Punjab News: ਸਕੂਲ ਨਾ ਖੁੱਲ੍ਹਣ ਕਾਰਣ ਵਿਦਿਆਰਥੀਆਂ ਦੇ ਮਨਾਂ ‘ਤੇ ਵੱਧ ਰਿਹੈ ਦਹਿਸ਼ਤ ਦਾ ਪ੍ਰਭਾਵ
ਜੰਗਬੰਦੀ ਤੋਂ ਬਾਅਦ ਵੀ ਸਕੂਲ ਨਾ ਖੋਲ੍ਹਣਾ ਮੰਦਭਾਗਾ-ਡੀ.ਟੀ.ਐੱਫ
ਲਗਾਤਰ ਸਕੂਲ ਬੰਦੀ ਕਾਰਣ ਕਰੋਨਾ ਵੇਲੇ ਪਏ ਮਾੜੇ ਵਿੱਦਿਅਕ ਪ੍ਰਭਾਵ ਦੁਹਰਾਏ ਜਾਣਗੇ ਮਲਕੀਤ ਸਿੰਘ ਹਰਾਜ
ਮੀਡੀਆ ਪੀਬੀਐਨ, ਫ਼ਿਰੋਜ਼ਪੁਰ
ਭਾਰਤ ਅਤੇ ਪਾਕਿਸਤਾਨ ਵਿਚਕਾਰ ਬੀਤੀ 7 ਮਈ ਤੋਂ ਬਾਅਦ ਪੈਦਾ ਹੋਏ ਜੰਗੀ ਹਾਲਾਤਾਂ ਦਾ ਅਸਰ 10 ਮਈ ਨੂੰ ਘੋਸ਼ਿਤ ਜੰਗਬੰਦੀ ਤੋਂ ਬਾਅਦ ਵੀ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਦਿਅਕ ਅਦਾਰਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ।
ਵਾਰ-ਵਾਰ ਸਕੂਲ ਖੋਲ੍ਹਣ ਅਤੇ ਫਿਰ ਕੁਝ ਸਮੇਂ ਬਾਅਦ ਸਕੂਲ ਬੰਦ ਰੱਖਣ ਦੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਭੇਜੇ ਜਾਂਦੇ ਹੁਕਮਾਂ ਕਾਰਣ ਇਕ ਪਾਸੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਵੱਡੇ ਪੱਧਰ ਤੇ ਹੋ ਰਿਹਾ ਹੈ, ਦੂਸਰੇ ਪਾਸੇ ਵਿਦਿਆਰਥੀਆਂ ਦੇ ਬਾਲ ਮਨਾਂ ਉਪਰ ਡਰ ਅਤੇ ਸਹਿਮ ਦੇ ਮਾਹੌਲ ਕਾਰਣ ਬਹੁਤ ਨਾਕਰਾਤਮਕ ਪ੍ਰਭਾਵ ਪੈ ਰਹੇ ਹਨ।
ਜਦਕਿ ਯੁੱਧਬੰਦੀ ਬਾਅਦ ਆਮ ਕਰਕੇ ਮਾਹੌਲ ਠੀਕ ਹੈ ਅਤੇ ਇਹ ਆਮ ਲੋਕਾਂ ਲਈ ਰਾਹਤ ਭਰੀ ਖਬਰ ਵੀ ਹੈ। ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਮਲਕੀਤ ਸਿੰਘ ਹਰਾਜ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਮੰਗ ਕੀਤੀ ਕਿ ਜੰਗਬੰਦੀ ਤੋਂ ਬਾਅਦ ਜਿੱਥੇ ਵੀ ਸਕੂਲ ਜਾਂ ਹੋਰ ਵਿੱਦਿਅਕ ਅਦਾਰੇ ਬੰਦ ਹਨ ਉਹਨਾਂ ਨੂੰ ਤੁਰੰਤ ਪ੍ਰਭਾਵ ਤੋਂ ਖੋਲ੍ਹਿਆ ਜਾਵੇ।
ਉਹਨਾਂ ਕਿਹਾ ਕਿ ਪਹਿਲਾਂ ਹੀ ਕਰੋਨਾ ਵੇਲੇ ਲੰਬੇ ਸਮੇਂ ਤੱਕ ਸਕੂਲ ਬੰਦ ਰਹਿਣ ਕਾਰਨ ਵਿਦਿਆਰਥੀਆਂ ਦਾ ਪੜ੍ਹਾਈ ਦਾ ਪੱਧਰ ਬਹੁਤ ਹੇਠਾਂ ਡਿੱਗਿਆ ਸੀ, ਜਿਸ ਦੀ ਭਰਪਾਈ ਅੱਜ ਤੱਕ ਵੀ ਨਹੀਂ ਹੋ ਸਕੀ ਹੈ ਤਾਂ ਹੁਣ ਜਦੋਂ ਯੁੱਧਬੰਦੀ ਹੋ ਚੁੱਕੀ ਹੈ ਤਾਂ ਸਕੂਲ ਅਤੇ ਹੋਰ ਵਿੱਦਿਅਕ ਅਦਾਰੇ ਬੰਦ ਰੱਖਣ ਦਾ ਕੋਈ ਕਾਰਣ ਨਹੀਂ ਬਣਦਾ।
ਉਨ੍ਹਾਂ ਕਿਹਾ ਕਿ ਜਿੰਨ੍ਹਾਂ ਹਾਲਾਤਾਂ ਨੂੰ ਅਧਾਰ ਬਣਾ ਕੇ ਬਾਰਡਰ ਪੱਟੀ ਦੇ ਸਕੂਲ ਬੰਦ ਕੀਤੇ ਗਏ ਹਨ, ਉਸ ਨਾਲ ਵਿਦਿਆਰਥੀਆਂ ਦੇ ਮਨਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਕਾਰਣ ਉਨ੍ਹਾਂ ‘ਤੇ ਮਨੋਵਿਗਿਆਨਕ ਤੌਰ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ ਅਤੇ ਉਹਨਾਂ ਦੀ ਮਾਨਸਿਕ ਸਿਹਤ ਵਿੱਚ ਵੀ ਵਿਗਾੜ ਪੈਦਾ ਹੋ ਸਕਦੇ ਹਨ।
ਜਿਹੜੇ ਜ਼ਿਲ੍ਹਿਆਂ ਵਿੱਚ ਸਕੂਲ ਖੁੱਲ੍ਹ ਗਏ ਹਨ ਉਨ੍ਹਾਂ ਵਿੱਚ ਵਿਦਿਆਰਥੀ ਸਕੂਲਾਂ ਵਿੱਚ ਆਮ ਵਾਂਗ ਪੜ੍ਹਾਈ ਵਿੱਚ ਰੁੱਝ ਗਏ ਹਨ ਅਤੇ ਉਨ੍ਹਾਂ ਦਾ ਜੰਗ ਦੀ ਦਹਿਸ਼ਤ ਵੱਲੋਂ ਧਿਆਨ ਹਟ ਗਿਆ ਹੈ।
ਉਹਨਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਜੰਗਬੰਦੀ ਅਤੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਰਹੱਦੀ ਜ਼ਿਲ੍ਹਿਆਂ ਦੇ ਬੰਦ ਕੀਤੇ ਵਿੱਦਿਅਕ ਅਦਾਰਿਆਂ ਅਤੇ ਸਕੂਲਾਂ ਨੂੰ ਤੁਰੰਤ ਖੋਲ੍ਹਿਆ ਜਾਵੇ।