ਖੁੱਲ੍ਹ ਗਈ ਪੋਲ: ਪੰਜਾਬ ‘ਚ ਸਰਕਾਰੀ ਡਾਕਟਰਾਂ ਦੀਆਂ 50% ਆਸਾਮੀਆਂ ਖਾਲੀ! ਹਾ਼ਈਕੋਰਟ ਨੇ ਦਿੱਤੇ ਸਖ਼ਤ ਹੁਕਮ
Punjab News- ਪੰਜਾਬ ‘ਚ ਸਰਕਾਰੀ ਡਾਕਟਰਾਂ ਦੀਆਂ ਖਾਲੀ ਆਸਾਮੀਆਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਸੂਬੇ ਵਿੱਚ 50 ਫ਼ੀਸਦੀ ਅਸਾਮੀਆਂ ਖਾਲੀ ਹਨ।
ਪੀਟੀਸੀ ਦੀ ਖ਼ਬਰ ਅਨੁਸਾਰ, ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੇ ਖੁਦ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਪ੍ਰਮੁੱਖ ਸਕੱਤਰ ਨੇ ਹਾਈਕੋਰਟ ਨੂੰ ਕਿ ਕਿਹਾ ਕਿ 1000 ਡਾਕਟਰਾਂ ਦੀਆਂ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ।
ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਤੋਂ ਜਾਣਕਾਰੀ ਮੰਗੀ ਹੈ ਕਿ ਬਾਕੀ ਨਿਯੁਕਤੀਆਂ ਕਦੋਂ ਕੀਤੀਆਂ ਜਾਣਗੀਆਂ। ਪੰਜਾਬ ਦੇ ਮੁੱਖ ਸਕੱਤਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ ਵਿੱਚ ਡਾਕਟਰਾਂ ਦੀਆਂ ਕੁੱਲ 5945 ਅਸਾਮੀਆਂ ਹਨ, ਜਿਨ੍ਹਾਂ ਵਿੱਚ ਸਪੈਸ਼ਲਿਸਟ ਅਤੇ ਜਨਰਲ ਡਾਕਟਰ ਸ਼ਾਮਲ ਹਨ।
ਪਰ ਇਸ ਵੇਲੇ ਪੰਜਾਬ ਵਿੱਚ 2993 ਅਸਾਮੀਆਂ ‘ਤੇ ਡਾਕਟਰ ਨਿਯੁਕਤ ਹਨ ਅਤੇ ਡਾਕਟਰਾਂ ਦੀਆਂ 2952 ਅਸਾਮੀਆਂ ਖਾਲੀ ਹਨ। ਹੁਣ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਨ੍ਹਾਂ ਖਾਲੀ ਅਸਾਮੀਆਂ ਨੂੰ ਜਲਦੀ ਭਰਨ ਦੇ ਹੁਕਮ ਦਿੱਤੇ ਹਨ।
ਨਿਊਜ਼18 ਦੀ ਖ਼ਬਰ ਅਨੁਸਾਰ, ਪੰਜਾਬ ਵਿੱਚ ਕੁੱਲ 5945 ਡਾਕਟਰਾਂ ਦੇ ਅਹੁਦੇ ਹਨ, ਪਰ ਇਸ ਵਿੱਚੋਂ ਕੇਵਲ 2993 ਡਾਕਟਰ ਹੀ ਡਿਊਟੀ ‘ਤੇ ਹਨ। ਬਾਕੀ 2952 ਅਸਾਮੀਆਂ ਖ਼ਾਲੀ ਪਾਈਆਂ ਹਨ।
