Punjab News- ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਵਿੱਚ ਜਬਰੀ ਸਿੱਖਿਆ ਮਾਹਿਰ ਨਿਯੁਕਤ ਕਰਨ ਲੱਗੀ ਸਰਕਾਰ

All Latest NewsNews FlashPunjab News

 

ਸਕੂਲਾਂ ਵਿੱਚ ਸਿਆਸੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ :ਡੈਮੋਕ੍ਰੈਟਿਕ ਟੀਚਰਜ਼ ਫਰੰਟ

Punjab News- ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਅਤੇ ਸਕੂਲਾਂ ਦੀ ਕਾਇਆ ਕਲਪ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਆਪ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਸਿਆਸੀ ਦਖਲ- ਅੰਦਾਜੀ ਦੇ ਸਾਰੇ ਰਿਕਾਰਡ ਤੋੜਦਿਆਂ ਸਕੂਲ ਪ੍ਰਬੰਧਕ ਕਮੇਟੀਆਂ ਲਈ ਮੈਂਬਰ ਵਜੋਂ ਸਿੱਖਿਆ ਮਾਹਿਰਾਂ ਦੀਆਂ ਸੂਚੀਆਂ ਸਕੂਲ ਮੁਖੀਆਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਸੂਚੀ ਅਨੁਸਾਰ ਇੱਕ ਸਿੱਖਿਆ ਮਾਹਿਰ ਨੂੰ ਪੰਜ ਤੋਂ ਛੇ ਸਕੂਲ ਦਿੱਤੇ ਗਏ ਹਨ।

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਇਕਾਈ ਬਠਿੰਡਾ ਨੇ ਸਿੱਖਿਆ ਵਿਭਾਗ ਦੇ ਇਸ ਕਦਮ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਸਕੂਲਾਂ ਨੂੰ ਸਿਆਸਤ ਦਾ ਅਖਾੜਾ ਬਣਾਇਆ ਜਾ ਰਿਹਾ ਹੈ। ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਖੇਮੂਆਣਾ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਆਪ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਨਾਂ ਹੇਠ ਸਕੂਲਾਂ ਵਿੱਚ ਨੀਂਹ ਪੱਥਰਾਂ ਦੀ ਝੜੀ ਲਗਾਈ ਗਈ ਸੀ।

ਸਰਕਾਰ ਦੀ ਅਖੌਤੀ ਸਿੱਖਿਆ ਕ੍ਰਾਂਤੀ ਅਧਿਆਪਕਾਂ ਤੇ ਸਕੂਲ ਮੁਖੀਆਂ ਦੀ ਜੇਬ ਤੇ ਹੀ ਭਾਰੀ ਪਈ ਸੀ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਮੀਤ ਪ੍ਰਧਾਨ ਵਿਕਾਸ ਗਰਗ, ਜਥੇਬੰਦਕ ਸਕੱਤਰ ਕੁਲਵਿੰਦਰ ਵਿਰਕ, ਵਿੱਤ ਸਕੱਤਰ ਅਨਿਲ ਭੱਟ ਅਤੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਖੇਮੂਆਣਾ ਨੇ ਦੱਸਿਆ ਕਿ ਸਕੂਲਾਂ ਦੇ ਪ੍ਰਬੰਧ ਨੂੰ ਚਲਾਉਣ ਲਈ ਸਕੂਲ ਪ੍ਰਬੰਧਕ ਕਮੇਟੀਆਂ ਦਾ ਗਠਨ ਕੀਤਾ ਜਾਂਦਾ ਹੈ ਜਿਸ ਵਿੱਚ ਘੱਟੋ ਘੱਟ 13 ਮੈਂਬਰਾਂ ਦੀ ਚੋਣ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਕੀਤੀ ਜਾਂਦੀ ਹੈ।

ਇਹਨਾਂ ਮੈਂਬਰਾਂ ਵਿੱਚੋਂ ਹੀ ਇੱਕ ਮੈਂਬਰ ਨੂੰ ਚੇਅਰਮੈਨ ਵਜੋਂ ਚੁਣਿਆ ਜਾਂਦਾ ਹੈ ਸਕੂਲ ਮੁਖੀ ਸਕੱਤਰ ਵਜੋਂ ਕੰਮ ਕਰਦਾ ਹੈ। ਇਹਨਾਂ ਮੈਂਬਰਾਂ ਵਿੱਚ ਬਤੌਰ ਮੈਂਬਰ ਲਗਭਗ ਛੇ ਔਰਤਾਂ ਅਤੇ ਇੱਕ ਸਕੂਲ ਅਧਿਆਪਕ ਨੂੰ ਬਤੌਰ ਮੈਂਬਰ ਚੁਣਿਆ ਜਾਂਦਾ ਹੈ। ਪਿੰਡ ਵਿੱਚੋਂ ਹੀ ਕਿਸੇ ਰਿਟਾਇਰਡ ਅਧਿਆਪਕ ਜਾਂ ਰਿਟਾਇਰਡ ਕਰਮਚਾਰੀ ਨੂੰ ਬਤੌਰ ਸਿੱਖਿਆ ਮਾਹਿਰ ਕਮੇਟੀ ਵਿੱਚ ਲਿਆ ਜਾਂਦਾ ਹੈ।

