ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਫ਼ਰਜ਼ੀ ਵਿਦਿਆਰਥੀਆਂ ਦੇ ਦਾਖ਼ਲੇ! ਵਿਜੀਲੈਂਸ ਅਤੇ ਸਾਈਬਰ ਸੈੱਲ ਤੋਂ ਜਾਂਚ ਦੀ ਹੋਈ ਮੰਗ
ਜ਼ਾਅਲੀ ਦਾਖਲਿਆਂ ਦੇ ਮਸਲੇ ‘ਤੇ ਕਾਰਵਾਈ ਨਾ ਹੋਣ ‘ਤੇ ਡੀ.ਟੀ.ਐੱਫ. ਵੱਲੋਂ ਰੋਸ ਧਰਨੇ ਦਾ ਐਲਾਨ
ਪੰਜਾਬ ਨੈੱਟਵਰਕ, ਸੰਗਰੂਰ
ਸੰਗਰੂਰ ਜ਼ਿਲ੍ਹੇ ਵਿੱਚ ਈਟੀਟੀ ਤੋਂ ਹੈੱਡ ਟੀਚਰਾਂ ਦੀਆਂ ਤਰੱਕੀਆਂ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਆਨਲਾਈਨ ਪੋਰਟਲ ਉੱਤੇ ਵਿਦਿਆਰਥੀਆਂ ਦੇ ਫਰਜ਼ੀ ਦਾਖਲੇ ਕਰਕੇ ਉਹਨਾਂ ਉੱਤੇ ਆਪਣੇ ਚਹੇਤਿਆਂ ਨੂੰ ਫਿੱਟ ਕਰਨ ਦੇ ਗੰਭੀਰ ਭ੍ਰਿਸ਼ਟਾਚਾਰ ਦੇ ਮਾਮਲੇ ਉੱਤੇ ਸ਼ਿਕਾਇਤਾਂ ਹੋਈਆਂ ਤੋਂ ਲਗਭਗ ਤਿੰਨ ਮਹੀਨਿਆਂ ਬਾਅਦ ਵੀ ਕੋਈ ਕਰਵਾਈ ਨਾ ਹੋਣ ‘ਤੇ ਡੀ.ਟੀ.ਐੱਫ. ਦੀ ਸੰਗਰੂਰ ਇਕਾਈ ਵੱਲੋਂ 1 ਅਪ੍ਰੈਲ ਨੂੰ ਡੀ.ਈ.ਓ. ਐਲੀਮੈਂਟਰੀ ਸੰਗਰੂਰ ਦੇ ਵਿਰੁੱਧ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਨੇ ਦੱਸਿਆ ਕਿ ਉਹਨਾਂ ਨੇ ਡੀ.ਈ.ਓ. ਨੂੰ ਅੱਜ ਇਸ ਸਬੰਧੀ ਅਗਾਊਂ ਲਿਖਤੀ ਸੂਚਨਾ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਇੱਕ ਵੱਡੇ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਜੋ ਕਿ ਸਾਰੇ ਜ਼ਿਲ੍ਹੇ ਵਿੱਚ ਫੈਲਿਆ ਹੋਇਆ ਹੈ। ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦੀ ਇੰਚਾਰਜ ਅਧਿਆਪਕਾ ਵੱਲੋਂ ਡੀ.ਈ.ਓ. ਨੂੰ ਲਿਖਤੀ ਸ਼ਿਕਾਇਤ ਦੇ ਕੇ ਬੀ.ਪੀ.ਈ.ਓ. ਉੱਤੇ ਫਰਜ਼ੀ ਵਿਦਿਆਰਥੀ ਦਾਖਲ ਕਰਨ ਦਾ ਆਰੋਪ ਲਗਾਇਆ ਗਿਆ ਸੀ।
ਇਸੇ ਤਰ੍ਹਾਂ ਇੱਕ ਹੋਰ ਸਕੂਲ ਵਿੱਚ ਫਰਜ਼ੀ ਵਿਦਿਆਰਥੀਆਂ ਦੇ ਦਸੰਬਰ ਦੀਆਂ ਛੁੱਟੀਆਂ ਵਿੱਚ ਦਾਖਲ ਕੀਤੇ ਗਏ। ਪ੍ਰੰਤੂ ਇਹਨਾਂ ਮਸਲਿਆਂ ਉੱਤੇ ਡੀ.ਈ.ਓ. ਵੱਲੋਂ ਜਾਂਚ ਨੂੰ ਸਹੀ ਤਰੀਕੇ ਨਾਲ ਅੱਗੇ ਨਹੀਂ ਵਧਾਇਆ ਜਾ ਰਿਹਾ ਬਲਕਿ ਉਸ ਵੱਲੋਂ ਅਤੇ ਜਾਂਚ ਅਧਿਕਾਰੀਆਂ ਵੱਲੋਂ ਬਹੁਤ ਸਾਰੀਆਂ ਬੇਨਿਯਮੀਆਂ ਸ਼ਰੇਆਮ ਕੀਤੀਆਂ ਜਾ ਰਹੀਆਂ ਹਨ।
