ਕੀ ‘ਬੰਦੀ ਸਿੱਖ’ ਦਵਿੰਦਰਪਾਲ ਭੁੱਲਰ ਹੋਣਗੇ ਰਿਹਾਅ?
ਭਾਜਪਾ ਬੁਲਾਰੇ ਨੇ ਦਿੱਲੀ ਸਰਕਾਰ ਤੋਂ ਦਖਲ ਕੀਤੀ ਦੀ ਮੰਗ, ਭੁੱਲਰ ਦੀ ਰਿਹਾਈ ਦੀ ਕੀਤੀ ਜਾਵੇ ਸਿਫਾਰਸ਼
ਨਵੀਂ ਦਿੱਲੀ
ਭਾਰਤੀ ਜਨਤਾ ਪਾਰਟੀ (BJP) ਦੇ ਕੌਮੀ ਬੁਲਾਰੇ ਆਰਪੀ ਸਿੰਘ ਨੇ ‘ਬੰਦੀ ਸਿੱਖ’ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਤੱਕ ਭੁੱਲਰ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਦੀਵਾਲੀ ਨਹੀਂ ਮਨਾਉਣਗੇ। ਆਰਪੀ ਸਿੰਘ ਨੇ ਇਹ ਜਾਣਕਾਰੀ ਆਪਣੇ ਇੱਕ ਟਵੀਟ ਰਾਹੀਂ ਸਾਂਝੀ ਕੀਤੀ।
ਆਰਪੀ ਸਿੰਘ ਨੇ ਆਪਣੇ ਟਵੀਟ ਵਿੱਚ ਲਿਖਿਆ, “ਮੈਂ 2022 ਤੋਂ ਦੀਵਾਲੀ ਨਹੀਂ ਮਨਾਈ ਹੈ ਅਤੇ ਇਸ ਵਾਰ ਵੀ ਨਹੀਂ ਮਨਾਵਾਂਗਾ, ਕਿਉਂਕਿ ਮਾਨਸਿਕ ਰੋਗ ਤੋਂ ਪੀੜਤ ਦਵਿੰਦਰਪਾਲ ਸਿੰਘ ਭੁੱਲਰ ਪਿਛਲੇ 28 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ।”
ਉਨ੍ਹਾਂ ਨੇ ਭੁੱਲਰ ਦੀ ਸਿਹਤ ਸਥਿਤੀ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਦਵਿੰਦਰਪਾਲ ਸਿੰਘ ਭੁੱਲਰ ਦਾ ਪਿਛਲੇ 14 ਸਾਲਾਂ ਤੋਂ ਅੰਮ੍ਰਿਤਸਰ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਭੁੱਲਰ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਅਤੇ ਉਹ ਗੰਭੀਰ ਮਾਨਸਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।
ਭਾਜਪਾ ਬੁਲਾਰੇ ਨੇ ਇਸ ਮਾਮਲੇ ਵਿੱਚ ਦਿੱਲੀ ਸਰਕਾਰ (Delhi Government) ਤੋਂ ਦਖਲ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਭੁੱਲਰ ਦੀ ਮਾਨਸਿਕ ਹਾਲਤ ਅਤੇ ਵਿਗੜਦੀ ਸਿਹਤ ਨੂੰ ਦੇਖਦੇ ਹੋਏ, ਮਾਨਵਤਾ ਦੇ ਆਧਾਰ (Humanitarian Grounds) ‘ਤੇ ਉਨ੍ਹਾਂ ਦੀ ਰਿਹਾਈ ਦੀ ਸਿਫਾਰਸ਼ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਭੁੱਲਰ ਦੀ ਰਿਹਾਈ ਦਾ ਮਾਮਲਾ ਸਿੱਖ ਸਿਆਸਤ ਵਿੱਚ ਇੱਕ ਸੰਵੇਦਨਸ਼ੀਲ ਮੁੱਦਾ ਰਿਹਾ ਹੈ ਅਤੇ ਸਮੇਂ-ਸਮੇਂ ‘ਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਇਸਨੂੰ ਚੁੱਕਿਆ ਜਾਂਦਾ ਰਿਹਾ ਹੈ।

