ਚੰਡੀਗੜ੍ਹ ‘ਚ ਕਾਮਰੇਡਾਂ ਦਾ ਹੋਣ ਜਾ ਰਿਹੈ ਮਹਾਂ ਸੰਮੇਲਨ ਦੇਸ਼ ਨੂੰ ਦੇਵੇਗਾ ਨਵੀਂ ਰਾਜਨੀਤਕ ਸੇਧ
ਕਮਿਊਨਿਸਟ ਅੰਦੋਲਨ ਦਾ ਸ਼ਾਨਾ ਮੱਤਾ ਪ੍ਰਾਪਤੀਆਂ ਭਰਿਆ ਇਤਿਹਾਸ ਦੱਸਣ ਲਈ ਘਰ-ਘਰ ਤੱਕ ਕਰਾਂਗੇ ਪਹੁੰਚ
ਸੰਮੇਲਨ ਦੀ ਕਾਮਯਾਬੀ ਲਈ ਸੀਪੀਆਈ ਦੀ ਕੀਤੀ ਗਈ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ
ਪਰਮਜੀਤ ਢਾਬਾਂ, ਫਾਜ਼ਿਲਕਾ
ਭਾਰਤੀ ਕਮਿਊਨਿਸਟ ਪਾਰਟੀ ( ਸੀਪੀਆਈ)ਦੇ ਚੰਡੀਗੜ੍ਹ ਵਿਖੇ 21 ਤੋਂ 25 ਸਤੰਬਰ 2025 ਨੂੰ ਹੋ ਰਹੇ ਕੌਮੀ ਮਹਾਂ ਸੰਮੇਲਨ ਦੀ ਕਾਮਯਾਬੀ ਲਈ ਪੰਜਾਬ ਸੂਬੇ ਦੀ ਸਮੁੱਚੀ ਪਾਰਟੀ ਪੂਰੀ ਸੁਹਿਰਦਤਾ ਦੇ ਨਾਲ ਕੰਮ ਕਰ ਰਹੀ ਹੈ ਅਤੇ ਜ਼ਿਲ੍ਹਾ ਪੱਧਰੀ ਪਾਰਟੀ ਵਰਕਰਾਂ ਨੂੰ ਸਰਗਰਮ ਕਰਨ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਲੜੀ ਤਹਿਤ ਅੱਜ ਫਾਜ਼ਿਲਕਾ ਦੇ ਪਾਰਟੀ ਦਫਤਰ ਕਾਮਰੇਡ ਵਧਾਵਾ ਰਾਮ ਭਵਨ ਵਿਖੇ ਸੀਪੀਆਈ ਦੀ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਕਾਮਰੇਡ ਸੁਰਿੰਦਰ ਢੰਡੀਆਂ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਸੀਪੀਆਈ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਸਿੰਘ ਹਾਜ਼ਰ ਹੋਏ। ਉਹਨਾਂ ਮੀਟਿੰਗ ਵਿੱਚ ਹਾਜ਼ਰ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੌਮਾਂਤਰੀ ਪੱਧਰ ‘ਤੇ 2025 ਦਾ ਵਰ੍ਹਾ ਨਿਰਨਾਇਕ ਅਤੇ ਤਬਦੀਲੀ ਦਾ ਵਰ੍ਹਾ ਹੈ। ਸੰਸਾਰ ਪੱਧਰ ‘ਤੇ ਇਨਕਲਾਬੀ ਤਬਦੀਲੀਆਂ ਬੜੀ ਤੇਜ਼ੀ ਨਾਲ ਵਾਪਰ ਰਹੀਆਂ ਹਨ, ਕਿਉਂਕਿ ਦੁਨੀਆਂ ਦੀ ਸਰਮਾਏਦਾਰੀ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਦੀ ਬਜਾਏ, ਉਹਨਾਂ ‘ਤੇ ਆਰਥਿਕ ਤੰਗੀ ਦਾ ਬੋਝ ਪਾ ਕੇ ਲਗਾਤਾਰ ਨਪੀੜ ਰਹੀ ਹੈ।