ਆਗੂਆਂ ਨੇ ਦੱਸਿਆ ਕਿ ਇਹ ਫਰਜ਼ੀ ਦਾਖਲੇ ਇਸ ਲਈ ਕੀਤੇ ਗਏ ਤਾਂ ਕਿ ਇਹਨਾਂ ਸਕੂਲਾਂ ਵਿੱਚ ਹੈੱਡ ਟੀਚਰ ਦੀ ਅਸਾਮੀ ਮਨਜ਼ੂਰ ਕਰਵਾਈ ਜਾ ਸਕੇ ਅਤੇ ਜ਼ਿਲ੍ਹੇ ਵਿੱਚ ਹੋ ਰਹੀਆਂ ਈਟੀਟੀ ਤੋਂ ਹੈੱਡ ਟੀਚਰਾਂ ਦੀਆਂ ਪ੍ਰਮੋਸ਼ਨਾਂ ਦੌਰਾਨ ਆਪਣੇ ਚਹੇਤੇ ਅਧਿਆਪਕ ਨੂੰ ਉਸਦੇ ਘਰ ਨੇੜੇ ਇਹਨਾਂ ਸਟੇਸ਼ਨਾਂ ਉੱਤੇ ਫਿੱਟ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਪ੍ਰਾਇਮਰੀ ਸਕੂਲਾਂ ਵਿੱਚ ਹੈੱਡ ਟੀਚਰ ਦੀ ਅਸਾਮੀ ਉਦੋਂ ਬਣਦੀ ਹੈ ਜਦੋਂ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ 60 ਤੋਂ ਵੱਧ ਹੋਵੇ। ਜਥੇਬੰਦੀ ਦੀ ਜ਼ਿਲ੍ਹਾ ਕਮੇਟੀ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸੰਗਰੂਰ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਗਈ।
ਸੂਬਾ ਕਮੇਟੀ ਵੱਲੋਂ ਵੀ ਇਹ ਸ਼ਿਕਾਇਤ ਸਿੱਖਿਆ ਮੰਤਰੀ ਨੂੰ ਕੀਤੀ ਗਈ। ਉਸ ਤੋਂ ਬਾਅਦ ਜ਼ਿਲ੍ਹਾ ਕਮੇਟੀ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ,ਮੁੱਖ ਮੰਤਰੀ ਪੰਜਾਬ ਦੇ ਨਾਂ ਇਹ ਸ਼ਿਕਾਇਤ ਭੇਜੀ ਗਈ। ਜਥੇਬੰਦੀ ਦੀ ਸੂਬਾ ਕਮੇਟੀ ਸਿੱਖਿਆ ਮੰਤਰੀ ਦੇ ਓ.ਐੱਸ.ਡੀ. ਨੂੰ ਵੀ ਇਸ ਮਾਮਲੇ ਉੱਤੇ ਮਿਲੀ। ਪ੍ਰੰਤੂ ਇਹਨਾਂ ਸ਼ਿਕਾਇਤਾਂ ਹੋਈਆਂ ਨੂੰ ਅੱਜ ਤਿੰਨ ਮਹੀਨੇ ਦੇ ਕਰੀਬ ਦਾ ਸਮਾਂ ਹੋ ਜਾਣ ਦੇ ਬਾਅਦ ਵੀ ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ ਹੈ।
ਜਥੇਬੰਦੀ ਨੂੰ ਖਦਸ਼ਾ ਹੈ ਕਿ ਅੰਦਰ ਖਾਤੇ ਇਸ ਮਾਮਲੇ ਨੂੰ ਰਫਾ-ਦਫਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ ਅਤੇ ਪ੍ਰੈਸ ਸਕੱਤਰ ਜਸਬੀਰ ਨਮੋਲ ਨੇ ਕਿਹਾ ਕਿ ਇਹ ਬਹੁਤ ਵੱਡੇ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਜਿਸ ਵਿੱਚ ਜਿੱਥੇ ਵੱਡੇ ਪੱਧਰ ‘ਤੇ ਰਿਸ਼ਵਤਖੋਰੀ ਹੋਣ ਦਾ ਅੰਦੇਸ਼ਾ ਹੈ ਉੱਥੇ ਜਾਅਲੀ ਅਸਾਮੀਆਂ ਬਣਾ ਕੇ ਸਰਕਾਰੀ ਖਜਾਨੇ ਨੂੰ ਵੱਡਾ ਚੂਨਾ ਵੀ ਲਗਾਇਆ ਗਿਆ ਹੈ।
ਵਿੱਤ ਸਕੱਤਰ ਯਾਦਵਿੰਦਰ ਪਾਲ ਨੇ ਕਿਹਾ ਕਿ ਜਥੇਬੰਦੀ ਵੱਲੋਂ ਅੱਜ ਰੋਸ ਧਰਨੇ ਦਾ ਲਿਖਤੀ ਨੋਟਿਸ ਦੇਣ ਸਮੇਂ ਡੀ.ਈ.ਓ. ਤੋਂ ਇਸ ਮਾਮਲੇ ਦੀ ਮੌਜੂਦਾ ਸਥਿਤੀ ਜਾਨਣ ਅਤੇ ਇਸ ਜਾਂਚ ਦੌਰਾਨ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਸਬੰਧੀ ਗੱਲ ਕੀਤੀ ਤਾਂ ਡੀ.ਈ.ਓ. ਤੇ ਡਿਪਟੀ ਡੀ.ਈ.ਓ. ਨੇ ਪੂਰੀ ਤਰ੍ਹਾਂ ਆਪਣਾ ਮੂੰਹ ਬੰਦ ਰੱਖਿਆ ਅਤੇ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਜੋ ਜਿੱਥੇ ਇਹਨਾਂ ਅਧਿਕਾਰੀਆਂ ਦੀ ਇਸ ਮਾਮਲੇ ਵਿੱਚ ਸ਼ੱਕੀ ਭੂਮਿਕਾ ਨੂੰ ਪੱਕਾ ਕਰਦਾ ਹੈ ਉੱਥੇ ਉਹਨਾਂ ਦੀ ਮਨਸ਼ਾ ਉੱਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਜਥੇਬੰਦੀ ਨੇ ਲਿਖਤੀ ਨੋਟਿਸ ਵਿੱਚ ਮੰਗ ਕੀਤੀ ਕਿ ਡੀ.ਈ.ਓ. ਇਸ ਮਾਮਲੇ ਵਿੱਚ ਤੁਰੰਤ ਜਾਂਚ ਅਧਿਕਾਰੀ ਬਦਲ ਕੇ ਮੁੱਢਲੀ ਜਾਂਚ ਪੂਰੀ ਕਰਕੇ ਦੋਸ਼ੀਆਂ ਨੂੰ ਦੋਸ਼ ਸੂਚੀਆਂ ਜਾਰੀ ਕੀਤੀਆਂ ਜਾਣ,ਆਰੋਪੀ ਬੀ.ਪੀ.ਈ.ਓ. ਦੀ ਇੱਥੋਂ ਬਦਲੀ ਲਈ ਲਿਖਿਆ ਜਾਵੇ, ਸਬੂਤ ਮਿਟਾਉਣ ਵਾਲੇ ਜਾਂਚ ਅਧਿਕਾਰੀ ਵਿਰੁੱਧ ਵਿਭਾਗੀ ਕਰਵਾਈ ਆਰੰਭੀ ਜਾਵੇ, ਸਬੂਤ ਮਿਟਾਉਣ ਦੀ ਅਰਜ਼ੀ ਸਾਈਬਰ ਅਪਰਾਧ ਵਿਭਾਗ ਨੂੰ ਭੇਜੀ ਜਾਵੇ ਅਤੇ ਫਰਜ਼ੀ ਦਾਖਲਿਆਂ ਦੇ ਮਸਲੇ ਦੀ ਸਾਈਬਰ ਅਤੇ ਵਿਜੀਲੈਂਸ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਜਥੇਬੰਦੀ 01 ਅਪ੍ਰੈਲ ਨੂੰ ਡੀ.ਈ.ਓ. ਵਿਰੁੱਧ ਰੋਸ ਧਰਨਾ ਲਗਾਵੇਗੀ ਅਤੇ ਅੱਗੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਉਕਤ ਆਗੂਆਂ ਤੋਂ ਇਲਾਵਾ ਗਗਨਦੀਪ ਧੂਰੀ,ਜਗਤਾਰ ਲੌਂਗੋਵਾਲ ਅਤੇ ਜਗਦੀਪ ਸਿੰਘ ਮੌਜੂਦ ਸਨ।