All Latest NewsNews FlashPunjab News

Punjab News: ਬਨੇਗਾ ਵਲੰਟੀਅਰਾਂ ਨੇ 23 ਮਾਰਚ ਸ਼ਹੀਦੀ ਦਿਹਾੜੇ ਮੌਕੇ ‘ਬਨੇਗਾ ਵਲੰਟੀਅਰ ਮਨੁੱਖੀ ਕੜੀ’ ਬਣਾਈ

 

Punjab News: ਖੁਸ਼ਹਾਲ ਸਮਾਜ ਦੀ ਉਸਾਰੀ ਲਈ ਸ਼ਹੀਦਾਂ ਦੀ ਵਿਚਾਰਧਾਰਾ ਸਦਾ ਰਾਹ ਦਸੇਰਾ ਹੈ: ਛਾਂਗਾ ਰਾਏ, ਸੁਖਵਿੰਦਰ ਮਲੌਟ

ਕਿਸਾਨਾਂ ਤੇ ਅਤਿਆਚਾਰ ਅਤੇ ਨਸ਼ਾ ਰੋਕੋ ਮੁਹਿੰਮ ਦੀ ਆੜ ਵਿੱਚ ਨਜਾਇਜ ਉਜਾੜੇ ਦੀ ਨਿਖੇਧੀ

ਰਣਬੀਰ ਕੌਰ ਢਾਬਾਂ, ਹੁਸੈਨੀਵਾਲਾ/ਫਿਰੋਜ਼ਪੁਰ

Punjab News: 23 ਮਾਰਚ ਦੇ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਵੱਲੋਂ ‘ਬਨੇਗਾ ਪ੍ਰਾਪਤੀ ਮੁਹਿੰਮ’ ਦੇ ਬੈਨਰ ਹੇਠ ਹਰ ਇਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਕਾਨੂੰਨ ਬਨੇਗਾ ਭਾਵ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਜਿਸ ਅਨੁਸਾਰ ਹਰ ਇਕ ਨੂੰ (ਜੋ ਚਾਹੁੰਦਾ ਹੈ) ਉਹਦੀ ਯੋਗਤਾ ਅਨੁਸਾਰ ਕੰਮ ਅਤੇ ਕੰਮ ਅਨੁਸਾਰ ਤਨਖਾਹ ਅਣ-ਸਿੱਖਿਅਤ ਨੂੰ 30,000/-,ਅਰਧ -ਸਿੱਖਿਅਤ ਨੂੰ 35,000/-, ਸਿੱਖਿਅਤ ਨੂੰ 45,000/- ਅਤੇ ਉੱਚ -ਸਿੱਖਿਅਤ ਨੂੰ 60,000/- ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦੀ ਗਰੰਟੀ ਹੋਵੇ ਅਤੇ ਜ਼ੇਕਰ ਸਰਕਾਰ ਇਕ ਸਾਲ ਦੇ ਅੰਦਰ ਕੰਮ ਦੇਣ ਵਿੱਚ ਅਸਫਲ ਹੈ ਤਾਂ ਉਕਤ ਤਨਖਾਹ ਦਾ ਅੱਧਾ ਹਿੱਸਾ ਕੰਮ ਇੰਤਜ਼ਾਰ ਭੱਤਾ ਲਾਜ਼ਮੀ ਹੋਵੇ।

ਬਨੇਗਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਅਤੇ ਨਵਾਂ ਰੁਜ਼ਗਾਰ ਪੈਦਾ ਕਰਨ ਲਈ ‘ਕੰਮ ਦਿਹਾੜੀ ਦੀ ਕਾਨੂੰਨੀ ਸੀਮਾ 6 ਘੰਟੇ ਹੋਵੇ’, ਹਰ ਇਕ ਲਈ ਮੁਫ਼ਤ ਅਤੇ ਲਾਜ਼ਮੀ ਵਿਗਿਆਨਕ ਸਿੱਖਿਆ, ਮੁਫ਼ਤ ਸਿਹਤ ਸਹੂਲਤਾਂ, ਵਾਤਾਵਰਣ ਅਤੇ ਪਾਣੀਆਂ ਦੀ ਸੰਭਾਲ, ਚੰਗੀ ਉਸਾਰੂ ਖੇਡ ਨੀਤੀ ਅਤੇ ਮਨੁੱਖਾ ਸ਼ਕਤੀ ਦੀ ਮੁਕੰਮਲ ਯੋਜਨਾਬੰਦੀ ਆਦਿ ਦੀ ਪ੍ਰਾਪਤੀ ਲਈ ਇਥੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਸਮਾਰਕ ਤੇ ਸਿਜਦਾ ਕਰਨ ਉਪਰੰਤ ਸ਼ਹੀਦ ਭਗਤ ਸਿੰਘ ਦੀ ਫੋਟੋ ਵਾਲੀ ਬਨੇਗਾ ਟੀ ਸ਼ਰਟ ਪਹਿਨੇ ਬਨੇਗਾ ਵਲੰਟੀਅਰਾਂ ਵੱਲੋਂ ‘ਬਨੇਗਾ ਵਲੰਟੀਅਰ ਮਨੁੱਖੀ ਕੜੀ’ ਬਣਾਈ ਗਈ ਅਤੇ ਸ਼ਹੀਦਾਂ ਦੀ ਵਿਚਾਰਧਾਰਾ ਨਾਲ ਸੰਬੰਧਤ ਦੁਵਰਕੀ ਵੰਡ ਕੇ ਪ੍ਰਚਾਰ ਕੀਤਾ ਗਿਆ।

ਇਸ ਪ੍ਰੋਗਰਾਮ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੀ ਸੂਬਾ ਪ੍ਰਧਾਨ ਕਰਮਵੀਰ ਕੌਰ ਬੱਧਣੀ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਧਰਮੂਵਾਲਾ, ਜਗਵਿੰਦਰ ਕਾਕਾ ਨੇ ਕੀਤੀ। ਇਸ ਮੌਕੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਨੇ ਕਿਹਾ ਕਿ ਮਹਾਨ ਸ਼ਹੀਦਾਂ ਦੀ ਵਿਚਾਰਧਾਰਾ ਅੱਜ ਵੀ ਸਾਡੇ ਲਈ ਰਾਹ ਦਸੇਰਾ ਹੈ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਬਣਾਉਣ ਲਈ ਸਾਨੂੰ ਇਹਨਾਂ ਮਹਾਨ ਸ਼ਹੀਦਾਂ ਦੀ ਵਿਚਾਰਧਾਰਾ ਤੋਂ ਅਗਵਾਈ ਲੈਣੀ ਚਾਹੀਦੀ ਹੈ।

ਸੂਬਾ ਸਕੱਤਰ ਨੇ ਅੱਗੇ ਕਿਹਾ ਕਿ ਮਹਾਨ ਸ਼ਹੀਦਾਂ ਦੀ ਸ਼ਹਾਦਤ ਦੇ 95 ਸਾਲ ਬਾਅਦ ਵੀ ਸ਼ਹੀਦਾਂ ਦੇ ਸੁਪਨੇ ਅਜੇ ਅਧੂਰੇ ਹਨ। ਸਮੇਂ ਸਮੇਂ ਦੇਸ਼ ਵਿੱਚ ਬਣੀਆਂ ਸਰਕਾਰਾਂ ਨੇ ਫੁੱਲ ਮਾਲਾਵਾਂ ਤੋਂ ਇਲਾਵਾ ਇਹਨਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਪਾਇਆ ਸਗੋਂ ਇਹਨਾਂ ਦਾ ਨਾਮ ਵਰਤ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਨੌਜਵਾਨਾਂ ਦੇ ਸੂਬਾਈ ਆਗੂ ਨੇ ਕਿਹਾ ਕਿ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਬਨੇਗਾ ਪ੍ਰਾਪਤੀ ਮੁਹਿੰਮ ਰਾਹੀਂ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਬਣਾਉਣ ਲਈ ਪ੍ਰਣ ਕੀਤਾ ਹੋਇਆ ਹੈ ਅਤੇ ਲਗਾਤਾਰ ਸਰਗਰਮੀ ਕੀਤੀ ਜਾ ਰਹੀ ਹੈ।

