Punjab Breaking- ਵਿਆਹ ‘ਤੇ ਜਾ ਰਹੇ 3 ਲੋਕਾਂ ਦੀ ਸੜਕ ਹਾਦਸੇ ‘ਚ ਮੌਤ
Punjab Breaking- ਗਿਆਰਾਂ ਸਾਲਾ ਬੱਚੇ ਤੇ ਦੋ ਔਰਤਾਂ ਦੀ ਮੌਕੇ ਹੋਈ ਮੌਤ, ਕਾਰ ਸੜਕ ਕਿਨਾਰੇ ਦਰਖ਼ਤ ਨਾਲ ਟਕਰਾਈ, ਜ਼ਖ਼ਮੀਆਂ ਨੂੰ ਕੋਟਕਪੂਰਾ ਰੈਫ਼ਰ ਕੀਤਾ
ਮਨਜੀਤ ਸਿੰਘ ਢੱਲਾ, ਜੈਤੋ
Punjab Breaking-ਇੱਥੋਂ ਕਰੀਬ ਪੰਜ ਕਿਲੋਮੀਟਰ ਦੂਰ ਜੈਤੋ-ਬਠਿੰਡਾ ਮਾਰਗ ’ਤੇ ਸਥਿਤ ਪਿੰਡ ਚੰਦਭਾਨ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਕਾਰ ਸਵਾਰ ਦੋ ਮਹਿਲਾਵਾਂ ਅਤੇ ਇੱਕ 11 ਸਾਲਾ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਜਾਣਕਾਰੀ ਮੁਤਾਬਿਕ ਹਾਦਸਾ ਦਿਨੇ ਕਰੀਬ 2 ਕੁ ਵਜੇ ਵਾਪਰਿਆ ਤੇ ਪਰਿਵਾਰ ਦੇ ਲੋਕ ਕਾਰ ਵਿਚ ਸਵਾਰ ਹੋ ਕੇ ਪਿੰਡ ਚੰਦਭਾਨ ਤੋਂ ਜੈਤੋ ‘ਬਰਾੜ ਪੈਲੇਸ’ ਵਿੱਚ ਇੱਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਆ ਰਹੇ ਸਨ।
ਉਨ੍ਹਾਂ ਦੀ ਕਾਰ ਹਾਲੇ ਪਿੰਡ ਤੋਂ ਤਕਰੀਬਨ ਇੱਕ ਕਿਲੋਮੀਟਰ ਜੈਤੋ ਵੱਲ ਆਈ ਹੀ ਸੀ ਕਿ ਸੜਕ ਕਿਨਾਰੇ ਲੱਗੇ ਸਫ਼ੈਦੇ ਦੇ ਦਰਖ਼ਤਾਂ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਈ।
ਇਸ ਸੜਕ ਹਾਦਸੇ ’ਚ ਦਲਿਤ ਪਰਿਵਾਰਾਂ ਨਾਲ ਸਬੰਧਤ ਤਿੰਨ ਜਣਿਆਂ ਦੀ ਮੌਤ ਹੋ ਗਈ, ਜਦਕਿ ਗੰਭੀਰ ਹਾਲਤ ’ਚ 4 ਜਣਿਆਂ ਨੂੰ ਮੌਕੇ ’ਤੇ ਪੁੱਜੀਆਂ ਜੈਤੋ ਦੇ ਸਮਾਜ ਸੇਵੀ ਸੰਗਠਨਾਂ ਦੀਆਂ ਐਂਬੂਲੈਂਸਾਂ ਰਾਹੀਂ ਇੱਥੇ ਸਿਵਲ ਹਸਪਤਾਲ ਲਿਆਂਦਾ ਗਿਆ।
ਜਿੱਥੇ ਮੌਕੇ ਤੇ ਡਾਕਟਰ ਨਾ ਹੋਣ ਕਾਰਨ ਜ਼ਖ਼ਮੀ ਹੋਏ ਵਿਅਕਤੀਆਂ ਦੀ ਸਥਿਤੀ ਨਾਜ਼ੁਕ ਦੇਖਦੇ ਹੋਏ ਸਟਾਫ ਵੱਲੋਂ ਉਨ੍ਹਾਂ ਨੂੰ ਅੱਗੇ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਰੈਫ਼ਰ ਕਰ ਦਿੱਤਾ ਗਿਆ। ਹਾਦਸੇ ਦੀ ਵਜ੍ਹਾ ਬਾਰੇ ਹਾਲੇ ਪਤਾ ਨਹੀਂ ਲੱਗ ਸਕਿਆ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀਆਂ ਦੀ ਪਹਿਚਾਣ ਸਿਮਰਜੀਤ ਕੌਰ 60 ਸਾਲ ਪਤਨੀ ਧੀਰਾ ਸਿੰਘ ਪਿੰਡ ਚੰਦਭਾਨ, ਰਾਜਵਿੰਦਰ ਸਿੰਘ 11 ਸਾਲ ਪੁੱਤਰ ਸ਼ਿੰਦਾ ਸਿੰਘ ਵਾਸੀ ਚੰਦਭਾਨ, ਜ਼ਖ਼ਮੀ ਸੰਦੀਪ ਕੌਰ ਬੇਟੀ ਸ਼ਿੰਦਾ ਸਿੰਘ ਚੰਦਭਾਨ ਵਜੋਂ ਹੋਈ ਹੈ।

