ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਦਾ ਵੱਡਾ ਐਲਾਨ! ਸਿੱਖਿਆ ਮੰਤਰੀ ਦੇ ਪਿੰਡ ‘ਚ ਕੱਢਿਆ ਜਾਵੇਗਾ ‘ਚੇਤਾਵਨੀ ਮਾਰਚ’
ਅਧਿਆਪਕ ਜਥੇਬੰਦੀਆਂ ਨੇ ਮਸਲਿਆਂ ਦੇ ਹੱਲ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਰਾਹੀਂ ਸਿੱਖਿਆ ਮੰਤਰੀ ਵੱਲ ਭੇਜਿਆ ‘ਮੰਗ ਪੱਤਰ’
ਮੰਗਾਂ ਹੱਲ ਨਾ ਹੋਣ ‘ਤੇ 18 ਅਪ੍ਰੈਲ ਨੂੰ ਸਿੱਖਿਆ ਮੰਤਰੀ ਦੇ ਪਿੰਡ ਕੱਢਿਆ ਜਾਵੇਗਾ ‘ਚੇਤਾਵਨੀ ਮਾਰਚ’
3704 ਅਤੇ 6635 ਭਰਤੀਆਂ ਦੀ ਰਿਕਾਸਟ ਸੂਚੀ ‘ਚੋਂ ਬਾਹਰ ਕੀਤੇ ਅਧਿਆਪਕਾਂ ਦਾ ਭਵਿੱਖ ਹੋਵੇ ਸੁਰੱਖਿਅਤ
10 ਮਈ ਨੂੰ ਲੁਧਿਆਣਾ (ਪੱਛਮੀ) ਵਿੱਚ ਅਧਿਆਪਕਾਂ ਵੱਲੋਂ ਵਿਸ਼ਾਲ ਰੋਸ ਰੈਲੀ ਦੀ ਚੇਤਾਵਨੀ
ਪੰਜਾਬ ਨੈੱਟਵਰਕ, ਅੰਮ੍ਰਿਤਸਰ:
ਪੰਜਾਬ ਸਰਕਾਰ ਵੱਲੋਂ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਅਧਿਆਪਕਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ-ਮਸਲਿਆਂ ਦਾ ਵਾਜਿਬ ਹੱਲ ਨਾ ਕਰਨ ਦੇ ਨਾਲ-ਨਾਲ ਰੀਕਾਸਟ ਸੂਚੀਆਂ ਦੇ ਨਾਂ ਹੇਠ ਨਵੀਂ ਮੈਰਿਟ ਵਿੱਚੋਂ 3704 ਮਾਸਟਰ ਅਤੇ 6635 ਈ.ਟੀ.ਟੀ ਭਰਤੀਆਂ ਦੇ ਸੈਂਕੜੇ ਅਧਿਆਪਕਾਂ ਨੂੰ ਬਾਹਰ ਕਰਕੇ ਗਹਿਰੀ ਪ੍ਰੇਸ਼ਾਨੀ ਵੱਲ ਧੱਕ ਦਿੱਤਾ ਹੈ।
