Punjab News- ਦੇਸ਼ ਭਰ ‘ਚ ਲਾਗੂ ਹੋਏ ਨਵੇਂ ਲੇਬਰ ਕੋਡ ਦੇ ਵਿਰੋਧ ‘ਚ ਪੰਜਾਬ ਦੇ ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਰੈਲੀਆਂ

All Latest NewsNews FlashPunjab News

 

ਗੁਰੂਹਰਸਹਾਏ, 26 ਨਵੰਬਰ 2025 (Media PBN) – ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚਾ ਦੇ ਸੱਦੇ ‘ਤੇ ਪੂਰੇ ਦੇਸ਼ ਵਿੱਚ 29 ਲੇਬਰ ਕਾਨੂੰਨਾਂ ਨੂੰ ਤੋੜ ਕੇ 4 ਲੇਬਰ ਬਣਾਉਣ, ਬਿਜਲੀ ਸ਼ੋਧ ਬਿੱਲ 2025 ਪਾਸ ਕਰਨ, ਪਾਵਰਕੌਮ ਤੇ ਟਰਾਂਸਕੋ ਦੀਆਂ ਕੀਮਤੀ ਜਾਇਦਾਦਾਂ ਵੇਚਣ ਦੇ ਵਿਰੋਧ ਵਿੱਚ ਗੁਰੂਹਰਸਹਾਏ ਬਿਜਲੀ ਦਫਤਰ ਦੇ ਗੇਟ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਅਤੇ ਰੋਸ ਰੈਲੀ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸਾਥੀ ਸੁਰਿੰਦਰ ਕੁਮਾਰ ਪ੍ਰਧਾਨ ਨੇ ਕੀਤੀ।

ਜਿਸ ਵਿੱਚ ਟੈਕਨੀਕਲ ਸਰਵਿਸਜ਼ ਯੂਨੀਅਨ ਨੇ ਸ਼ਮੂਲੀਅਤ ਕੀਤੀ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ ਦੇ ਸਕੱਤਰ ਇੰਜ: ਸ਼ਿੰਗਾਰ ਚੰਦ ਮਹਿਰੋਕ ਨੇ ਦੱਸਿਆ ਕਿ ਕੇਂਦਰ ਦੀ ਸਰਕਾਰ ਨੇ 29 ਲੇਬਰ ਕਾਨੂੰਨਾਂ ਨੂੰ ਤੋੜ ਕੇ 4 ਲੇਬਰ ਕੋਡ ਬਣਾ ਕੇ ਮਜ਼ਦੂਰਾਂ ਨੂੰ ਯੂਨੀਅਨ ਬਣਾਉਣ ਤੇ ਹੜਤਾਲ ‘ਤੇ ਜਾਣ ਦਾ ਹੱਕ ਵੀ ਖੋਹ ਲਿਆ ਹੈ ਜਿਸ ਨਾਲ 300 ਤੋਂ ਘੱਟ ਮਜ਼ਦੂਰਾਂ ਦੇ ਯੂਨਿਟ ਨੂੰ ਬੰਦ ਕਰਨ ਲਈ ਸਰਕਾਰ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੈ। ਪਹਿਲਾਂ ਇਹ ਮਨਜ਼ੂਰੀ 100 ਤੱਕ ਸੀ। ਇਸ ਨਾਲ ਮਜ਼ਦੂਰਾਂ ਦੀ ਡਿਊਟੀ ਵੀ 8 ਘੰਟੇ ਤੋਂ 12 ਘੰਟੇ ਕਰ ਦਿੱਤੀ ਜਾਵੇਗੀ।

ਕੇਂਦਰ ਸਰਕਾਰ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਇਹ ਸਭ ਕਰ ਰਹੀ ਹੈ। ਵੱਖ-ਵੱਖ ਬੁਲਾਰਿਆਂ ਨੇ ਅੱਗੇ ਦੱਸਿਆ ਕਿ ਬਿਜਲੀ ਸੋਧ ਬਿੱਲ 2025 ਪਾਸ ਕਰਕੇ ਕੇਂਦਰ ਦੇ ਅੰਡਰ ਕਰਨਾ ਚਾਹੁੰਦੀ ਹੈ। ਜਿਸ ਦੇ ਵਿਰੋਧ ਵਜੋਂ ਅੱਜ ਪੂਰੇ ਦੇਸ਼ ਵਿੱਚ 10 ਕੇਂਦਰੀ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚਾ ਵੀ ਇਸ ਬਿੱਲ ਦਾ ਵਿਰੋਧ ਕਰ ਰਿਹਾ ਹੈ। ਪਰ ਕੇਂਦਰ ਸਰਕਾਰ ਦੇ ਕੰਨਾਂ ‘ਤੇ ਕੋਈ ਜੂੰ ਨਹੀਂ ਸਰਕ ਰਹੀ ਅਤੇ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 2025 ਪਾਰਲੀਮੈਂਟ ਵਿੱਚ ਪਾਸ ਕਰਨ ਲਈ ਸੁਝਾਅ ਮੰਗ ਰਹੀ ਹੈ।

