Punjab News: ਅਧਿਆਪਕ ਕਰਨਗੇ ਟਰਾਂਸਪੋਰਟ ਮਹਿਕਮੇ ਦਾ ਕੰਮ, ਜਾਰੀ ਹੋਏ ਹੁਕਮ
ਚੰਡੀਗੜ੍ਹ-
ਅਧਿਆਪਕਾਂ ਦੀ ਕਮੀ ਨਾਲ ਜੂਝ ਰਹੇ ਸਕੂਲਾਂ ਵਿੱਚ ਤਾਂ ਟੀਚਰਾਂ ਦੀ ਭਰਤੀ ਕਰਨ ਵਿੱਚ ਸਿੱਖਿਆ ਵਿਭਾਗ ਨਾਕਾਮ ਹੈ, ਪਰ ਹੁਣ ਟਰਾਂਸਪੋਰਟ ਮਹਿਕਮੇ ਨੇ ਅਧਿਆਪਕ ਡੈਪੋਟੇਸ਼ਨ ਤੇ ਲੈ ਲਏ ਹਨ।
ਪੰਜਾਬੀ ਜਾਗਰਣ ਦੀ ਖ਼ਬਰ ਮੁਤਾਬਿਕ, ਟ੍ਰਾਂਸਪੋਰਟ ਵਿਭਾਗ ਨੂੰ 22 ਕਰਮਚਾਰੀਆਂ ਨੂੰ ਵੱਖ-ਵੱਖ ਵਿਭਾਗਾਂ ਤੋਂ ਡੈਪੂਟੇਸ਼ਨ ‘ਤੇ ਲੈਣਾ ਪਿਆ ਹੈ।
ਪਰ ਇਸ ਵਿਚ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਅਧਿਆਪਕਾਂ ਨੂੰ ਵੀ ਡੈਪੂਟੇਸ਼ਨ ‘ਤੇ ਲਿਆ ਗਿਆ ਹੈ, ਹਾਲਾਂਕਿ ਸਿੱਖਿਆ ਵਿਭਾਗ ਵੀ ਅਧਿਆਪਕਾਂ ਦੀ ਕਮੀ ਨਾਲ ਪੀੜਤ ਹੈ।
ਵਿਭਾਗ ਦੇ ਸਕੱਤਰ ਵਰੁਣ ਰੂਜਮ ਦੁਆਰਾ ਜਾਰੀ ਕੀਤੇ ਗਏ ਹੁਕਮਾਂ ਦੇ ਅਨੁਸਾਰ, 22 ਕਰਮਚਾਰੀਆਂ ਨੂੰ ਅਗਲੇ ਤਿੰਨ ਸਾਲਾਂ ਲਈ ਪ੍ਰਤਿਨਿਯੁਕਤ ਕੀਤਾ ਗਿਆ ਹੈ, ਜੋ ਟ੍ਰਾਂਸਪੋਰਟ ਵਿਭਾਗ ਵਿਚ ਗੈਰ ਵਪਾਰਕ ਕੰਮਾਂ ਨੂੰ ਦੇਖਣਗੇ।
ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅਧਿਆਪਕਾਂ ਸਮੇਤ ਹੋਰ ਵਿਭਾਗਾਂ ਦੇ ਕਰਮਚਾਰੀਆਂ ਨੂੰ ਲਗਾਉਣਾ ਕੋਈ ਨਵੀਂ ਗੱਲ ਨਹੀਂ ਹੈ। ਇਹ ਇਕ ਨੀਤੀਗਤ ਫੈਸਲਾ ਹੈ ਅਤੇ ਇਹ ਨੀਤੀ ਪਹਿਲਾਂ ਤੋਂ ਹੀ ਮੌਜੂਦ ਹੈ। ਪਹਿਲਾਂ ਵੀ ਕਰਮਚਾਰੀਆਂ ਨੂੰ ਡੈਪੂਟੇਸ਼ਨ ‘ਤੇ ਲਿਆ ਜਾਂਦਾ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਵਿਭਾਗ ਵਿਚ ਭਰਤੀ ਨਾ ਹੋਣ ਕਾਰਨ ਕੰਮਕਾਜ ਪ੍ਰਭਾਵਿਤ ਹੋ ਰਿਹਾ ਸੀ, ਜਿਸ ਕਾਰਨ ਸਾਰੇ ਵਿਭਾਗਾਂ ਨੂੰ ਆਪਣੇ ਕੁਝ ਕਰਮਚਾਰੀਆਂ ਨੂੰ ਡੈਪੂਟੇਸ਼ਨ ‘ਤੇ ਭੇਜਣ ਲਈ ਬੇਨਤੀ ਕੀਤੀ ਗਈ ਸੀ।
ਜਿਨ੍ਹਾਂ ਕਰਮਚਾਰੀਆਂ ਨੇ ਇਸ ਲਈ ਆਪਣੀ ਰਜਾਮੰਦੀ ਦਿੱਤੀ ਹੈ, ਉਨ੍ਹਾਂ ਦੇ ਨਾਮ ਉਨ੍ਹਾਂ ਦੇ ਵਿਭਾਗ ਦੇ ਮੁਖੀਆਂ ਨੇ ਟ੍ਰਾਂਸਪੋਰਟ ਵਿਭਾਗ ਦੇ ਪਾਸ ਭੇਜ ਦਿੱਤੇ ਹਨ ਅਤੇ ਅੱਜ ਵਿਭਾਗ ਦੇ ਸਕੱਤਰ ਨੇ ਉਨ੍ਹਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।