ਵੱਡੀ ਖ਼ਬਰ: ਖੇਤੀਬਾੜੀ ਮੰਤਰੀ ਦਾ ਦੇਹਾਂਤ
ਨੈਸ਼ਨਲ ਡੈਸਕ
ਗੋਆ ਦੀ ਸਿਆਸਤ ਦੇ ਇੱਕ ਦਿੱਗਜ ਨੇਤਾ, ਰਾਜ ਦੇ ਖੇਤੀਬਾੜੀ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਰਵੀ ਨਾਇਕ ਦਾ ਮੰਗਲਵਾਰ ਦੇਰ ਰਾਤ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ।
ਪਰਿਵਾਰ ਅਨੁਸਾਰ, ਉਨ੍ਹਾਂ ਨੂੰ ਆਪਣੇ ਜੱਦੀ ਸ਼ਹਿਰ ਪੋਂਡਾ ਵਿੱਚ ਦਿਲ ਦਾ ਦੌਰਾ (heart attack) ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਦੇਰ ਰਾਤ ਕਰੀਬ 1 ਵਜੇ ਮ੍ਰਿਤਕ ਐਲਾਨ ਦਿੱਤਾ।
ਉਨ੍ਹਾਂ ਦੇ ਦੇਹਾਂਤ ਨਾਲ ਗੋਆ ਦੀ ਸਿਆਸਤ ਵਿੱਚ ਇੱਕ ਯੁੱਗ ਦਾ ਅੰਤ ਹੋ ਗਿਆ ਹੈ।
PM ਮੋਦੀ ਨੇ ਦਿੱਤੀ ਸ਼ਰਧਾਂਜਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਲਿਖਿਆ, “ਗੋਆ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਸ੍ਰੀ ਰਵੀ ਨਾਇਕ ਜੀ ਦੇ ਦੇਹਾਂਤ ਤੋਂ ਦੁਖੀ ਹਾਂ।
ਮੋਦੀ ਨੇ ਅੱਗੇ ਲਿਖਿਆ ਕਿ, ਉਨ੍ਹਾਂ (ਰਵੀ ਨਾਇਕ) ਨੂੰ ਇੱਕ ਤਜਰਬੇਕਾਰ ਪ੍ਰਸ਼ਾਸਕ ਅਤੇ ਸਮਰਪਿਤ ਲੋਕ ਸੇਵਕ ਵਜੋਂ ਯਾਦ ਕੀਤਾ ਜਾਵੇਗਾ, ਜਿਨ੍ਹਾਂ ਨੇ ਗੋਆ ਦੇ ਵਿਕਾਸ ਮਾਰਗ ਨੂੰ ਅਮੀਰ ਬਣਾਇਆ। ਇਸ ਦੁੱਖ ਦੀ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਹਨ। ਓਮ ਸ਼ਾਂਤੀ।”
ਗੋਆ ਦੇ ਮੁੱਖ ਮੰਤਰੀ ਨੇ ਪ੍ਰਗਟਾਇਆ ਸੋਗ
ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਖੇਤੀਬਾੜੀ ਮੰਤਰੀ ਰਵੀ ਨਾਇਕ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਗੋਆ ਦੀ ਸਿਆਸਤ ਦੇ ਇੱਕ ਦਿੱਗਜ ਵਜੋਂ ਉਨ੍ਹਾਂ ਦੀ ਦਹਾਕਿਆਂ ਦੀ ਸੇਵਾ ਨੇ ਰਾਜ ‘ਤੇ ਇੱਕ ਅਮਿੱਟ ਛਾਪ ਛੱਡੀ ਹੈ।
ਉਨ੍ਹਾਂ ਅੱਗੇ ਲਿਖਿਆ, “ਉਨ੍ਹਾਂ ਦੀ ਅਗਵਾਈ, ਨਿਮਰਤਾ ਅਤੇ ਜਨ ਕਲਿਆਣ ਵਿੱਚ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੁੱਖ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ, ਮਿੱਤਰਾਂ ਅਤੇ ਸਮਰਥਕਾਂ ਪ੍ਰਤੀ ਮੇਰੀ ਦਿਲੀ ਹਮਦਰਦੀ।”