ਇਹ ਕਮੇਟੀ ਸਕੂਲਾਂ ਨੂੰ ਜਾਰੀ ਵੱਖ ਵੱਖ ਤਰ੍ਹਾਂ ਦੀਆਂ ਗ੍ਰਾਂਟਾਂ ਨੂੰ ਖ਼ਰਚਣ ਅਤੇ ਬਾਕੀ ਪ੍ਰਬੰਧਕੀ ਕੰਮਾਂ ਲਈ ਜੁਆਬ-ਦੇਹ ਹੁੰਦੀ ਹੈ।ਪ੍ਰੰਤੂ ਪੰਜਾਬ ਦੀ ਆਪ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਫਰਮਾਨ ਮੁਤਾਬਕ ਇਸ ਵਾਰ ਸਿੱਖਿਆ ਮਾਹਰ ਸਰਕਾਰੀ ਸਿਫਾਰਿਸ਼ ਤੇ ਪ੍ਰਬੰਧਕੀ ਕਮੇਟੀਆਂ ਵਿੱਚ ਲਏ ਜਾਣਗੇ ਇਸ ਤੋਂ ਬਿਨਾਂ ਹਲਕਾ ਐਮ.ਐਲ.ਏ .ਦੀ ਸਿਫਾਰਸ਼ ਨਾਲ ਸਿਆਸੀ ਕਾਰਜ ਕਰਤਾ ਨੂੰ ਵੀ ਸਿੱਖਿਆ ਕਮੇਟੀਆਂ ਵਿੱਚ ਸਕੂਲ ਪ੍ਰਬੰਧਕ ਕਮੇਟੀਆਂ ਵਿੱਚ ਲਿਆ ਜਾਣਾ ਬਾਕੀ ਹੈ।

ਅਧਿਆਪਕ ਆਗੂਆਂ ਨੇ ਸਰਕਾਰ ਦੀ ਇਸ ਗੈਰ ਜਮਹੂਰੀ ਰਵਈਏ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਕੂਲ ਪ੍ਰਬੰਧਕ ਕਮੇਟੀਆਂ ਨੂੰ ਸਿਆਸੀ ਅਖਾੜਾ ਬਣਾਉਣ ਤੋਂ ਗੁਰੇਜ ਕੀਤਾ ਜਾਵੇ ਇਸ ਤਰਾਂ ਕਰਨ ਨਾਲ ਸਕੂਲਾਂ ਅੰਦਰ ਵਿੱਦਿਅਕ ਮਾਹੌਲ ਤੇ ਨਾਂਹ ਪੱਖੀ ਅਸਰ ਪਵੇਗਾ। ਆਗੂਆਂ ਨੇ ਪ੍ਰਬੰਧਕੀ ਕਮੇਟੀ ਦੀ ਚੋਣ ਦੇ ਮਸਲੇ ਨੂੰ ਵਿਦਿਆਰਥੀਆਂ ਦੇ ਮਾਪਿਆਂ ਤੇ ਛੱਡਣ ਦੀ ਅਪੀਲ ਕਰਦਿਆਂ ਜਾਰੀ ਕੀਤੇ ਹੁਕਮਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ।

ਇਸ ਸਮੇਂ ਹੋਰਨਾਂ ਤੋਂ ਜਿਲ੍ਹਾ ਆਗੂ ਰਣਦੀਪ ਕੌਰ ਖਾਲਸਾ, ਬਲਜਿੰਦਰ ਕੌਰ, ਬਲਾਕ ਪ੍ਰਧਾਨ ਭੋਲਾ ਤਲਵੰਡੀ,ਭੁਪਿੰਦਰ ਸਿੰਘ ਮਾਈਸਰਖਾਨਾ, ਰਾਜਵਿੰਦਰ ਸਿੰਘ ਜਲਾਲ, ਬਲਕਰਨ ਕੋਟ ਸ਼ਮੀਰ, ਅਸ਼ਵਨੀ ਕੁਮਾਰ ਨੇ ਸਰਕਾਰ ਦੀ ਸਕੂਲਾਂ ਅੰਦਰ ਸਿਆਸੀ ਦਖਲ ਅੰਦਾਜੀ ਕਰਨ ਦੇ ਯਤਨਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।

 

Media PBN Staff

Media PBN Staff

Leave a Reply

Your email address will not be published. Required fields are marked *