ਇਸ ਮੌਕੇ ਵਿਦਿਆਰਥੀਆਂ ਦੇ ਸੂਬਾ ਸਕੱਤਰ ਸੁੱਖਵਿੰਦਰ ਮਲੌਟ ਨੇ ਕਿਹਾ ਕਿ ਰੁਜਗਾਰ ਪ੍ਰਾਪਤੀ ਮੁਹਿੰਮ ਵੱਲੋਂ ਅੱਜ ਤੋਂ 11 ਸਾਲ ਪਹਿਲਾਂ ਇਸੇ ਇਤਿਹਾਸਕ ਸਥਾਨ ਤੋਂ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ (ਬਨੇਗਾ ) ਦੀ ਸ਼ੁਰੂਆਤ ਕੀਤੀ ਗਈ ਜਿਸ ਨੇ ਥੋੜੇ ਜਿਹੇ ਸਮੇਂ ਵਿੱਚ ਹੀ ਪੂਰੇ ਦੇਸ਼ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ। ਹਰ ਇੱਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਬਨੇਗਾ ਪ੍ਰੋਗਰਾਮ ਨੇ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੀ ਜਵਾਨੀ ਲਈ ਉਮੀਦ ਜਗਾਈ ਹੈ।

ਉਹਨਾਂ ਅੱਗੇ ਕਿਹਾ ਕਿ ਅੱਜ ਬਨੇਗਾ ਵਲੰਟੀਅਰਾਂ ਵੱਲੋਂ ਬਣਾਈ ਇਹ ਮਨੁੱਖੀ ਕੜੀ ਹਰ ਇੱਕ ਬੇਰੁਜ਼ਗਾਰ ਨੂੰ ਸੱਦਾ ਦਿੰਦੀ ਹੈ ਕਿ ਬੇਰੁਜ਼ਗਾਰੀ ਅਤੇ ਮੁਸ਼ਕਿਲਾਂ ਦੀ ਲੰਬੀ ਕੜੀ ਨੂੰ ਤੋੜਨ ਲਈ ਸਾਂਝੇ ਹਿੱਤਾਂ ਦੇ ਹੱਥਾਂ ਚ ਹੱਥ ਪਾ ਕੇ ਮਜ਼ਬੂਤ ਕਦੇ ਨਾਂ ਟੁੱਟਣ ਵਾਲੀ ਮਨੁੱਖੀ ਕੜੀ ਸਮੇਂ ਦੀ ਅਨਸਰਦੀ ਲੋੜ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਬਨੇਗਾ ਪ੍ਰਾਪਤੀ ਮੁਹਿੰਮ ਵੱਲੋਂ ਰੁਜ਼ਗਾਰ ਅਤੇ 6 ਘੰਟੇ ਦੀ ਕੰਮ ਦਿਹਾੜੀ ਦੀ ਪ੍ਰਾਪਤੀ ਲਈ ਹਰ ਮਹੀਨਾ ਜਿਲ੍ਹਾ ਹੈਡ ਕੁਆਰਟਰਾਂ ਅਤੇ ਤਹਿਸੀਲ ਦਫਤਰਾਂ ਅੱਗੇ ਮਹੀਨਾਵਾਰ ਬਨੇਗਾ ਐਕਸ਼ਨ ਡੇਅ ਕੀਤਾ ਜਾਂ ਰਿਹਾ ਹੈ ਜੋ ਹੁਣ 28 ਮਾਰਚ ਨੂੰ ਕੀਤਾ ਜਾਣਾ ਹੈ ਅਤੇ ਇਹ ਐਕਸ਼ਨ ਜਿੱਤ ਪ੍ਰਾਪਤੀ ਤੱਕ ਜਾਰੀ ਰਹੇਗਾ।