ਇਹ ਅਹੁਦੇ ਜਨਰਲ ਅਤੇ ਸਪੈਸ਼ਲਿਸਟ ਡਾਕਟਰਾਂ ਦੇ ਹਨ, ਜਿਨ੍ਹਾਂ ਦੀ ਕਮੀ ਕਾਰਨ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਇਹ ਮਾਮਲਾ ਮਲੇਰਕੋਟਲਾ ਤੋਂ ਸ਼ੁਰੂ ਹੋਇਆ ਸੀ, ਜਿੱਥੇ ਇੱਕ ਨੌਜਵਾਨ ਵਕੀਲ ਵੀਰਭਦਰ ਸਿੰਘ ਕਿੰਗਰ ਨੇ ਹਸਪਤਾਲਾਂ ‘ਚ ਸਹੂਲਤਾਂ ਦੀ ਕਮੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜਨਹਿਤ ਯਾਚਿਕਾ ਦਾਇਰ ਕੀਤੀ ਸੀ।
ਇਸ ਮਾਮਲੇ ਦੀ ਸੁਣਵਾਈ ਦੌਰਾਨ, ਇਹ ਮਾਮਲਾ ਕੇਵਲ ਮਲੇਰਕੋਟਲਾ ਤੱਕ ਸੀਮਤ ਨਾ ਰਹਿ ਕੇ ਹੁਣ ਸਾਰੇ ਪੰਜਾਬ ਦੇ ਹਸਪਤਾਲਾਂ ਤੱਕ ਫੈਲ ਗਿਆ। ਜਿਸ ਦੇ ਚਲਦੇ ਅੱਜ ਡਾਕਟਰਾਂ ਦੀਆਂ ਅਸਾਮੀਆਂ ਦੇ ਵਿੱਚ 50% ਘਾਟ ਹੋਣ ਦੀ ਜਾਣਕਰੀ ਮਿਲੀ ਹੈ।
ਸਰਕਾਰ ਵੱਲੋਂ ਹਾਈਕੋਰਟ ਨੂੰ ਦੱਸਿਆ ਗਿਆ ਕਿ 1000 ਡਾਕਟਰਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ। ਹਾਈਕੋਰਟ ਨੇ ਹੁਣ ਪੰਜਾਬ ਸਰਕਾਰ ਤੋਂ ਪੁੱਛਿਆ ਹੈ ਕਿ ਬਾਕੀ ਖ਼ਾਲੀ ਅਸਾਮੀਆਂ ਦੀ ਭਰਤੀ ਕਦੋਂ ਤੱਕ ਕੀਤੀ ਜਾਵੇਗੀ। ਨਾਲ ਹੀ ਕੋਰਟ ਨੇ ਖ਼ਾਲੀ ਅਹੁਦੇ ਜਲਦੀ ਭਰਨ ਦੇ ਹੁਕਮ ਵੀ ਦਿੱਤੇ ਹਨ, ਤਾਂ ਜੋ ਲੋਕਾਂ ਨੂੰ ਸਹੀ ਸਿਹਤ ਸੇਵਾਵਾਂ ਮਿਲ ਸਕਣ।
ਸਰਕਾਰੀ ਹਸਪਤਾਲਾਂ ਵਿੱਚ 1,000 ਵਾਧੂ ਡਾਕਟਰਾਂ ਦੀ ਭਰਤੀ ਕਰੇਗੀ ਡਾ. ਬਲਬੀਰ ਸਿੰਘ
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਲਦੀ ਹੀ ਸਰਕਾਰੀ ਹਸਪਤਾਲਾਂ ਵਿੱਚ 1,000 ਵਾਧੂ ਡਾਕਟਰਾਂ ਦੀ ਭਰਤੀ ਕਰੇਗੀ ਤਾਂ ਜੋ ਮੈਡੀਕਲ ਪੇਸ਼ੇਵਰਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ।
ਉਨ੍ਹਾਂ ਅੱਗੇ ਕਿਹਾ ਕਿ ਭਰਤੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਡੇਰਾਬੱਸੀ ਵਿਖੇ ਹਸਪਤਾਲ ਦੇ ਅਚਨਚੇਤ ਨਿਰੀਖਣ ਦੌਰਾਨ, ਡਾ. ਬਲਬੀਰ ਸਿੰਘ ਨੇ ਮਰੀਜ਼ਾਂ ਅਤੇ ਸੈਲਾਨੀਆਂ ਨਾਲ ਗੱਲਬਾਤ ਕਰਕੇ ਮੌਜੂਦਾ ਸਿਹਤ ਸੰਸਥਾਵਾਂ ਬਾਰੇ ਉਨ੍ਹਾਂ ਦੇ ਅਨੁਭਵ (ਫੀਡਬੈਕ) ਜਾਣੇ।
