ਸਿੱਖਿਆ ਵਿਭਾਗ ਮਾਸਟਰ ਕੇਡਰ ‘ਚ ਤਰੱਕੀਆਂ ਦੀ ਯੋਗਤਾ ਮਿਤੀ ‘ਚ ਕਰੇ ਸੋਧ; ਯੂਨੀਅਨ ਨੇ ਕੀਤੀ ਮੰਗ
ਬਠਿੰਡਾ
ਸਕੂਲ ਸਿੱਖਿਆ ਵਿਭਾਗ ਦੇ ਨਾਨ-ਟੀਚਿੰਗ ਸਟਾਫ਼ ਜਿਵੇਂ ਕਲਰਕ, ਐੱਸ.ਐੱਲ.ਏ., ਲਾਇਬ੍ਰੇਰੀਅਨ ਅਤੇ ਲਾਇਬ੍ਰੇਰੀ ਰਿਸਟੋਰਰ ਨੇ ਵੱਡੀ ਗਿਣਤੀ ਵਿੱਚ ਨਾਨ-ਟੀਚਿੰਗ ਤੋਂ ਮਾਸਟਰ ਕੇਡਰ ਦੀਆਂ ਤਰੱਕੀਆਂ ਦੀ ਯੋਗਤਾ ਮਿਤੀ ਵਿੱਚ ਸੋਧ ਕਰਨ ਦੀ ਮੰਗ ਕੀਤੀ ਹੈ।
ਇਸ ਬਾਰੇ ਦੱਸਦਿਆਂ ਨਾਨ-ਟੀਚਿੰਗ ਸਟਾਫ਼ ਦੇ ਆਗੂਆਂ ਜਸਪ੍ਰੀਤ ਸਿੰਘ ਸਿੱਧੂ, ਸਰਬਜੀਤ ਕੌਰ, ਅਰਵਿੰਦ ਅਤੇ ਸਿਮਰਨ ਨੇ ਦੱਸਿਆ ਕਿ ਵਿਭਾਗ ਨੇ ਇਨ੍ਹਾਂ ਤਰੱਕੀਆਂ ਦੀ ਯੋਗਤਾ ਮਿਤੀ 2 ਜੂਨ 2025 ਰੱਖੀ ਹੈ। ਜਦੋਕਿ ਹਰ ਯੂਨੀਵਰਸਿਟੀ ਦੇ ਇਮਤਿਹਾਨ ਮਈ-ਜੂਨ ਵਿੱਚ ਹੋ ਕੇ ਨਤੀਜੇ ਜੁਲਾਈ-ਅਗਸਤ ਵਿੱਚ ਆਉਂਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਹੁਣ ਸਾਡਾ ਬੀ.ਐਡ ਅਤੇ ਐਡੀਸ਼ਨਲ ਪੇਪਰਾਂ ਦਾ ਨਤੀਜਾ ਆ ਚੁੱਕਾ ਹੈ ਅਤੇ ਤਰੱਕੀਆਂ ਲਈ ਸਭ ਤੋਂ ਜਰੂਰੀ ਟੈੱਟ ਦੀ ਪ੍ਰੀਖਿਆ ਪਹਿਲਾਂ ਹੀ ਪਾਸ ਕਰ ਚੁੱਕੇ ਹਨ।
ਜਦੋਂ ਕਿ ਅਗਸਤ ਮਹੀਨਾ ਵੀ ਖ਼ਤਮ ਹੋਣ ਵਾਲਾ ਹੈ ਪਰ ਅਜੇ ਤੱਕ ਤਰੱਕੀਆਂ ਨਹੀਂ ਹੋਈਆਂ। ਇੱਥੇ ਜਿਕਰਯੋਗ ਹੈ ਕਿ ਨਾਨ-ਟੀਚਿੰਗ ਤੋਂ ਮਾਸਟਰ ਕੇਡਰ ਦੀਆਂ ਤਰੱਕੀਆਂ ਦਾ ਕੋਟਾ ਸਿਰਫ਼ 1% ਹੈ।
ਜਿਸ ਕਾਰਨ ਵੱਡੀ ਪੱਧਰ ‘ਤੇ ਮੁਲਾਜ਼ਮਾਂ ਦੇ ਤਰੱਕੀਆਂ ਤੋਂ ਵਾਂਝੇ ਰਹਿ ਜਾਣ ਦਾ ਖਦਸ਼ਾ ਹੈ। ਇਸ ਲਈ ਵਿਭਾਗ ਨੂੰ ਤਰੱਕੀਆਂ ਦੀ ਯੋਗਤਾ ਮਿਤੀ ਵਿੱਚ ਸੋਧ ਕਰਕੇ ਸਾਰੇ ਮੁਲਾਜ਼ਮਾਂ ਨੂੰ ਤਰੱਕੀ ਦਾ ਮੌਕਾ ਦੇਣਾ ਚਾਹੀਦਾ ਹੈ।

