Punjab News: ਪੰਜਾਬ ਪੁਲਿਸ ਵੱਲੋਂ ਪੱਤਰਕਾਰ ਗ੍ਰਿਫਤਾਰ, ਗਊ ਤਸਕਰੀ ਨਾਲ ਜੁੜਿਆ ਮਾਮਲਾ
Punjab News-
ਗਊ ਤਸਕਰ ਗਿਰੋਹ ਨੂੰ ਬੇਨਕਾਬ ਕਰਨ ਮਗਰੋਂ ਗਿਰੋਹ ਦੀ ਤਸਕਰੀ ਕਰਨ ਵਿੱਚ ਮਦਦ ਕਰਨ ਦੇ ਦੋਸ਼ਾਂ ਹੇਠ ਇਕ ਸੋਸ਼ਲ ਮੀਡੀਆ ਪੱਤਰਕਾਰ ਨੂੰ ਦੀਨਾਨਗਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਲੰਘੀ ਰਾਤ ਗ੍ਰਿਫਤਾਰ ਕੀਤਾ ਗਿਆ ਰਜੇਸ਼ ਕੁਮਾਰ ਨਾਂ ਦਾ ਪੱਤਰਕਾਰ ਪਠਾਨਕੋਟ ਜਿਲ੍ਹੇ ਤੋਂ ਚਲਾਏ ਜਾ ਰਹੇ ਇਕ ਯੂਟਿਊਬ ਨਿਊਜ਼ ਚੈਨਲ ਲਈ ਕੰਮ ਕਰਦਾ ਹੈ।
ਜਾਣਕਾਰੀ ਦਿੰਦਿਆਂ ਐਸਐਚਓ ਦੀਨਾਨਗਰ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਦੀਨਾਨਗਰ ਪੁਲਿਸ ਨੇ ਇਕ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦਿਆਂ ਪਿੰਡ ਲੋਹਗੜ੍ਹ ਤੋਂ ਇਕ ਜੰਮੂ ਨੰਬਰ ਟਰੱਕ, ਜਿਸ ਵਿੱਚ ਤਸਕਰੀ ਕਰਕੇ ਜੰਮੂ ਕਸ਼ਮੀਰ ਲੈ ਕੇ ਜਾਣ ਲਈ ਲੱਦੀਆਂ ਹੋਈਆਂ 9 ਗਾਵਾਂ ਅਤੇ ਦੋ ਵੱਛਿਆਂ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।
ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਸੰਤੋਸ਼ ਪਤਨੀ ਸੱਤਾ ਮਸੀਹ ਅਤੇ ਅਸ਼ੀਸ ਪੁੱਤਰ ਸੱਤਾ ਮਸੀਹ ਵਾਸੀ ਲੋਹਗੜ੍ਹ, ਥਾਣਾ ਦੀਨਾਨਗਰ ਅਤੇ ਜੰਮੂ ਕਸ਼ਮੀਰ ਵਾਸੀ ਮੁਖਤਿਆਰ ਅਲੀ ਪੁੱਤਰ ਸੈਫ ਅਲੀ ਵਾਸੀ ਸੁਖਲ ਥਾਣਾ ਹੀਰਾਨਗਰ ਅਤੇ ਰੌਸ਼ਨਦੀਨ ਪੁੱਤਰ ਸਾਬਦੀਨ ਵਾਸੀ ਹੀਰਾਨਗਰ ਦੇ ਨਾਂ ਸ਼ਾਮਲ ਹਨ। ਜਦੋਂਕਿ ਗਿਰੋਹ ਦਾ ਮੁੱਖ ਸਰਗਨਾ ਸੱਤਾ ਮਸੀਹ ਵਾਸੀ ਲੋਹਗੜ੍ਹ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਸੀ।
ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਚਾਰ ਦੋਸ਼ੀਆਂ ਵਿੱਚੋਂ ਅਸ਼ੀਸ ਪੁੱਤਰ ਸੱਤਾ ਮਸੀਹ, ਜੋ ਕਿ ਗਿਰੋਹ ਦੇ ਮੁੱਖ ਸਰਗਨਾ ਸੱਤਾ ਮਸੀਹ ਦਾ ਲੜਕਾ ਹੈ, ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਵੱਲੋਂ ਪੱਤਰਕਾਰ ਰਜੇਸ਼ ਕੁਮਾਰ ਸਬੰਧੀ ਅਹਿਮ ਰਾਜ ਸਾਹਮਣੇ ਲਿਆਂਦੇ ਗਏ।
ਪੁਲਿਸ ਨੇ ਜਦੋਂ ਅਸ਼ੀਸ ਕੋਲੋਂ ਬਰਾਮਦ ਮੋਬਾਈਲ, ਜੋ ਕਿ ਉਸਦੇ ਪਿਤਾ ਸੱਤਾ ਮਸੀਹ ਦਾ ਸੀ, ਦੀ ਜਾਂਚ ਕੀਤੀ ਤਾਂ ਉਸ ਚੋਂ ਮਿਲੀਆਂ ਬੈਂਕ ਟ੍ਰਾਂਜੈਕਸ਼ਨ ਡਿਟੇਲਾਂ ਨੇ ਵੀ ਪੱਤਰਕਾਰ ਰਜੇਸ਼ ਕੁਮਾਰ ਦੇ ਗਿਰੋਹ ਦੇ ਨਾਲ ਜੁੜੇ ਹੋਣ ਦੀ ਗੱਲ ਹੋਰ ਪੁਖਤਾ ਕੀਤੀ। ਜਿਸ ਮਗਰੋਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪੱਤਰਕਾਰ ਰਜੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਪੱਤਰਕਾਰ ਰਜੇਸ਼ ਕੁਮਾਰ ਦੀ ਗਿਰੋਹ ਵਿੱਚ ਭੂਮਿਕਾ ਸਬੰਧੀ ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਿਸ ਵੱਲੋਂ ਜਿਸ ਗਊ ਤਸਕਰ ਗਿਰੋਹ ਨੂੰ ਬੇਨਕਾਬ ਕੀਤਾ ਗਿਆ ਹੈ। ਉਕਤ ਗਿਰੋਹ ਜਦੋਂ ਟਰੱਕ ਵਿੱਚ ਗਊਆਂ ਲੱਦ ਕੇ ਤਸਕਰੀ ਰਾਹੀਂ ਜੰਮੂ ਕਸ਼ਮੀਰ ਨੂੰ ਲੈ ਕੇ ਜਾਂਦਾ ਸੀ ਤਾਂ ਪੱਤਰਕਾਰ ਰਜੇਸ਼ ਕੁਮਾਰ ਟਰੱਕ ਨੂੰ ਐਸਕਾਰਟ ਕਰਦਾ ਸੀ।
ਇਸ ਦੌਰਾਨ ਰਜੇਸ਼ ਕੁਮਾਰ ਟਰੱਕ ਤੋਂ ਕੁਝ ਦੂਰੀ ਤੇ ਅੱਗੇ ਅੱਗੇ ਚਲਦਾ ਸੀ ਅਤੇ ਗਿਰੋਹ ਨੂੰ ਰਸਤੇ ਵਿੱਚ ਕਿਸੇ ਪੁਲਿਸ ਨਾਕੇ ਜਾਂ ਹੋਰਨਾਂ ਹਲਾਤਾਂ ਬਾਰੇ ਜਾਣਕਾਰੀ ਦਿੰਦਾ ਸੀ। ਜਿਸ ਬਦਲੇ ਉਸਨੂੰ ਗਊ ਤਸਕਰ ਗਿਰੋਹ ਕੋਲੋਂ ਚੋਖੀ ਰਕਮ ਮਿਲਦੀ ਸੀ।