ਭਗਵੰਤ ਮਾਨ ਸਰਕਾਰ ਵਲੋਂ ਮਜ਼ਦੂਰਾਂ ‘ਤੇ ਕੀਤੇ ਜ਼ਬਰ ਖਿਲਾਫ਼ ਸਾਂਝਾ ਮਜ਼ਦੂਰ ਮੋਰਚਾ ਨੇ ਬੁਲਾਈ ਮੀਟਿੰਗ
ਮੁੱਖ ਮੰਤਰੀ ਹੱਕਾਂ ਲਈ ਉੱਠਣ ਵਾਲੀ ਆਵਾਜ਼ ਮੁਕਤ ਪੰਜਾਬ ਬਣਾਉਣ ਦਾ ਭਰਮ ਪਾਲ ਰਿਹਾ: ਪੀਟਰ, ਘੁੱਗਸ਼ੋਰ
ਦਲਜੀਤ ਕੌਰ, ਚੰਡੀਗੜ੍ਹ:
ਸੰਗਰੂਰ ਵਿਖੇ ਬੁਖਲਾਹਟ ਵਿੱਚ ਆ ਕੇ ਭਗਵੰਤ ਮਾਨ ਸਰਕਾਰ ਵਲੋਂ 20 ਮਈ ਨੂੰ ਆਪਣਾ ਜ਼ਮੀਨ ਦਾ ਹੱਕ ਮੰਗਦੇ ਬੇਜ਼ਮੀਨੇ ਮਜ਼ਦੂਰਾਂ ਉੱਪਰ ਨੂੰ ਜ਼ਬਰ ਦਾ ਨਿਸ਼ਾਨਾ ਬਣਾਉਣ ਅਤੇ 800 ਤੋਂ ਵੱਧ ਹਿਰਾਸਤ ਵਿੱਚ ਲਏ ਕਿਰਤੀਆਂ ‘ਚੋਂ ਅਨੇਕਾਂ ਮਜ਼ਦੂਰਾਂ ਨੂੰ ਕਿੱਥੇ ਨਜ਼ਰਬੰਦ ਕਰਕੇ ਰੱਖਿਆ ਸੰਬੰਧੀ ਸਰਕਾਰ ਤੇ ਪ੍ਰਸ਼ਾਸਨ ਵਲੋਂ ਜਾਣਕਾਰੀ ਨਾ ਹੋਣ ਦੀ ਵੱਖ ਵੱਖ ਮਜ਼ਦੂਰ ਜਥੇਬੰਦੀਆਂ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ ਅਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਭਗਵੰਤ ਮਾਨ ਸਰਕਾਰ ਦੇ ਦਲਿਤ ਮਜ਼ਦੂਰ ਵਿਰੋਧੀ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮਜ਼ਦੂਰਾਂ ਦੀ ਬਿਨ੍ਹਾਂ ਸ਼ਰਤ ਰਿਹਾਈ, ਉਹਨਾਂ ਉੱਪਰ ਭਗਵੰਤ ਮਾਨ ਸਰਕਾਰ ਦੇ ਇਸ਼ਾਰੇ ਉੱਤੇ ਕੀਤੇ ਜ਼ਬਰ ਦਾ ਵਿਰੋਧ ਕਰਨ ਆਦਿ ਮੁੱਦੇ ਨੂੰ ਲੈ ਕੇ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਅਧਾਰਿਤ ਸਾਂਝਾ ਮਜ਼ਦੂਰ ਮੋਰਚਾ ਪੰਜਾਬ ਦੀ 24 ਮਈ ਨੂੰ ਮੀਟਿੰਗ ਬੁਲਾਈ ਗਈ ਹੈ। ਜਿਸ ਵਿੱਚ ਵਿਚਾਰ ਚਰਚਾ ਉਪਰੰਤ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।
ਉਨ੍ਹਾਂ ਕਿਹਾ ਕਿ ਜੀਂਦ ਦੇ ਰਾਜੇ ਦੀ ਮੌਤ ਤੋਂ ਬਾਅਦ ਉਸਦੀ ਹਜ਼ਾਰਾਂ ਏਕੜ ਜ਼ਮੀਨ ਚ ਕਾਬਜ਼ ਪੇਂਡੂ ਧਨਾਢਾਂ, ਅਫ਼ਸਰਸ਼ਾਹੀ ਅਤੇ ਸਿਆਸਤਦਾਨਾਂ ਦੇ ਗੱਠਜੋੜ ਦਾ ਕਬਜ਼ਾ ਖ਼ਤਮ ਕਰਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਬੇਗ਼ਮਪੁਰਾ ਵਸਾਉਣ ਲਈ 20 ਮਈ ਨੂੰ ਬੀੜ ਐਸਵਾਨ ਵਿਖੇ 927 ਏਕੜ ਜ਼ਮੀਨ ਵੱਲ ਵਧਦੇ ਬੇਜ਼ਮੀਨੇ ਮਜ਼ਦੂਰਾਂ ਜਿਹਨਾਂ ਚ ਵੱਡੀ ਮਜ਼ਦੂਰ ਔਰਤਾਂ ਵੀ ਸ਼ਾਮਲ ਸਨ, ਉੱਪਰ ਬੁਖਲਾਹਟ ਵਿੱਚ ਆਏ ਭਗਵੰਤ ਮਾਨ ਦੇ ਇਸ਼ਾਰੇ ਉੱਤੇ ਪੁਲਿਸ ਪ੍ਰਸ਼ਾਸਨ ਨੇ ਜ਼ਬਰ ਕੀਤਾ, ਔਰਤਾਂ ਦੀ ਖਿੱਚਧੂਹ ਕੀਤੀ ਅਤੇ ਸੰਘਰਸ਼ਸ਼ੀਲ ਮਜ਼ਦੂਰਾਂ ਦੇ ਮਨਾਂ ਵਿੱਚ ਦਹਿਸ਼ਤ ਪਾ ਕੇ ਉਹਨਾਂ ਨੂੰ ਘਰੀਂ ਬਿਠਾਉਣ ਦੇ ਇਰਾਦੇ ਨਾਲ 800 ਤੋਂ ਵੱਧ ਮਜ਼ਦੂਰ ਮਰਦ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਜਿਹਨਾਂ ਚੋਂ ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ 450 ਦੇ ਕਰੀਬ ਮਜ਼ਦੂਰਾਂ ਨੂੰ ਸੰਗਰੂਰ, ਮਲੇਰਕੋਟਲਾ, ਪਟਿਆਲਾ, ਨਾਭਾ, ਬਠਿੰਡਾ, ਮੁਕਤਸਰ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਹੋਇਆ ਅਤੇ ਬਾਕੀ ਮਜ਼ਦੂਰਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕਿ ਉਹਨਾਂ ਨੂੰ ਕਿਸ ਜਗ੍ਹਾ ਕੈਦ ਕਰਕੇ ਰੱਖਿਆ ਹੋਇਆ। ਇਸ ਤੋਂ ਇਲਾਵਾ ਜ਼ਬਰ ਦਾ ਸ਼ਿਕਾਰ ਹੋਏ ਮਜ਼ਦੂਰਾਂ ਨੂੰ ਬਣਦੀ ਡਾਕਟਰੀ ਸਹਾਇਤਾ ਵੀ ਨਹੀਂ ਦਿੱਤੀ ਜਾ ਰਹੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਿਰੋਧੀ ਧਿਰ ਮੁਕਤ ਭਾਰਤ ਬਣਾਉਣ ਅਤੇ ਉਸ ਨਕਸ਼ੇ ਕਦਮਾਂ ਉੱਪਰ ਚੱਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਨੂੰ ਹੱਕਾਂ ਲਈ ਉੱਠਣ ਵਾਲੀ ਆਵਾਜ਼ ਤੋਂ ਮੁਕਤ ਪੰਜਾਬ ਬਣਾਉਣ ਦਾ ਭਰਮ ਪਾਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰਾਂ ਦੀਆਂ ਜਗੀਰਦਾਰਾਂ, ਪੇਂਡੂ ਧਨਾਢਾਂ, ਕਾਰਪੋਰੇਟ ਘਰਾਣਿਆਂ ਪੱਖੀ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਜ਼ਮੀਨ ਦੀ ਕਾਣੀ ਵੰਡ ਬੇਰੁਜ਼ਗਾਰੀ, ਅਰਧ ਬੇਰੁਜ਼ਗਾਰੀ, ਲੱਕ ਤੋੜ ਮਹਿੰਗਾਈ, ਕਰਜ਼ਦਾਰੀ ਅਤੇ ਸਮਾਜਿਕ ਜ਼ਬਰ ਦੇ ਖ਼ਾਤਮੇ ਆਦਿ ਲਈ ਲੋਕ ਸੰਘਰਸ਼ ਜਾਰੀ ਰਹਿਣਗੇ। ਉਨ੍ਹਾਂ ਸਮੂਹ ਮਜ਼ਦੂਰ ਜਥੇਬੰਦੀਆਂ ਨੂੰ 24 ਮਈ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।