Punjab News – ਸਿੱਖਿਆ ਵਿਭਾਗ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਦਫ਼ਤਰੀ ਮੁਲਾਜ਼ਮਾਂ ਨਾਲ ਐਨਾ ਵਿਤਕਰਾ ਕਿਉਂ, ਸਰਕਾਰ ਦੀ ਨੀਯਤ ‘ਤੇ ਉੱਠੇ ਸਵਾਲ- ਹੱਕ ‘ਚ ਡਟੀ DTF?
ਸਮੱਗਰਾ ਸਿੱਖਿਆ ਦੇ ਦਫ਼ਤਰੀ ਕਾਮਿਆਂ ਨੂੰ 01.04.2018 ਤੋਂ ਸਿੱਖਿਆ ਵਿਭਾਗ ਵਿੱਚ ਤੁਰੰਤ ਰੈਗੂਲਰ ਕਰੇ ਸਰਕਾਰ-ਡੀਟੀਐੱਫ ਪੰਜਾਬ
ਸਮੱਗਰਾ ਸਿੱਖਿਆ ਦੇ ਦਫ਼ਤਰੀ ਕਾਮਿਆਂ ਨਾਲ ਮੁੜ ਵਿਤਕਰਾ ਨਾ ਕਰੇ ਸਰਕਾਰ – ਵਿਕਰਮ ਦੇਵ ਸਿੰਘ / ਮਹਿੰਦਰ ਕੌੜਿਆਂਵਾਲੀ
Punjab News –
ਸਾਲ 2004 ਤੋਂ ਸਿੱਖਿਆ ਵਿਭਾਗ ਨੂੰ ਆਪਣੇ ਪੂਰੀ ਜ਼ਿੰਦਗੀ ਤਕਰੀਬਨ ਦੋ ਦਹਾਕੇ ਦਾ ਸਮਾਂ ਦੇਣ ਤੋਂ ਬਾਅਦ ਵੀ ਸਰਕਾਰ ਨੇ ਦਫਤਰੀ ਕਾਮਿਆਂ ਨੂੰ ਰੈਗੂਲਰ ਨਹੀਂ ਕੀਤਾ
ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਦਫ਼ਤਰੀ ਕਰਮਚਾਰੀਆਂ ਦਾ ਹੁਣ ਤੱਕ ਸ਼ੋਸ਼ਣ ਹੀ ਕੀਤਾ ਹੈ। ਸਿੱਖਿਆ ਵਿਭਾਗ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਦਫ਼ਤਰੀ ਕਰਮਚਾਰੀਆਂ ਨਾਲ ਐਨਾ ਵਿਤਕਰਾ ਕਿਓ? ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਮਲਕੀਤ ਸਿੰਘ ਹਰਾਜ, ਅਮਿਤ ਸ਼ਰਮਾ ਸਰਬਜੀਤ ਸਿੰਘ ਭਾਵੜਾ ਨੇ ਸਾਥੀਆਂ ਸਮੇਤ ਕੀਤਾ।
ਉਹਨਾਂ ਕਿਹਾ ਕਿ ਇਹਨਾਂ ਕਾਮਿਆਂ ਨੇ ਵਿਭਾਗ ਦੇ ਬਿਹਤਰੀ ਲਈ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਸਾਲ 2018 ਦੌਰਾਨ ਤਤਕਾਲੀ ਸਰਕਾਰ ਵੱਲੋਂ ਸਮੱਗਰਾ ਦੇ 8886 ਅਧਿਆਪਕਾਂ ਦੀਆਂ ਸੇਵਾਵਾਂ ਤਾਂ ਵਿਭਾਗ ਵਿੱਚ ਰੈਗੂਲਰ ਕਰ ਦਿੱਤੀਆਂ ਪਰ ਉਸ ਸਮੇਂ ਦੀ ਅਫ਼ਸਰਸ਼ਾਹੀ ਨੇ ਦਫ਼ਤਰੀ ਕਾਮਿਆਂ ਨਾਲ ਵਿਤਕਰਾ ਕੀਤਾ।ਉਹਨਾਂ ਕਿਹਾ ਕਿ ਇਹਨਾਂ ਦਫ਼ਤਰੀ ਕਾਮਿਆਂ ਵੱਲੋਂ ਲਗਾਤਾਰ ਸੰਘਰਸ਼ ਦਾ ਦੌਰ ਜਾਰੀ ਰੱਖਿਆ।
ਜਿਸਦੇ ਸਿੱਟੇ ਵਜੋਂ ਸੂਬੇ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਫ਼ਤਰੀ ਕਰਮਚਾਰੀਆਂ ਨੂੰ ਵੀ ਅਧਿਆਪਕਾਂ ਦੀ ਤਰਜ ਤੇ ਰੈਗੂਲਰ ਕਰਨ ਦੇ ਹੁਕਮ ਜਾਰੀ ਕੀਤੇ ਪਰ ਅਫ਼ਸਰਸ਼ਾਹੀ ਨੇ ਇਕ ਸਾਲ ਤੱਕ ਕਰਮਚਾਰੀਆਂ ਦੀ ਰੈਗੂਲਰਾਈਜੇਸ਼ਨ ਨੂੰ ਕਾਗਜ਼ਾਂ ਤੱਕ ਹੀ ਸੀਮਤ ਰੱਖਿਆ। ਉਹਨਾਂ ਕਿਹਾ ਕਿ ਇਹਨਾਂ ਮੁਲਾਜ਼ਮਾਂ ਵੱਲੋਂ ਫਿਰ ਦਸੰਬਰ 2024 ਵਿੱਚ ਸੰਘਰਸ਼ ਕੀਤਾ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਅਫਸਰ ਕਮੇਟੀ ਨੂੰ ਮਾਮਲਾ ਇਕ ਮਹੀਨੇ ਵਿੱਚ ਤੈਅ ਕਰਨ ਦੇ ਹੁਕਮ ਦਿੱਤੇ।
ਇਸ ਦੇ ਨਾਲ ਹੀ ਕਰਮਚਾਰੀਆਂ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ, ਜਿਸ ਦੌਰਾਨ ਸੂਬੇ ਵਿਚ ਆਪਣੀ ਹੰਕਾਰੀ ਬਿਰਤੀ ਲਈ ਜਾਣੇ ਜਾਂਦੇ ਅਫਸਰ ਨੇ ਮੁੜ ਅਦਾਲਤ ਵਿੱਚ ਵੀ ਰੈਗੂਲਰ ਦਾ ਮਾਮਲਾ ਉਲਝਾਉਣ ਦੀ ਪੂਰੀ ਵਾਹ ਲਗਾਈ। ਅਦਾਲਤ ਵੱਲੋਂ ਅਧਿਆਪਕਾਂ ਦੀ ਤਰਜ ਤੇ ਰੈਗੂਲਰ ਕਰਨ ਦੇ ਹੁਕਮ ਸਿੱਖਿਆ ਵਿਭਾਗ ਨੂੰ ਸੁਣਾਏ ਪਰ ਹੁਣ ਮੁੜ ਸਿੱਖਿਆ ਵਿਭਾਗ ਦੇ ਕੁਝ ਅਫਸਰ ਦਫ਼ਤਰੀ ਕਰਮਚਾਰੀਆਂ ਨਾਲ ਮੁੜ ਵਿਤਕਰਾ ਕਰਨ ਦੀ ਰਣਨੀਤੀ ਬਣਾਈ ਬੈਠੇ ਹਨ।
ਉਹਨਾਂ ਦੱਸਿਆ ਕਿ 15-20 ਸਾਲਾਂ ਤੋਂ ਕੰਮ ਕਰ ਰਹੇ ਏ.ਪੀ.ਸੀ/ਏ.ਐਮ, ਲੇਖਾਕਾਰ, ਫਿਜਿਓਥੈਰਪਿਸਟ, ਕੰਪਿਊਟਰ ਪ੍ਰੋਗਰਾਮਰ ਨੂੰ ਡਾਟਾ ਐਟਰੀ ਆਪਰੇਟਰ ਬਣਾਉਣ ਦੀ ਤਜਵੀਜ਼ ਘੜੀ ਜਾ ਰਹੀ ਹੈ ਜਦਕਿ ਲੀਗਲ ਸਹਾਇਕ, ਜੂਨੀਅਰ ਇੰਜੀਨੀਅਰ, ਸੀਨੀਅਰ ਲੈਬ ਅਟੈਡੈਂਟ, ਲਾਇਬ੍ਰੇਰੀਅਨ, ਡਰਾਇਵਰ, ਐਮ.ਆਈ.ਐਸ ਨੂੰ ਉਨ੍ਹਾਂ ਦੀਆਂ ਮੌਜੂਦਾ ਅਸਾਮੀਆਂ ਤੇ ਰੈਗੂਲਰ ਕਰਨ ਦੀ ਤਜਵੀਜ਼ ਬਣਾ ਕੇ ਦਫ਼ਤਰੀ ਕਾਮਿਆਂ ਵਿੱਚ ਹੀ ਵਿਤਕਰਾ ਪਾਇਆ ਜਾ ਰਿਹਾ ਹੈ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਦਫ਼ਤਰੀ ਕਰਮਚਾਰੀਆਂ ਨੂੰ ਅਧਿਆਪਕਾਂ ਦੀ ਤਰਜ ਤੇ 014.04.2018 ਤੋਂ ਸਿੱਖਿਆ ਵਿਭਾਗ ਵਿੱਚ ਉਨ੍ਹਾਂ ਦੇ ਮੌਜੂਦਾ ਅਹੁਦਿਆਂ ਤੇ ਰੈਗੂਲਰ ਕਰੇ ਅਤੇ ਪੋਸਟਾਂ ਦਾ ਰੈਂਕ ਘਟਾ ਕੇ ਵਿਤਕਰਾ ਨਾ ਕਰੇ। ਉਹਨਾਂ ਕਿਹਾ ਕਿ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਇਹਨਾਂ ਸਾਥੀਆਂ ਦੇ ਸੰਘਰਸ਼ ਵਿੱਚ ਹਮੇਸ਼ਾਂ ਅੰਗ ਸੀ ਅਤੇ ਰਹੇਗੀ।
ਆਗੂਆਂ ਨੇ ਕਿਹਾ ਜੇਕਰ ਸਰਕਾਰ ਜਾਂ ਵਿਭਾਗ ਨੇ ਤਨਖਾਹ ਘਟਾਉਣ ਜਾਂ ਪੋਸਟਾਂ ਦੀ ਹੇਰਾਫੇਰੀ ਦੀ ਨੀਤੀ ਤੋਂ ਪਿੱਛੇ ਨਾ ਹਟੇ ਤਾਂ ਇਹਨਾਂ ਸਾਥੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਗੁਰਵਿੰਦਰ ਸਿੰਘ ਖੋਸਾ, ਸਵਰਨ ਸਿੰਘ ਜੋਸਨ, ਮਨੋਜ ਕੁਮਾਰ, ਨਰਿੰਦਰ ਸਿੰਘ ਜੰਮੂ, ਸੰਦੀਪ ਕੁਮਾਰ ਮੱਖੂ, ਅਰਸ਼ਦੀਪ ਸਿੰਘ, ਅਸ਼ਵਿੰਦਰ ਸਿੰਘ, ਅਰਵਿੰਦ ਗਰਗ, ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ।