ਇਸ ਮੌਕੇ ਆਗੂਆਂ ਨੇ ਸਮੂਹਿਕ ਰੂਪ ਵਿੱਚ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਅਤਿਆਚਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਪਾਸੇ ਮੀਟਿੰਗ ਲਈ ਸੱਦਾ ਦਦੇ ਕੇ ਦੂਜੇ ਪਾਸੇ ਕਿਸਾਨਾਂ ਨੂੰ ਜਬਰੀ ਮੋਰਚੇ ਤੋਂ ਗ੍ਰਿਫਤਾਰ ਕਰਕੇ ਕਿਸਾਨਾਂ ਨਾਲ ਵਿਸ਼ਵਾਸ ਘਾਤ ਕੀਤਾ। ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਪੂਰੀਆਂ ਕਰਨਾ ਚਾਹੀਦਾ ਹੈ ਅਤੇ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ।

ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਿਆਂ ਖਿਲਾਫ ਮੁਹਿੰਮ ਤੇ ਸ਼ੱਕ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਨਸ਼ੇ ਰੋਕਣ ਦੀ ਆੜ੍ਹ ਵਿੱਚ ਨਜਾਇਜ਼ ਉਜਾੜ੍ਹਾ ਕੀਤਾ ਜਾਂ ਰਿਹਾ ਹੈ ਜੋ ਗਲਤ ਹੈ। ਆਗੂਆਂ ਨੇ ਅੱਗੇ ਕਿਹਾ ਕਿ ਇਹ ਮੁਹਿੰਮ ਤਾਂ ਹੀ ਸਾਰਥਕ ਹੈ ਜ਼ੇਕਰ ਨਸ਼ੇ ਨੂੰ ਵੱਡੇ ਪੱਧਰ ਤੇ ਸਪਲਾਈ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਫੜ੍ਹ ਕੇ ਅੰਦਰ ਕੀਤਾ ਜਾਵੇ ਅਤੇ ਉਹਨਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ। ਉਹ ਸ਼ੱਕ ਪ੍ਰਗਟ ਕਰਦਿਆਂ ਕਿਹਾ ਇਸ ਮੁਹਿੰਮ ਵਿੱਚ ਸਿਰਫ ਨਸ਼ੇ ਦੇ ਆਦੀ ਲੋਕਾਂ ਤੇ ਹੀ ਕਾਰਵਾਈ ਹੋ ਰਹੀ ਹੈ ਮੁੱਖ ਸਰਗਣੇ ਅਜੇ ਵੀ ਸ਼ਰੇਆਮ ਆਪਣਾ ਕਾਰੋਬਾਰ ਕਰ ਰਹੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬੋਹੜ੍ਹ ਬੁੱਟਰ, ਇੰਦਰਜੀਤ ਦੀਨਾ, ਸੁੱਖ ਮਹੇਸਰੀ, ਰਾਜੂ ਮਹੇਸਰੀ, ਲਵਪ੍ਰੀਤ ਬੱਧਣੀ, ਵੀਨਾ ਰਾਣੀ ਛਾਂਗਾ ਰਾਏ, ਚਰਨਜੀਤ ਸਿੰਘ ਚਮੇਲੀ, ਅੰਜੂ ਰਾਜੋਵਾਲਾ, ਕੁਲਵਿੰਦਰ ਰੁਮਾਣਾ, ਗੁਰਚਰਨ ਢਿੱਲਵਾਂ, ਕੁਲਬੀਰ ਮਹੇਸਰੀ, ਪਰਮਜੀਤ ਵਿੱਕੀ ਮੋਗਾ, ਪਰਮਿੰਦਰ ਰਹਿਮੇਸ਼ਾਹ, ਸੰਦੀਪ ਜੋਧਾ, ਗੁਰਭੇਜ ਸਿੰਘ ਮੁਕਤਸਰ, ਸਟਾਲਿਨ ਲਮੋਚੜ, ਧਰਮਿੰਦਰ ਰਹਿਮੇਸ਼ਾਹ, ਸੁਰਿੰਦਰ ਬਾਹਮਣੀ, ਅਸ਼ੋਕ ਢਾਬਾਂ, ਰਾਜੂ ਛਿੱਲੀਆਂ, ਆਦਿ ਨੇ ਵੀ ਸ਼ਮੂਲੀਅਤ ਕੀਤੀ।

 

Leave a Reply

Your email address will not be published. Required fields are marked *