ਉਸਨੇ ਪੀ.ਡੀ. ਸਲਿੱਪ ਲੈਣ ਲਈ ਲਾਈਨ ਵਿੱਚ ਖੜ੍ਹੇ ਲੋਕਾਂ ਤੋਂ ਉਡੀਕ ਸਮੇਂ ਬਾਰੇ ਵੀ ਪੁੱਛਿਆ ਗਿਆ। ਡਾ. ਬਲਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਵਿੱਚ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜਿਸ ਵਿੱਚ ਮੁਫਤ ਲੈਬ ਟੈਸਟ ਅਤੇ ਦਵਾਈਆਂ ਸ਼ਾਮਲ ਹਨ।
ਉਨ੍ਹਾਂ ਅੱਗੇ ਕਿਹਾ ਕਿ ਜ਼ਿਆਦਾਤਰ ਸਬ-ਡਿਵੀਜ਼ਨਲ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ (ਸੀਐਚਸੀ) ਵਿੱਚ ਮੈਡੀਸਨ, ਸਰਜਰੀ, ਗਾਇਨੀਕੋਲੋਜੀ ਅਤੇ ਬਾਲ ਰੋਗਾਂ ਦੇ ਡਾਕਟਰੀ ਮਾਹਿਰ ਉਪਲਬਧ ਹਨ।
ਵਿਸ਼ੇਸ਼ ਦੇਖਭਾਲ ਨੂੰ ਹੋਰ ਵਧਾਉਣ ਲਈ, ਅੱਖਾਂ, ਜਿਵੇਂ ਕਿ ਈਐਨਟੀ ਅਤੇ ਚਮੜੀ ਮਾਹਿਰਾਂ ਦੀਆਂ ਖਾਲੀ ਅਸਾਮੀਆਂ ਹਫਤਾਵਾਰੀ ਰੋਸਟਰ ਦੇ ਆਧਾਰ ‘ਤੇ ਭਰੀਆਂ ਜਾਣਗੀਆਂ।
ਸਿਹਤ ਮੰਤਰੀ ਨੇ ਕਿਹਾ ਕਿ ਡੇਰਾਬੱਸੀ ਵਿਖੇ ਸਬ-ਡਿਵੀਜ਼ਨਲ ਹਸਪਤਾਲ, ਜਿੱਥੇ ਸਟਾਫ਼ ਦੀ ਕੋਈ ਘਾਟ ਨਹੀਂ ਹੈ ਪਰ ਜਗ੍ਹਾ ਦੀ ਘਾਟ ਹੈ, ਨੂੰ ਭਵਿੱਖ ਵਿੱਚ ਵਿਚਾਰਿਆ ਜਾਵੇਗਾ।
ਨਰਸਿੰਗ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ, ਡਾ. ਬਲਬੀਰ ਸਿੰਘ ਨੇ ਭਰੋਸਾ ਦਿੱਤਾ ਕਿ ਸਰਕਾਰ ਇਨ੍ਹਾਂ ਖਾਲੀ ਅਸਾਮੀਆਂ ਨੂੰ ਭਰਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਦੌਰੇ ਦਾ ਉਦੇਸ਼ ਜਨਤਾ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕਰਕੇ ਜ਼ਮੀਨੀ ਹਕੀਕਤ ਦਾ ਮੁਲਾਂਕਣ ਕਰਨਾ ਅਤੇ ਮਰੀਜ਼ਾਂ ਦੀ ਦੇਖਭਾਲ ਦੇ ਉੱਚ ਮਿਆਰਾਂ ਨੂੰ ਬਣਾਈ ਰੱਖਣ ਲਈ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਨੂੰ ਜ਼ਰੂਰੀ ਮਾਰਗਦਰਸ਼ਨ ਪ੍ਰਦਾਨ ਕਰਨਾ ਸੀ।