Education News- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਿਮਾਹੀ ਪ੍ਰੀਖਿਆ ਦਾ ਸ਼ਡਿਊਲ ਜਾਰੀ
Education News- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੀ ਪੰਜਾਬੀ ਵਾਧੂ ਵਿਸ਼ੇ ਦੀ ਸਾਲ 2025 ਦੀ ਤੀਜੀ ਤਿਮਾਹੀ ਦੀ ਪ੍ਰੀਖਿਆ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਹ ਪ੍ਰੀਖਿਆ ਅਕਤੂਬਰ ਮਹੀਨੇ ਹੋਣੀ ਹੈ।
ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ ਪ੍ਰੀਖਿਆ ਫਾਰਮ ਭਲਕੇ ਇਕ ਅਕਤੂਬਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤਾ ਜਾਵੇਗਾ।
ਬੁਲਾਰੇ ਨੇ ਦੱਸਿਆ ਕਿ ਪ੍ਰੀਖਿਆ ਫਾਰਮ ਅਤੇ ਫ਼ੀਸ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ 17 ਅਕਤੂਬਰ ਨਿਰਧਾਰਿਤ ਕੀਤੀ ਗਈ ਹੈ। ਪ੍ਰੀਖਿਆ ਫਾਰਮਾਂ ਦੀ ਹਾਰਡ ਕਾਪੀ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 21 ਅਕਤੂਬਰ ਰੱਖੀ ਗਈ ਹੈ।
ਬੁਲਾਰੇ ਨੇ ਇਹ ਵੀ ਦੱਸਿਆ ਕਿ ਉਮੀਦਵਾਰਾਂ ਦੇ ਰੋਲ ਨੰਬਰ 24 ਅਕਤੂਬਰ ਤੱਕ ਬੋਰਡ ਦੀ ਵੈੱਬਸਾਈਟ ‘ਤੇ ਅਪਲੋਡ ਕੀਤੇ ਜਾਣਗੇ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ-ਏ ਦੀ ਪ੍ਰੀਖਿਆ 30 ਅਕਤੂਬਰ ਨੂੰ ਹੋਵੇਗੀ ਅਤੇ ਪੰਜਾਬੀ-ਬੀ ਦੀ ਪ੍ਰੀਖਿਆ 31 ਅਕਤੂਬਰ ਨੂੰ ਹੋਵੇਗੀ। ਬੁਲਾਰੇ ਨੇ ਕਿਹਾ ਕਿ ਪ੍ਰੀਖਿਆ ਫਾਰਮ ਜਮ੍ਹਾਂ ਕਰਦੇ ਸਮੇਂ ਸਬੰਧਿਤ ਉਮੀਦਵਾਰ ਨੂੰ 10ਵੀਂ ਜਮਾਤ ਪਾਸ ਕਰਨ ਦਾ ਆਪਣਾ ਅਸਲ ਸਰਟੀਫਿਕੇਟ, ਫੋਟੋ ਪਛਾਣ ਪੱਤਰ ਅਤੇ ਉਸ ਦੀਆਂ ਤਸਦੀਕਸ਼ੁਦਾ ਕਾਪੀਆਂ ਆਪਣੇ ਨਾਲ ਲਿਆਉਣੀਆਂ ਪੈਣਗੀਆਂ।
ਪ੍ਰੀਖਿਆ ਫਾਰਮ ਅਤੇ ਦਸਵੀਂ ਜਮਾਤ ਪਾਸ ਕਰਨ ਦੇ ਸਰਟੀਫਿਕੇਟ ਅਤੇ ਆਧਾਰ ਕਾਰਡ ਦੀ ਤਸਦੀਕਸ਼ੁਦਾ ਹਾਰਡ ਕਾਪੀ ਨਿਰਧਾਰਤ ਮਿਤੀ ਤੱਕ ਸਿੱਖਿਆ ਬੋਰਡ ਦੇ ਮੋਹਾਲੀ ਸਥਿਤ ਮੁੱਖ ਦਫ਼ਤਰ ‘ਚ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ।
ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਹੈ ਤਾਂ ਸਬੰਧਿਤ ਉਮੀਦਵਾਰ ਦਾ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ। ਇਸ ਦੀ ਸਾਰੀ ਜ਼ਿੰਮੇਵਾਰੀ ਸਬੰਧਿਤ ਉਮੀਦਵਾਰ ਦੀ ਹੋਵੇਗੀ। ਬੁਲਾਰੇ ਨੇ ਦੱਸਿਆ ਕਿ ਇਸ ਪ੍ਰੀਖਿਆ ਸਬੰਧੀ ਹੋਰ ਸਾਰੀ ਜਾਣਕਾਰੀ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ‘ਤੇ ਵੀ ਉਪਲੱਬਧ ਕਰਵਾਈ ਗਈ ਹੈ।

