ਇੰਡੀਅਨ ਜਰਨਲਿਸਟਸ ਯੂਨੀਅਨ ਦੇ ਬਲਵਿੰਦਰ ਜੰਮੂ ਪ੍ਰਧਾਨ ਤੇ ਸੋਮ ਸੁੰਦਰ ਸਕੱਤਰ ਜਨਰਲ ਬਣੇ
ਇੰਡੀਅਨ ਜਰਨਲਿਸਟਸ ਯੂਨੀਅਨ ਦੇ ਬਲਵਿੰਦਰ ਜੰਮੂ ਪ੍ਰਧਾਨ ਤੇ ਸੋਮ ਸੁੰਦਰ ਸਕੱਤਰ ਜਨਰਲ ਬਣੇ
ਜਸਬੀਰ ਸਿੰਘ ਕੰਬੋਜ, ਚੰਡੀਗੜ੍ਹ/ ਫ਼ਿਰੋਜ਼ਪੁਰ
ਪ੍ਰੈੱਸ ਕੌਸਲ ਆਫ ਇੰਡੀਆਂ ਦੇ ਸਾਬਕਾ ਮੈਬਰ ਅਤੇ ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਅੱਜ ਇੰਡੀਅਨ ਜਰਨਲਿਸਟਸ ਯੂਨੀਅਨ (ਆਈ.ਜੇ.ਯੂ) ਦੇ ਪ੍ਰਧਾਨ ਚੁਣੇ ਗਏ ਜਦਕਿ ਆਂਧਰਾ ਪ੍ਰਦੇਸ਼ ਦੇ ਸੀਨੀਅਰ ਪੱਤਰਕਾਰ ਸੋਮ ਸੁੰਦਰ ਸਕੱਤਰ ਜਨਰਲ ਚੁਣੇ ਗਏ ਹਨ। ਯੂਨੀਅਨ ਦੇ ਸੈੰਟਰਲ ਰਿਟਰਟਿੰਗ ਅਧਿਕਾਰੀ ਮਹੇਸ਼ ਕੁਮਾਰ ਸਿਨਹਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇੰਡੀਅਨ ਜਰਨਲਿਸਟਸ ਯੂਨੀਅਨ ਦੇਸ਼ ਦੇ ਪੱਤਰਕਾਰਾਂ ਦਾ ਸੱਭ ਤੋ ਵੱਡੀ ਯੂਨੀਅਨ ਹੈ। ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਦੀ ਸੱਭ ਤੋ ਵੱਡੀ ਯੂਨੀਅਨ ਦੇ ਕਿਸੇ ਪੱਤਰਕਾਰ ਨੂੰ ਪਹਿਲੀ ਵਾਰ ਕੌਮੀ ਪੱਧਰ ’ਤੇ ਯੂਨੀਅਨ ਦਾ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਹੈ। ਅੱਜ ਚੰਡੀਗੜ੍ਹ ਪ੍ਰੈਸ ਕਲੱਬ ਦੇ ਦਫਤਰ ਵਿਖੇ ਸੱਦੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਪੰਜਾਬ ਐੰਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਪ੍ਰਧਾਨ ਬਲਬੀਰ ਜੰਡੂ, ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ, ਜਨਰਲ ਸਕੱਤਰ ਭੂਸ਼ਨ ਸੂਦ, ਸਕੱਤਰ ਸੰਤੋਖ ਗਿੱਲ, ਭੁਪਿੰਦਰ ਮਲਿਕ, ਦਵਿੰਦਰ ਸਿੰਘ ਭੰਗੂ, ਬਲਵਿੰਦਰ ਸਿਪਰੇ, ਜਸਬੀਰ ਸਿੰਘ ਕੰਬੋਜ ਮਮਦੋਟ ਚੇਅਰਮੈਨ ਫਿਰੋਜ਼ਪੁਰ ਦਿਹਾਤੀ ਯੂਨਿਟ, , ਰਾਜਨ ਮਾਨ, ਡੀ.