Punjab News: ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ 1 ਮਈ ਨੂੰ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਧਰਨੇ ਦਾ ਐਲਾਨ

All Latest NewsNews FlashPunjab News

 

ਮਜ਼ਦੂਰ ਦਿਵਸ ਤੇ 1 ਮਈ ਨੂੰ ਜ਼ਿਲ੍ਹਾ ਪੱਧਰੀ ਧਰਨੇ ਵਿੱਚ ਐੱਨ.ਪੀ.ਐੱਸ ਮੁਲਾਜ਼ਮ ਕਰਨਗੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ: ਪੀ.ਪੀ.ਪੀ.ਐੱਫ

ਦਲਜੀਤ ਕੌਰ, ਸੁਨਾਮ ਊਧਮ ਸਿੰਘ ਵਾਲਾ:

ਸੂਬੇ ਦੇ ਐੱਨ.ਪੀ.ਐੱਸ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੰਘਰਸ਼ੀਲ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਮਜ਼ਦੂਰ ਦਿਵਸ ਤੇ 1 ਮਈ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਉਲੀਕੇ ਜ਼ਿਲਾ ਪੱਧਰੀ ਧਰਨੇ ਦੀ ਤਿਆਰੀ ਲਈ ਜਿਲਾ ਕਮੇਟੀ ਸੰਗਰੂਰ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਦੇ ਨੋਟੀਫ਼ਿਕੇਸ਼ਨ ਨੂੰ ਲਾਗੂ ਕਰਨ ਤੋਂ ਇਨਕਾਰੀ ਆਪ ਸਰਕਾਰ ਖਿਲਾਫ 1 ਮਈ ਦੇ ਰੋਸ ਪ੍ਰਦਰਸ਼ਨਾਂ ਦਾ ਸੁਨੇਹਾ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਤੱਕ ਪਹੁੰਚਾਉਣ ਲਈ ਵੱਡੀ ਤਿਆਰੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ।

ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਮਾਲਵਾ ਜੋਨ ਤੇ ਜ਼ਿਲਾ ਕਨਵੀਨਰ ਦਲਜੀਤ ਸਫ਼ੀਪੁਰ ਅਤੇ ਜਿਲ੍ਹਾ ਕੋ-ਕਨਵੀਨਰ ਖੁਸ਼ਦੀਪ ਸਿੰਘ ਤੇ ਮਨਜੀਤ ਸਿੰਘ ਨੇ ਕਿਹਾ ਕਿ 1 ਮਈ ਨੂੰ ਮਨਾਇਆ ਜਾਣ ਵਾਲਾ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਿਹਨਤਕਸ਼ ਜਮਾਤ ਦੇ ਹਿੱਤਾਂ ਦੀ ਰਾਖੀ ਦਾ ਅਤੇ ਲੁਟੇਰੇ ਪੂੰਜੀਵਾਦੀ ਪ੍ਰਬੰਧ ਖਿਲਾਫ ਸੰਘਰਸ਼ਾਂ ਦਾ ਪ੍ਰਤੀਕ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਵੱਡੇ ਵਿਰੋਧ ਨੂੰ ਦਰਕਿਨਾਰ ਕਰਕੇ ਲਿਆਂਦੀ ਭੁਲੇਖਾ ਪਾਊ ਯੂਪੀਐੱਸ ਸਕੀਮ ਅਤੇ ਪੰਜਾਬ ਸਰਕਾਰ ਵੱਲੋਂ 18 ਨਵੰਬਰ 2022 ਨੂੰ ਕੀਤੇ ਪੁਰਾਣੀ ਪੈਨਸ਼ਨ ਦੇ ਆਪਣੇ ਹੀ ਨੋਟੀਫਿਕੇਸ਼ਨ ਨੂੰ ਪਾਸੇ ਕਰਕੇ ਯੂਪੀਐੱਸ ਸਕੀਮ ਨੂੰ ਲਾਗੂ ਕਰਨ ਵੱਲ ਅੱਗੇ ਵੱਧਣਾ ਕਾਰਪਰੇਟ ਮੁਨਾਫੇ ਦੀ ਕੀਤੀ ਜਾ ਰਹੀ ਸੇਵਾ ਦਾ ਹੀ ਪ੍ਰਗਟਾਵਾ ਹੈ।