ਸਰਮਾਏਦਾਰੀ ਸਿਸਟਮ ਵੱਲੋਂ ਆਮ ਲੋਕਾਂ ‘ਤੇ ਜ਼ਬਰੀ ਲੋਕ ਵਿਰੋਧੀ ਨੀਤੀਆਂ ਠੋਸੀਆਂ ਜਾ ਰਹੀਆਂ ਹਨ,ਜਿਹੜਾ ਕਿ ਹੁਣ ਬਰਦਾਸ਼ਤ ਕਰਨ ਤੋਂ ਬਾਹਰ ਹੋ ਚੁੱਕਿਆ ਹੈ। ਆਰਥਿਕ ਪਾੜਾ ਲਗਾਤਾਰ ਵਧਣ ਨਾਲ ਬੇਰੁਜ਼ਗਾਰ ਕੀਤੇ ਜਾ ਰਹੇ ਅਤੇ ਭੁੱਖਮਰੀ ਦਾ ਸ਼ਿਕਾਰ ਲੋਕ ਆਪ ਮੁਹਾਰੇ ਸੜਕਾਂ ਤੇ ਉਤਰ ਰਹੇ ਹਨ।
ਕਾਮਰੇਡ ਜਗਰੂਪ ਨੇ ਉਤਸ਼ਾਹਜਨਕ ਰਿਪੋਰਟਿੰਗ ਕਰਦਿਆਂ ਕਿਹਾ ਕਿ ਹੁਣ ਲੋਕ ਤਬਦੀਲੀ ਭਾਵ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਲਈ ਕਮਿਊਨਿਸਟ ਅੰਦੋਲਨ ਵੱਲ ਵੱਧ ਰਹੇ ਹਨ, ਜਿਸ ਦੀ ਤਾਜ਼ਾ ਉਦਾਹਰਨ ਅਮਰੀਕਾ ਦੇ ਵੱਡੇ ਸ਼ਹਿਰ ਨਿਊਯਾਰਕ ਵਿੱਚ ਮੈਅਰ ਲਈ ਚੋਣ ਲੜਨ ਲਈ ਚੁਣੇ ਗਏ 33 ਸਾਲਾਂ ਇਨਕਲਾਬੀ ਨੌਜਵਾਨ ਜੌਹਰਾਂ ਮਮਦਾਨੀ ਦੇ ਪ੍ਰੋਗਰਾਮ ਅਤੇ ਉਸਦੇ ਅਜੰਡਿਆਂ ਨੂੰ ਉਥੋਂ ਦੇ ਲੋਕ ਪਸੰਦ ਕਰ ਰਹੇ ਹਨ।
ਜਿਸ ਨੇ ਇਸ ਗੱਲ ਨੂੰ ਲੈ ਕੇ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਕਾਮਰੇਡ ਜਗਰੂਪ ਨੇ ਕਿਹਾ ਕਿ ਜਿਸ ਸਮੇਂ ਵਿੱਚ ਕੌਮਾਂਤਰੀ ਪੱਧਰ ਤੇ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ, ਉਸ ਸਮੇਂ ਵਿੱਚ ਸੀਪੀਆਈ ਦਾ ਮਹਾਂ ਸੰਮੇਲਨ ਹੋਣਾ ਵੱਡੀ ਮਹੱਤਤਾ ਰੱਖਦਾ ਹੈ ਅਤੇ ਇਹ ਮਹਾਂ ਸੰਮੇਲਨ ਦੇਸ਼ ਨੂੰ ਨਵੀਂ ਰਾਜਨੀਤਿਕ ਸੇਧ ਦੇਵੇਗਾ। ਉਹਨਾਂ ਕਿਹਾ ਕਿ ਅੱਜ ਦੀ ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਆਗੂਆਂ ਨੇ ਹਰ ਤਰ੍ਹਾਂ ਦਾ ਕੋਟਾ ਪੂਰਾ ਕਰਨ ਦਾ ਵਿਸ਼ਵਾਸ ਦਿਵਾਇਆ ਹੈ ਅਤੇ ਵੱਡੀ ਗਿਣਤੀ ਵਿੱਚ ਇਥੋਂ ਸਾਥੀ 21 ਸਤੰਬਰ ਨੂੰ ਹੋਰ ਹੀ ਰੈਲੀ ਵਿੱਚ ਵੀ ਸ਼ਾਮਿਲ ਹੋਣਗੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਡ ਹੰਸ ਰਾਜ ਗੋਲਡਨ ਅਤੇ ਸਹਾਇਕ ਸਕੱਤਰ ਕਾਮਰੇਡ ਸਰਿੰਦਰ ਢੰਡੀਆਂ ਨੇ ਦੱਸਿਆ ਕਿ ਉਹਨਾਂ ਦੀ ਮੀਟਿੰਗ ਵਿੱਚ ਪਾਰਟੀ ਦੇ ਸੰਮੇਲਨ ਦੀ ਕਾਮਯਾਬੀ ਲਈ ਸਾਰੇ ਪਾਰਟੀ ਆਗੂਆਂ ਦੀਆਂ ਵੱਖ-ਵੱਖ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। 21 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਫਾਜ਼ਿਲਕਾ ਤੋਂ ਸਾਥੀ ਹਿੱਸਾ ਲੈਣਗੇ। ਕਾਮਰੇਡ ਗੋਲਡਨ ਅਤੇ ਕਾਮਰੇਡ ਢੰਡੀਆਂ ਨੇ ਕਿਹਾ ਕਿ ਉਹ ਸਥਾਨਕ ਪੱਧਰ ਤੋਂ ਲੈ ਕੇ ਕੌਮਾਂਤਰੀ ਪੱਧਰ ਤੱਕ ਕਮਿਊਨਿਸਟ ਅੰਦੋਲਨ ਦੇ ਸ਼ਾਨਾਮੱਤੇ ਅਤੇ ਪ੍ਰਾਪਤੀਆਂ ਭਰੇ ਇਤਿਹਾਸ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਮੁਹਿੰਮ ਚਲਾਉਣਗੇ।
ਉਹਨਾਂ ਦਾਅਵਾ ਕਰਦਿਆਂ ਕਿਹਾ ਕਿ ਕਮਿਊਨਿਸਟ ਰਾਜ ਪ੍ਰਬੰਧ ਤੋਂ ਬਿਨਾਂ ਕੋਈ ਵੀ ਤਬਦੀਲੀ ਦਾ ਮਖੌਟਾ ਪਹਿਨ ਕੇ ਲੋਕ ਹਿੱਤਾਂ ਦੀ ਰਾਖੀ ਨਹੀਂ ਕਰ ਸਕਦਾ। ਇਸ ਮੌਕੇ ਹੋਰਾਂ ਤੋਂ ਇਲਾਵਾ ਕਾਮਰੇਡ ਵਜ਼ੀਰ ਚੰਦ ਸੱਪਾਂਵਾਲੀ,ਕਿ੍ਸ਼ਨ ਧਰਮੂ ਵਾਲਾ, ਹਰਦੀਪ ਅਬੋਹਰ, ਸ਼ਬੇਗ ਝੰਗੜ ਭੈਣੀ,ਪਰਮਜੀਤ ਢਾਬਾਂ, ਹਰਜੀਤ ਕੌਰ ਢੰਡੀਆ, ਜੰਮੂ ਰਾਮ ਬਨਵਾਲਾ, ਭਰਪੂਰ ਸਿੰਘ, ਭਜਨ ਲਾਲ ਫਾਜ਼ਿਲਕਾ,ਹਰਭਜਨ ਛੱਪੜੀ ਵਾਲਾ, ਰਮਨ ਧਰਮੂ ਵਾਲਾ, ਨਰਿੰਦਰ ਢਾਬਾਂ, ਗੁਰਦਿਆਲ ਢਾਬਾਂ, ਕੁਲਦੀਪ ਬਖੂ ਸ਼ਾਹ, ਰਾਜਵਿੰਦਰ ਨਿਉਲਾ ਵੀ ਹਾਜ਼ਰ ਸਨ।