ਇੱਕ ਜੁੱਟ ਹੋ ਕੇ ਸੰਘਰਸ਼ ਕਰਨ ਦੇ ਫੈਸਲੇ ਤਹਿਤ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ, 6635 ਈ.ਟੀ.ਟੀ. ਟੀਚਰ ਯੂਨੀਅਨ, 4161 ਮਾਸਟਰ ਕਾਡਰ ਯੂਨੀਅਨ ਵੱਲ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਜ਼ਿਲ੍ਹਾ ਅੰਮ੍ਰਿਤਸਰ ਰਾਹੀਂ ਸਿੱਖਿਆ ਮੰਤਰੀ ਪੰਜਾਬ ਸ.ਹਰਜੋਤ ਬੈਂਸ ਵੱਲ ‘ਮੰਗ ਪੱਤਰ’ ਭੇਜੇ ਗਏ ਹਨ। ਮੰਗਾਂ ਦਾ ਵਜ਼ਿਬ ਹੱਲ ਨਾ ਹੋਣ ਦੀ ਸੂਰਤ ਵਿੱਚ 18 ਅਪ੍ਰੈਲ 2025 ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ‘ਚੇਤਾਵਨੀ ਮਾਰਚ’ ਕੱਢਣ ਅਤੇ 10 ਮਈ ਨੂੰ ਲੁਧਿਆਣਾ (ਪੱਛਮੀ) ਹਲਕੇ ਵਿੱਚ ਅਧਿਆਪਕਾਂ ਵੱਲੋਂ ਸੂਬਾ ਪੱਧਰੀ ਵਿਸ਼ਾਲ ਰੋਸ ਰੈਲੀ ਕਰਨ ਦੀ ਚੇਤਾਵਨੀ ਦਿੱਤੀ।
ਇਸ ਮੌਕੇ ਗੱਲਬਾਤ ਕਰਦਿਆਂ ਡੀ.ਟੀ.ਐੱਫ. ਦੇ ਸੂਬਾ ਵਿੱਤ ਸਕੱਤਰ-ਕਮ-ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸਾਥੀ ਅਸ਼ਵਨੀ ਅਵਸਥੀ, ਜਨਰਲ ਸਕੱਤਰ ਸਾਥੀ ਗੁਰਬਿੰਦਰ ਸਿੰਘ ਖਹਿਰਾ, ਡੀ ਐਮ ਐਫ ਦੇ ਸੂਬਾ ਪ੍ਰਧਾਨ ਸਾਥੀ ਜਰਮਨਜੀਤ ਸਿੰਘ ਛੱਜਲਵੱਡੀ, 4161 ਮਾਸਟਰ ਯੂਨੀਅਨ ਦੇ ਸਾਥੀ ਜਗਦੀਸ਼ ਸਿੰਘ ਨੇ ਮੰਗ ਕੀਤੀ ਕਿ ਨਿਯੁਕਤੀ ਸੂਚੀਆਂ ਰਿਕਾਸਟ ਹੋਣ ਕਾਰਨ ਸੂਚੀ ਵਿੱਚੋਂ ਬਾਹਰ ਕੀਤੇ ਵੱਖ-ਵੱਖ ਕਾਡਰਾਂ ਦੇ ਸੈਕੜੇ ਅਧਿਆਪਕਾਂ ਦੀ ਹੁਣ ਤੱਕ ਦੀ ਨੌਕਰੀ ਅਤੇ ਭਵਿੱਖ ਪੂਰਨ ਸੁਰੱਖਿਅਤ ਕੀਤਾ ਜਾਵੇ।
