੀ ਏ, ਬੀ ਏ ਅਤੇ ਬੀਟੈਕ ਵਿਦਿਆਰਥਣਾਂ ਦੀ ਕਾਊਂਸਲਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਸੰਸਥਾ ‘ ਪ੍ਰਯਾਸ ‘ ਵੱਲੋਂ ਯੋਗਤਾ ਟੈਸਟ 30 ਮਾਰਚ ਨੂੰ ਲਿਆ ਜਾਵੇਗਾ। ਜਿਸ ਵਿਚ ਸਫ਼ਲ ਰਹਿਣ ਵਾਲੇ ਉਮੀਦਵਾਰਾਂ ਨੂੰ 9 ਮਹੀਨੇ ਦੀ ਆਨਲਾਈਨ ਅਤੇ ਆਫ਼ਲਾਈਨ ਮੁਫ਼ਤ ਕੋਚਿੰਗ ਮੁਹਈਆ ਕਰਵਾਈ ਜਾਵੇਗੀ। ਕੈਟ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਮੀਦਵਾਰ ਆਪਣੇ ਪਸੰਦ ਦੀ ਸੰਸਥਾ ਵਿਚ ਐੱਮ ਬੀ ਏ ਕਰ ਸਕਣਗੇ।
ਉਹਨਾਂ ਦੱਸਿਆ ਕਿ CAT (ਕਾਮਨ ਐਡਮਿਸ਼ਨ ਟੈਸਟ) ਭਾਰਤ ਵਿੱਚ ਪੋਸਟ ਗ੍ਰੈਜੂਏਟ ਮੈਨੇਜਮੈਂਟ ਪ੍ਰੋਗਰਾਮਾਂ, ਖਾਸ ਕਰਕੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (IIM) ਵਰਗੇ ਚੋਟੀ ਦੇ ਭਾਰਤੀ ਬੀ-ਸਕੂਲਾਂ ਵਿੱਚ ਐੱਮ ਬੀ ਏ (MBA) ਪ੍ਰੋਗਰਾਮਾਂ ਵਿੱਚ ਦਾਖਲੇ ਲਈ ਇੱਕ ਰਾਸ਼ਟਰੀ ਪੱਧਰ ਦੀ ਪ੍ਰਵੇਸ਼ ਪ੍ਰੀਖਿਆ ਹੈ। ਇੱਛੁਕ ਉਮੀਦਵਾਰ ਇਸ ਲਿੰਕ https://bit.ly/Punjab100_CAT25
ਉੱਤੇ ਅਪਲਾਈ ਕਰ ਸਕਦੇ ਹਨ।
ਉਹਨਾਂ ਕਿਹਾ ਕਿ ਮੁਫ਼ਤ ਕੋਚਿੰਗ ਲਈ ਕੁੜੀਆਂ ਦਾ ਗ੍ਰੈਜੂਏਸ਼ਨ ਹੋਣਾ ਜਾਂ ਫਾਈਨਲ ਸਾਲ ਦੇ ਪੇਪਰ ਦਿੱਤੇ ਹੋਣਾ ਲਾਜ਼ਮੀ ਹੈ। ਇਸੇ ਤਰ੍ਹਾਂ ਪੰਜਾਬ ਵਾਸੀ ਹੋਣਾ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗ ਨਾਲ ਸਬੰਧਤ ਹੋਣਾ ਵੀ ਜ਼ਰੂਰੀ ਹੈ। ਇਸ ਪ੍ਰੋਗਰਾਮ ਬਾਰੇ ਵਧੇਰੀ ਜਾਣਕਾਰੀ ਲਈ 9465159813 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੋਗਾ ਦੀਆਂ ਵੱਧ ਤੋਂ ਵੱਧ ਕੁੜੀਆਂ ਨੂੰ ਲਾਭ ਦਿਵਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਲਈ ਉਹਨਾਂ ਨੇ ਕਾਲਜਾਂ ਅਤੇ ਹੋਰ ਅਦਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਕੇ ਕਾਊਂਸਲਿੰਗ ਕਰਵਾਉਣ ਤਾਂ ਜੋ ਵੱਧ ਤੋਂ ਵੱਧ ਕੁੜੀਆਂ ਨੂੰ ਇਸ ਪਹਿਲ ਦਾ ਲਾਭ ਮਿਲ ਸਕੇ।