ਵੱਡੀ ਖ਼ਬਰ: ਪੰਜਾਬ ਪੁਲਿਸ ਦੇ ਮੁਲਾਜ਼ਮਾਂ ਲਈ ਡਰੈੱਸ ਕੋਡ ਜਾਰੀ! ਹੁਣ ਅਜਿਹੇ ਕੱਪੜੇ ਨਹੀਂ ਪਾ ਸਕਣਗੇ ਮੁਲਾਜ਼ਮ
ਪੰਜਾਬ ਪੁਲਿਸ ਨੇ ਸਿਵਲ ਪਹਿਰਾਵੇ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ, ਲੁਧਿਆਣਾ ਕਮਿਸ਼ਨਰ ਦੀਆਂ ਹਦਾਇਤਾਂ
ਲੁਧਿਆਣਾ:
ਪੰਜਾਬ ਪੁਲਿਸ ਨੇ ਆਪਣੇ ਮੁਲਾਜ਼ਮਾਂ ਦੇ ਸਿਵਲ ਪਹਿਰਾਵੇ ਨੂੰ ਲੈ ਕੇ ਸਖ਼ਤ ਰੁਖ ਅਪਣਾਇਆ ਹੈ। ਲੁਧਿਆਣਾ ਦੇ ਕਮਿਸ਼ਨਰ ਪੁਲਿਸ ਵੱਲੋਂ ਜਾਰੀ ਇੱਕ ਪੱਤਰ ਵਿੱਚ ਨਵੇਂ ਹੁਕਮ ਜਾਰੀ ਕੀਤੇ ਗਏ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਦਫਤਰ ਵਿੱਚ ਤਾਇਨਾਤ ਪੁਲਿਸ ਕਰਮਚਾਰੀਆਂ ਅਤੇ ਕਰਮਚਾਰਨਾਂ ਦਾ ਸਿਵਲ ਕੱਪੜਿਆਂ ਵਿੱਚ ਪਹਿਰਾਵਾ ਸਹੀ ਨਹੀਂ ਹੈ।
ਪੱਤਰ ਅਨੁਸਾਰ, ਕਈ ਪੁਲਿਸ ਕਰਮਚਾਰੀ ਦਫਤਰ ਵਿੱਚ ਜੀਨ, ਟੀ-ਸ਼ਰਟ, ਸਪੋਰਟਸ ਬੂਟ ਅਤੇ ਇਸ ਤਰ੍ਹਾਂ ਦੇ ਗੈਰ-ਰਸਮੀ ਕੱਪੜੇ ਪਹਿਨ ਕੇ ਆਉਂਦੇ ਹਨ, ਜੋ ਪੁਲਿਸ ਵਿਭਾਗ ਦੀ ਅਨੁਸ਼ਾਸਨੀ ਤਸਵੀਰ ਨੂੰ ਪ੍ਰਭਾਵਿਤ ਕਰਦਾ ਹੈ। ਪੁਲਿਸ ਵਿਭਾਗ ਨੂੰ ਇੱਕ ਅਨੁਸ਼ਾਸ਼ਨੀ ਜਮਾਤ ਦੱਸਦਿਆਂ, ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਅਜਿਹਾ ਪਹਿਰਾਵਾ ਪੁਲਿਸ ਦੀ ਪੇਸ਼ੇਵਰ ਤਸਵੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਇਸ ਸਬੰਧੀ ਸਾਰੇ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਦਫਤਰ ਵਿੱਚ ਰਸਮੀ ਪਹਿਰਾਵੇ ਨੂੰ ਯਕੀਨੀ ਬਣਾਉਣ। ਪੁਰਸ਼ ਕਰਮਚਾਰੀਆਂ ਨੂੰ ਰਸਮੀ ਪੈਂਟ-ਸ਼ਰਟ ਅਤੇ ਮਹਿਲਾ ਕਰਮਚਾਰਨਾਂ ਨੂੰ ਸਲਵਾਰ ਸੂਟ ਸਮੇਤ ਦੁਪੱਟਾ ਪਹਿਨਣ ਦੀ ਹਦਾਇਤ ਦਿੱਤੀ ਗਈ ਹੈ। ਪੱਤਰ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਇਨ੍ਹਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
ਇਸ ਫੈਸਲੇ ਨੂੰ ਪੁਲਿਸ ਵਿਭਾਗ ਦੀ ਪੇਸ਼ੇਵਰਤਾ ਅਤੇ ਅਨੁਸ਼ਾਸਨ ਨੂੰ ਬਰਕਰਾਰ ਰੱਖਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਸ ਨਾਲ ਪੁਲਿਸ ਦੀ ਜਨਤਕ ਤਸਵੀਰ ਨੂੰ ਸੁਧਾਰਨ ਅਤੇ ਵਿਭਾਗ ਦੇ ਅੰਦਰ ਇਕਸਾਰਤਾ ਲਿਆਉਣ ਦੀ ਉਮੀਦ ਕੀਤੀ ਜਾ ਰਹੀ ਹੈ।