ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗਿਆਨ ਅੰਜਨ ਸਮਰ ਕੈਂਪ ਦਾ ਆਯੋਜਨ
ਪੰਜਾਬ ਨੈੱਟਵਰਕ, ਲੁਧਿਆਣਾ-
ਪਿਛਲੇ ਪੰਜ ਦਹਾਕਿਆਂ ਤੋਂ ਸਮਾਜ ਸੇਵਾ ਨੂੰ ਸਮਰਪਿਤ ਜਥੇਬੰਦੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਦੇ ਖੇਤਰ ਸ਼ੇਰ ਖਾਂ ਵਲੋਂ ਗੁਰਦੁਆਰਾ ਬਸਤੀ ਕਰਤਾਰਪੁਰ ਦੇ ਸਹਿਯੋਗ ਨਾਲ ਸੱਤ – ਰੋਜ਼ਾ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੈਂਪ ਕੋਆਰਡੀਨੇਟਰ ਮਾਸਟਰ ਰੇਸ਼ਮ ਸਿੰਘ ਸ਼ੇਰ ਖਾਂ ਨੇ ਦੱਸਿਆ ਕਿ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਪ੍ਰਤੀ ਜਾਣੂ ਕਰਵਾਉਣ, ਨਸ਼ਿਆਂ ਦੇ ਵਿਰੁੱਧ ਲਾਮਬੰਦ ਕਰਨ ਤੇ ਉਹਨਾਂ ਵਿੱਚ ਛੁਪੀਆਂ ਪ੍ਤਿਭਾਵਾਂ ਨੂੰ ਬਾਹਰ ਕੱਢਣ ਦੇ ਉਦੇਸ਼ ਨਾਲ ਲਗਾਏ ਗਏ ਇਸ ਸੱਤ ਰੋਜ਼ਾ ਕੈਂਪ ਵਿਚ ਬੱਚਿਆਂ ਨੇ ਵਧ ਚੜ੍ਹ ਕੇ ਭਾਗ ਲਿਆ।
ਗੁਰਦੁਆਰਾ ਬਸਤੀ ਕਰਤਾਰਪੁਰ (ਨੇੜੇ ਕੁੱਲਗੜ੍ਹੀ ) ਵਿਖੇ ਲਗਾਏ ਗਏ ਇਸ ਕੈਂਪ ਵਿਚ ਲਗਾਤਾਰ ਸੱਤ ਦਿਨ ਵੱਖ-ਵੱਖ ਬੁਲਾਰਿਆਂ ਨੇ ਆਪੋ- ਆਪਣੇ ਵਿਚਾਰ ਪੇਸ਼ ਕੀਤੇ। ਸਮਰ ਕੈਂਪ ਦੇ ਵੱਖ- ਵੱਖ ਸੈਸ਼ਨਾਂ ਦੌਰਾਨ ਬੱਚਿਆਂ ਵਿਚ ਨੈਤਿਕ ਗੁਣਾਂ ਦਾ ਸੰਚਾਰ ਕਰਨ, ਨਿਤਨੇਮ ਨਾਲ ਜੋੜਨ, ਅਮੀਰ ਵਿਰਸੇ ਤੇ ਸ਼ਾਨਾ-ਮੱਤੇ ਇਤਿਹਾਸ ਤੇ ਗੁਰਬਾਣੀ ਨਾਲ ਜੋੜਨ, ਸਮਾਜਿਕ ਕੁਰੀਤੀਆਂ ਵਿਰੁੱਧ ਲਾਮਬੰਦ ਕਰਨ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਕੈਂਪ ਵਿੱਚ ਜ਼ੋਨਲ ਸਕੱਤਰ ਸਰਦਾਰ ਗੁਰਭੇਜ ਸਿੰਘ ਕੋਹਾਲਾ ਵਲੋਂ ‘ਗੁਰਬਾਣੀ ਇਸ ਜਗੁ ਮਹਿ ਚਾਨਣੁ ‘ਵਿਸੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਭਾਈ ਟਹਿਲ ਸਿੰਘ ਵੱਲੋਂ ਗੁਰ ਇਤਿਹਾਸ ਸਾਂਝਾ ਕੀਤਾ ਗਿਆ। ਪ੍ਰਸਿੱਧ ਲੇਖਕ ਡਾਕਟਰ ਅਮਰੀਕ ਸਿੰਘ ਸ਼ੇਰ ਖਾਂ ਵਲੋਂ ‘ਸ਼ਖਸੀਅਤ ਉਸਾਰੀ ਕੈਂਪਾਂ ਦੀ ਸਮਾਜ ਨੂੰ ਦੇਣ’ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ।ਇਸ ਕੈਂਪ ਵਿੱਚ ਬੱਚਿਆਂ ਦੇ ਸੁੰਦਰ ਲਿਖਾਈ ਮੁਕਾਬਲੇ, ਪੇਂਟਿੰਗ ਮੁਕਾਬਲੇ, ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ।
ਵੱਖ- ਵੱਖ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਪੁਸਤਕਾਂ ਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ।ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਹਰਜਿੰਦਰ ਸਿੰਘ ਖਾਲਸਾ,ਬਲਵੀਰ ਸਿੰਘ, ਨਿਰੰਜਨ ਸਿੰਘ, ਬਾਪੂ ਹਰਦਿਆਲ ਸਿੰਘ, ਜਸਪਾਲ ਸਿੰਘ, ਅਮਰੀਕ ਸਿੰਘ, ਬਲਰਾਜ ਸਿੰਘ,ਸਾਹਬ ਸਿੰਘ, ਹਰਮਿੰਦਰ ਸਿੰਘ ਤੇ ਪੰਥਪ੍ਰੀਤ ਸਿੰਘ ਨੇ ਆਪਣਾ ਯੋਗਦਾਨ ਪਾਇਆ।