ਉਹਨਾਂ ਕਿਹਾ ਕਿ ਪਿਛਲੇ ਤਿੰਨ ਸਾਲ ਤੋਂ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਲਟਕ ਰਿਹਾ ਹੈ, ਇੱਕ ਵੀ ਐੱਨ.ਪੀ.ਐੱਸ ਮੁਲਾਜ਼ਮ ਦਾ ਜੀਪੀਐੱਫ ਖਾਤਾ ਨਹੀਂ ਖੋਲਿਆ ਗਿਆ ਪਰ ਸੂਬੇ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਝੂਠੀ ਇਸ਼ਤਿਹਾਰਬਾਜ਼ੀ ਤੇ ਕਰੋੜਾਂ ਰੁਪਏ ਖ਼ਰਚ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਦੇ ਚੌਥੇ ਬਜਟ ਵਿੱਚ ਵੀ ਪੁਰਾਣੀ ਪੈਨਸ਼ਨ ਸਬੰਧੀ ਕੋਈ ਫੈਸਲਾ ਨਹੀਂ ਕੀਤਾ ਗਿਆ ਜੋ ਮੁਲਾਜ਼ਮਾਂ ਨਾਲ਼ ਵੱਡਾ ਧੋਖਾ ਹੈ।

ਫਰੰਟ ਦੇ ਆਗੂਆਂ ਗੁਰਛੈਬਰ ਸਿੰਘ ਪ੍ਰਦੀਪ ਸਿੰਘ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਦੇ ਮੁੱਦੇ ਤੇ ਆਪ ਸਰਕਾਰ ਦੀ ਵਾਅਦਾਖਿਲਾਫੀ ਦੇ ਰੋਸ ਵਿੱਚ ਮਜ਼ਦੂਰ ਦਿਵਸ ਦੇ ਗੌਰਵਮਈ ਇਤਿਹਾਸ ਤੋਂ ਪ੍ਰੇਰਨਾ ਲੈਂਦਿਆਂ ਜ਼ਿਲਾ ਪੱਧਰੀ ਧਰਨੇ ਵਿੱਚ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਅਮਲ ਵਿੱਚ ਲਿਆਉਣ ਲਈ ਅਵਾਜ਼ ਬੁਲੰਦ ਕੀਤੀ ਜਾਵੇਗੀ।

ਇਸ ਮੌਕੇ ਰਘਵੀਰ ਸਿੰਘ ਭਵਾਨੀਗੜ੍ਹ, ਸੁਖਵਿੰਦਰ ਗਿਰ, ਅਮਨ ਵਿਸ਼ਿਸ਼ਟ, ਕੁਲਵੰਤ ਖਨੌਰੀ, ਕਰਮਜੀਤ ਨਦਾਮਪੁਰ, ਮਨੋਜ ਲਹਿਰਾ, ਸੁਖਬੀਰ ਸਿੰਘ, ਦੀਨਾ ਨਾਥ, ਰਵਿੰਦਰ ਦਿੜ੍ਹਬਾ, ਰਾਜ ਸੈਣੀ, ਮਨਜੀਤ ਲਹਿਰਾ, ਰਮਨ ਲਹਿਰਾਗਾਗਾ, ਸੁਰਜੀਤ ਸਿੰਘ ਦਿੜ੍ਹਬਾ, ਦੀਪ ਬਨਾਰਸੀ, ਵੀਰਪਾਲ ਸਿੰਘ ਝਨੇੜੀ ਆਦਿ ਹਾਜ਼ਰ ਰਹੇ।

 

Media PBN Staff

Media PBN Staff

Leave a Reply

Your email address will not be published. Required fields are marked *