ਪੀ ਧਵਨ, ਬਲਦੇਵ ਸ਼ਰਮਾ ਸਟੇਟ ਕਮੇਟੀ ਮੈਂਬਰ, , ਅਸ਼ੋਕ ਭਾਰਦਵਾਜ ਫਿਰੋਜਪੁਰ , ਰਵਿੰਦਰ ਕਾਲਾ ਮਮਦੋਟ, ਜਸਵੰਤ ਸਿੰਘ, ਨਿਰਮਲ ਪੰਡੋਰੀ, ਬਲਵਿੰਦਰ ਸਿੰਘ ਭੰਗੂ, ਸਰਬਜੀਤ ਸਿੰਘ ਭੱਟੀ, ਸੁਖਨੈਬ ਸਿੱਧੂ, ਗੁਰ ਉਪਦੇਸ਼ ਭੁੱਲਰ, ਪਰਵਿੰਦਰ ਜੋੜਾ ਤੇ ਹੋਰਨਾਂ ਨੇ ਬਲਵਿੰਦਰ ਜੰਮੂ ਦੀ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਦੱਸਿਆ ਜਾਂਦਾ ਹੈ ਕਿ ਬਲਵਿੰਦਰ ਜੰਮੂ ਦਾ ਜਨਮ ਪਿੰਡ ਗਰਰੌਲਾ (ਪਟਿਆਲਾ) ਵਿਖੇ ਹੋਇਆ। ਉਹ ਕਾਲਜ ਸਮੇਂ ਤੋਂ ਹੀ ਵਿਦਿਆਰਥੀ ਸਿਆਸਤ ਨਾਲ ਜੁੜ ਗਏ ਸਨ। ਸਾਲ 1977-78 ‘ਚ ਆਲ ਇੰਡੀਆਂ ਸਟੂਡੈਟਸ ਫੈਡਰੇਸ਼ਨ ਵਿਚ ਸ਼ਾਮਲ ਹੋਏ ਅਤੇ ਪਟਿਆਲਾ ਤੋਂ ਪ੍ਰਧਾਨ ਬਣੇ।ਸਾਲ 1980-81 ‘ਚ ਬਲਵਿੰਦਰ ਜੰਮੂ ਪਟਿਆਲਾ ਦੇ ਮੁਲਤਾਨੀ ਮਲ ਮੋਦੀ ਕਾਲਜ ‘ਚ ਪੜ੍ਹਨ ਦੌਰਾਨ ‘ਸਟੂਡੈਂਟ ਕਾਉਂਸਿਲ’ ਦੇ ਪ੍ਰਧਾਨ ਬਣੇ। ਉਹਨਾਂ ਨੂੰ 1985 ‘ਚ ਆਲ ਇੰਡੀਆਂ ਸਟੂਡੈਟ ਫੈਡਰੇਸ਼ਨ ਦਾ ਸੁਬਾਈ ਪ੍ਰਧਾਨ ਬਣਾ ਦਿੱਤਾ ਗਿਆ। ਵਿਦਿਆਰਥੀ ਜੀਵਨ ਦੌਰਾਨ ਦਿੱਲੀ ਬੋਟ ਕਲੱਬ ਵਿਖੇ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਤੇ ਪੰਜ ਦਿਨਾਂ ਤੱਕ ਤਿਹਾੜ ਜੇਲ੍ਹ ਵਿਚ ਬੰਦ ਰਹੇ। ਸ਼੍ਰੀ ਜੰਮੂ ਨੇ ਪੱਤਰਕਾਰੀ ਦਾ ਸਫ਼ਰ 1990 ‘ਚ ‘ਨਵਾਂ ਜ਼ਮਾਨਾਂ’ ਵਿਚ ਬਤੌਰ ਸਬ-ਐਡੀਟਰ ਸ਼ੁਰੂ ਕੀਤਾ। ਉਹ 1993 ‘ਚ ਪੰਜਾਬੀ ਟ੍ਰਿਬਿਊਨ ਨਾਲ ਜੁੜ ਗਏ ਅਤੇ ਵੱਖ-ਵੱਖ ਅਹੁੱਦਿਆਂ ‘ਤੇ 27 ਵਰ੍ਹੇ ਕੰਮ ਕੀਤਾ। ਉਹ ਟ੍ਰਿਬਿਊਨ ਇੰਪਲਾਈਜ਼ ਯੂਨੀਅਨ ਦੇ ਵੀ ਤਿੰਨ ਵਾਰ ਜਰਨਲ ਸਕੱਤਰ ਰਹੇ। ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ’ ਦੇ ਬਾਨੀ ਮੈਂਬਰ ਹਨ ਅਤੇ ਮਈ 2022 ਤੱਕ ਯੂਨੀਅਨ ਦੇ ਸੂਬਾਈ ਪ੍ਰਧਾਨ ਰਹੇ। ਉਹ ‘ਚੰਡੀਗੜ੍ਹ ਪ੍ਰੈਸ ਕਲੱਬ’ ਦੇ ਦੋ ਵਾਰ ਦੇ ਮੀਤ ਪ੍ਰਧਾਨ, ਦੋ ਵਾਰ ਸੀਨੀਅਰ ਮੀਤ ਪ੍ਰਧਾਨ ਅਤੇ ਇਕ ਵਾਰ ਪ੍ਰਧਾਨ ਰਹਿ ਚੁੱਕੇ ਹਨ।

