ਦੇਸ਼ ਨੂੰ ਹਰਿਆ ਭਰਿਆ ਬਣਾਉਣ ਲਈ ਪਿੰਡ ਢਾਬਾਂ ਦੇ ਨੌਜਵਾਨਾਂ ਨੇ ਬੂਟੇ ਲਾਉਣ ਦੀ ਕੀਤੀ ਨਿਵੇਕਲੀ ਪਹਿਲ!
ਨੌਜਵਾਨਾਂ ਵੱਲੋਂ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਲੰਘਦੀਆਂ ਸੜਕਾਂ ਦੇ ਕਿਨਾਰੇ ਮਿੱਟੀ ਪਾਉਣ ਅਤੇ ਜਗ੍ਹਾ ਛੱਡਣ ਦੀ ਅਪੀਲ!
ਜੰਗਲਾਤ ਵਿਭਾਗ ਦੇ ਬਲਾਕ ਅਫਸਰ ਪਵਨ ਕੁਮਾਰ ਦਾ ਕੀਤਾ ਧੰਨਵਾਦ!
ਰਣਬੀਰ ਕੌਰ ਢਾਬਾਂ, ਜਲਾਲਾਬਾਦ:
ਅੱਤ ਦੀ ਪੈ ਰਹੀ ਗਰਮੀ, ਵਧ ਰਹੇ ਹਵਾ ਪ੍ਰਦੂਸ਼ਣ ਅਤੇ ਡੂੰਘੇ ਹੋ ਰਹੇ ਪਾਣੀ ਦੀ ਚਿੰਤਾ ਨੂੰ ਲੈ ਕੇ ਜਿੱਥੇ ਪੂਰੇ ਸਮਾਜ ਵਿੱਚ ਇਸ ਗੱਲ ਦੀ ਚਰਚਾ ਪਾਈ ਜਾ ਰਹੀ ਹੈ, ਉਥੇ ਹੀ ਜਾਗ੍ਰਿਤ ਪਿੰਡਾਂ ਦੇ ਨੌਜਵਾਨ ਇਨਾਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਆ ਰਹੇ ਹਨ। ਪਿੰਡ ਢਾਬ ਖੁਸ਼ਹਾਲ ਜੋਈਆ ਦੇ ਸਰਬ ਭਾਰਤ ਨੌਜਵਾਨ ਸਭਾ ਦੇ ਨੌਜਵਾਨਾਂ ਨੇ ਆਪਣੇ ਪਿੰਡ ਅਤੇ ਆਸ ਪਾਸ ਦੇ ਖੇਤਰ ਵਿੱਚ ਬੂਟੇ ਲਿਆ ਕੇ ਲਾਉਣ ਦੀ ਨਿਵੇਕਲੀ ਪਹਿਲ ਕਦਮੀ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਨੌਜਵਾਨ ਰਾਜ ਸਿੰਘ, ਬਲਜਿੰਦਰ ਸਿੰਘ, ਵਰਿੰਦਰ ਸਿੰਘ, ਅਰਵੀਨ ਢਾਬਾਂ, ਬਲਜਿੰਦਰ ਨਿੱਕਾ, ਸੁਖਵਿੰਦਰ ਸਿੰਘ ਸੁੱਖਾ, ਅਰਸ਼ਦੀਪ ਸਿੰਘ, ਅਮਨਦੀਪ ਸਿੰਘ,ਰਾਜ ਸਿੰਘ ਕਾਰਪੇਂਟਰ,ਗਗਨਦੀਪ ਸਿੰਘ,ਅਜੇ ਅਤੇ ਸੂਬਾ ਸਿੰਘ ਨੇ ਪਿੰਡ ਰੱਤਾ ਖੇੜ ਵਿਖੇ ਬਣੀ ਨਰਸਰੀ ਤੋਂ 300 ਦੇ ਕਰੀਬ ਬੂਟੇ ਲਗਾ ਕੇ ਆਪਣੇ ਪਿੰਡ ਦੇ ਵੱਖ ਵੱਖ ਜਗ੍ਹਾਂ ਤੇ ਲਗਵਾਏ ਹਨ।
ਇਸ ਸਬੰਧੀ ਪਿੰਡ ਦੇ ਨੌਜਵਾਨਾਂ ਨੇ ਜੰਗਲਾਤ ਵਿਭਾਗ ਦੇ ਬਲਾਕ ਅਫਸਰ ਪਵਨ ਕੁਮਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹਨਾਂ ਕੋਲ ਜਦੋਂ ਉਹ ਬੂਟੇ ਲੈਣ ਗਏ ਤਾਂ ਉਹਨਾਂ ਨੇ ਉਤਸ਼ਾਹ ਪੂਰਵਕ ਢੰਗ ਨਾਲ ਉਹਨਾਂ ਨੂੰ ਸਿਰਫ ਬੂਟੇ ਹੀ ਨਹੀਂ ਦਿੱਤੇ, ਸਗੋਂ ਇਸ ਤੋਂ ਇਲਾਵਾ ਹੋਰ ਦਰਖਤ ਲਗਾਉਣ ਲਈ ਪ੍ਰੇਰਿਤ ਕੀਤਾ ਹੈ। ਇਸ ਸਬੰਧੀ ਪਿੰਡ ਦੇ ਨੌਜਵਾਨਾਂ ਨੇ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਜਮੀਨ ਵਿੱਚੋਂ ਲੰਘਦੀਆਂ ਸੜਕਾਂ ਦੀਆਂ ਸਾਈਡਾਂ ਤੇ ਮਿੱਟੀ ਪਾਉਣ ਅਤੇ ਦਰੱਖਤ ਲਾਉਣ ਲਈ ਜਗ੍ਹਾ ਛੱਡਣ ਤਾਂ ਕਿ ਅਸੀਂ ਆਪਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਵਡਮੁੱਲਾ ਜੀਵਨ ਬਚਾ ਸਕੀਏ।