ਇਸ ਮਾਮਲੇ ਵਿੱਚ 3704 ਕਾਡਰ ਨੂੰ ਜਾਰੀ ਨੋਟਿਸ ਮੁੱਢੋਂ ਰੱਦ ਕੀਤੇ ਜਾਣ ਦੀ ਵੀ ਪੁਰਜੋਰ ਮੰਗ ਕੀਤੀ ਹੈ। ਆਗੂਆਂ ਹਰਜਾਪ ਸਿੰਘ ਬੱਲ, ਗੁਰਦੇਵ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਗੁਰਪ੍ਰੀਤ ਸਿੰਘ ਨਾਭਾ, ਕੁਲਦੀਪ ਸਿੰਘ ਵਰਨਾਲੀ, ਪਰਮਿੰਦਰ ਸਿੰਘ ਰਾਜਾਸਾਂਸੀ, ਕੰਵਰਜੀਤ ਸਿੰਘ, ਨਰੇਸ਼ ਕੁਮਾਰ, ਕੰਵਲਜੀਤ ਕੌਰ ਆਦਿ ਨੇ ਕਿਹਾ ਕਿ ਰੀਕਾਸਟ ਸੂਚੀਆਂ ਦੇ ਨਾਂ ਹੇਠ ਜੇਕਰ ਕਿਸੇ ਵੀ ਅਧਿਆਪਕ ਦੀ ਨੌਕਰੀ ‘ਤੇ ਕੋਈ ਖਤਰਾ ਖੜ੍ਹਾ ਕੀਤਾ ਗਿਆ ਤਾਂ ਅਧਿਆਪਕਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਆਪਣੇ ਘਰਾਂ ਤੋਂ ਸੈਕੜੇ ਕਿਲੋਮੀਟਰ ਦੂਰ ਸੇਵਾਵਾਂ ਨਿਭਾਅ ਰਹੇ 6635 ਈਟੀਟੀ, 4161 ਤੇ 2392 ਮਾਸਟਰ, ਪੱਖਪਾਤੀ ਸਟੇਸ਼ਨ ਚੋਣ ਨੀਤੀ ਦਾ ਸ਼ਿਕਾਰ ਈ.ਟੀ.ਟੀ ਤੋਂ ਮਾਸਟਰ ਅਤੇ ਮਾਸਟਰ ਤੋਂ ਲੈਕਚਰਾਰ ਪ੍ਰੋਮੋਟਡ ਅਧਿਆਪਕਾਂ ਅਤੇ ਛੋਟ ਪ੍ਰਾਪਤ ਕੈਟੇਗਰੀਆਂ ਲਈ ਬਿਨਾਂ ਸ਼ਰਤ ਬਦਲੀ ਦਾ ਵਿਸ਼ੇਸ਼ ਮੌਕਾ ਦੇਣ ਅਤੇ ਬਾਕੀ ਅਧਿਆਪਕਾਂ ਲਈ ਵੀ ‘ਆਮ ਬਦਲੀਆਂ-2025’ ਦੀ ਪ੍ਰੀਕਿਰਿਆ ਸ਼ੁਰੂ ਕਰਨ ਦੀ ਮੰਗ ਕੀਤੀ ਹੈ।
ਆਗੂਆਂ ਰਾਜੇਸ਼ ਕੁੰਦਰਾ, ਰਾਜਵਿੰਦਰ ਸਿੰਘ, ਚਿਮਨੀ ਵਿਸ਼ਾਲ ਕਪੂਰ, ਗੁਰ ਕਿਰਪਾਲ ਸਿੰਘ, ਸ਼ਮਸ਼ੇਰ ਸਿੰਘ, ਮੋਨਿਕਾ ਸੋਨੀ, ਹਰਵਿੰਦਰ ਸਿੰਘ, ਅਰਚਨਾ ਸ਼ਰਮਾ, ਬਿਕਰਮਜੀਤ ਸਿੰਘ ਭੀਲੋਵਾਲ, ਹਰਵਿੰਦਰ ਸਿੰਘ, ਜੁਝਾਰ ਸਿੰਘ ਟਪਿਆਲਾ, ਸੁਖਵਿੰਦਰ ਸਿੰਘ ਬਿੱਟਾ, ਨਵਤੇਜ ਸਿੰਘ, ਗੁਰਤੇਜ ਸਿੰਘ, ਹਰਪ੍ਰੀਤ ਸਿੰਘ ਨਿਰੰਜਨਪੁਰ, ਰਾਜੀਵ ਕੁਮਾਰ ਮਰਵਾਹਾ, ਪ੍ਰਿਥੀਪਾਲ ਸਿੰਘ ਆਦਿ ਨੇ ਮੰਗ ਕੀਤੀ ਕਿ ਪੀ.ਟੀ.ਆਈ ਅਤੇ ਆਰਟ ਕਰਾਫਟ ਅਧਿਆਪਕਾਂ ਦੀ ਤਨਖ਼ਾਹ ਰਿਵਿਜ਼ਨ ਕਰਕੇ ਕਟੌਤੀ ਕਰਨ ਦੇ ਗੈਰ ਵਾਜਿਬ ਅਤੇ ਮਾਰੂ ਫੈਸਲੇ ਨੂੰ ਮੁੱਢੋਂ ਰੱਦ ਕੀਤਾ ਜਾਵੇ।
ਅਧਿਆਪਕ ਸਾਥੀ ਨਰਿੰਦਰ ਭੰਡਾਰੀ, ਡਾ. ਰਵਿੰਦਰ ਕੰਬੋਜ਼, ਓਡੀਐੱਲ ਅਧਿਆਪਕਾਂ ਅਤੇ 7654 ਹਿੰਦੀ ਵਿਸ਼ੇ ਦੇ ਅਧਿਆਪਕਾਂ ਵਿੱਚੋਂ ਪੈਂਡਿੰਗ ਰੈਗੂਲਰ ਆਰਡਰ ਜਾਰੀ ਕੀਤੇ ਜਾਣ। ਇਸ ਦੇ ਨਾਲ ਹੀ ਅਧਿਆਪਕਾਂ ਦੇ ਸਾਰੇ ਕਾਡਰਾਂ ਦੀਆਂ ਰਹਿੰਦਿਆਂ ਤਰੱਕੀਆਂ ਬਿਨਾਂ ਕਿਸੇ ਪੱਖਪਾਤ ਸਾਰੇ ਖਾਲੀ ਸਟੇਸ਼ਨਾਂ ਲਈ ਮੁਕੰਮਲ ਕੀਤੀਆਂ ਜਾਣ। 180 ਈ.ਟੀ.ਟੀ. (4500 ਈ.ਟੀ.ਟੀ.) ਅਧਿਆਪਕਾਂ ਦੀ ਚਾਰ ਸਾਲ ਦੀ ਮੁੱਢਲੀ ਸਰਵਿਸ ਨੂੰ ਬਹਾਲ ਕਰਕੇ ਪੁਰਾਣੇ ਤਨਖਾਹ ਸਕੇਲ ਮੁੜ ਲਾਗੂ ਕੀਤੇ ਜਾਣ।
ਕੰਪਿਊਟਰ ਅਧਿਆਪਕਾਂ, ਮੈਰੀਟੋਰੀਅਸ ਅਧਿਆਪਕਾਂ, ਐਸੋਸੀਏਟ ਅਧਿਆਪਕਾਂ, ਸਮੂਹ ਕੱਚੇ ਅਧਿਆਪਕਾਂ ਅਤੇ ਸਮੱਗਰਾ ਅਧੀਨ ਨਾਨ-ਟੀਚਿੰਗ ਨੂੰ ਸਿੱਖਿਆ ਵਿਭਾਗ ਵਿਚ ਰੈਗੂਲਰ ਕੀਤਾ ਜਾਵੇ। 5994 ਈਟੀਟੀ ਦੇ ਨਿਯੁਕਤੀ ਪੱਤਰ ਪ੍ਰਾਪਤ ਅਧਿਆਪਕਾਂ ਨੂੰ ਸਕੂਲਾਂ ਵਿੱਚ ਹਾਜ਼ਰ ਕਰਵਾਇਆ ਜਾਵੇ। 4161 ਅਤੇ 3582 ਨੂੰ ਟ੍ਰੇਨਿੰਗ ਲੱਗਣ ਦੀਆਂ ਮਿਤੀਆਂ ਤੋਂ ਸਾਰੇ ਆਰਥਿਕ ਤੇ ਬਾਕੀ ਪੈਂਡਿੰਗ ਲਾਭ ਹਕੀਕੀ ਰੂਪ ਵਿੱਚ ਲਾਗੂ ਕੀਤੇ ਜਾਣ। ਪੁਰਸ਼ ਅਧਿਆਪਕਾਂ ਨੂੰ 10 ਅਤੇ 20 ਸਾਲ ਦੀ ਸਰਵਿਸ ਉਪਰੰਤ ਅਚਨਚੇਤ ਛੁੱਟੀਆਂ ਵਿੱਚ ਵਾਧੇ ਮੌਕੇ ਠੇਕਾ ਅਧਾਰਿਤ ਨੌਕਰੀ ਦੇ ਸਮੇਂ ਨੂੰ ਗਿਣਨਯੋਗ ਮੰਨਿਆ ਜਾਵੇ।