ਇਹ ਬਿੱਲ ਪਾਸ ਹੋਣ ਦੇ ਕਾਰਨ ਨਿੱਜੀਕਰਨ ਦਾ ਰਾਹ ਪੱਧਰਾ ਹੋ ਜਾਵੇਗਾ, ਬਿਜਲੀ ਸੋਧ ਬਿੱਲ ਲਾਗੂ ਹੋਣ ਨਾਲ ਕਿਸਾਨਾਂ ਅਤੇ ਗਰੀਬ ਲੋਕਾਂ ਨੂੰ ਮਿਲਦੀ ਸਬਸਿਡੀ ਬੰਦ ਹੋ ਜਾਵੇਗੀ ਅਤੇ ਸਾਰੇ ਮੁਲਾਜ਼ਮਾਂ ਤੋਂ 12 ਘੰਟੇ ਡਿਊਟੀ ਕਰਵਾਉਣ ਦਾ ਰਾਹ ਪੱਧਰਾ ਹੋ ਜਾਵੇਗਾ। ਕੇਂਦਰ ਸਰਕਾਰ ਦੀ ਤਰ੍ਹਾਂ ਪੰਜਾਬ ਸਰਕਾਰ ਪਾਵਰ ਕੌਮ ਅਤੇ ਟਰਾਂਸਕੋ ਦੀਆਂ ਕੀਮਤੀ ਜਾਇਦਾਦਾਂ ਵੇਚਣ ਦੇ ਰਾਹ ‘ਤੇ ਤੁਰੀ ਹੋਈ ਹੈ ਜਿਵੇਂ ਬਠਿੰਡਾ ਥਰਮਲ ਦਾ 1300 ਕਿੱਲਾ ਅਤੇ ਪਟਿਆਲਾ ਦੇ 10 ਕਿੱਲੇ, ਲੁਧਿਆਣੇ ਦੇ 27 ਕਿੱਲੇ ਆਦਿ ਜਾਇਦਾਦਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ।

ਆਪਣੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਇਹ ਜਾਇਦਾਦਾਂ ਕੌਡੀਆਂ ਦੇ ਭਾਅ ਵੇਚਣ ਦੇ ਰਾਹ ‘ਤੇ ਤੁਰੀ ਹੈ। ਪਰ ਇਹ ਜ਼ਮੀਨਾਂ ਪੰਜਾਬ ਦੇ ਲੋਕਾਂ ਨੇ ਬਿਜਲੀ ਬੋਰਡ ਨੂੰ ਉਤਸ਼ਾਹਿਤ ਕਰਨ ਲਈ ਦਾਨ ਵਿੱਚ ਦਿੱਤੀਆਂ ਸਨ ਅਤੇ ਇਸ ਦੇ ਨਾਲ ਪੰਜਾਬ ਦੇ 5 ਸਿਵਲ ਹਸਪਤਾਲ ਵੀ ਠੇਕੇ ‘ਤੇ ਦੇਣ ਦੀ ਤਿਆਰੀ ਹੈ ਪਰ ਬਿਜਲੀ ਮੁਲਾਜ਼ਮ ਪੰਜਾਬ ਦੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਕਿਸੇ ਵੀ ਕੀਮਤ ‘ਤੇ ਨਿੱਜੀਕਰਨ ਨਹੀਂ ਹੋਣ ਦੇਣਗੇ।

ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਜਿਸ ਦੇ ਰੋਹ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਹੋਵੇਗੀ। ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਕਰਨ ਸ਼ਰਮਾ, ਦਵਿੰਦਰ ਸਿੰਘ, ਮੰਦਰ ਸਿੰਘ, ਸੁਖਦੇਵ ਸਿੰਘ, ਜਸਵਿੰਦਰ ਪਾਲ, ਸੰਦੀਪ ਬੱਟੀ ਅਤੇ ਸੰਦੀਪ ਬਾਜੇ ਕੇ ਨੇ ਸੰਬੋਧਨ ਕੀਤਾ ਤੇ ਮੰਗ ਕੀਤੀ ਕਿ ਸਰਕਾਰ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਕਿ DA 16%, ਪੇ ਸਕੇਲਾਂ ਦਾ ਏਰੀਅਰ ਇੱਕ ਵਾਰੀ ਵਿੱਚ ਦਿੱਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਕੱਚੇ ਕਾਮੇ ਪੱਕੇ ਕੀਤੇ ਜਾਣ, ਸੱਤਵੇਂ ਪੇ ਸਕੇਲ ਦੀ ਜਗ੍ਹਾ ਛੇਵਾਂ ਪੇ ਸਕੇਲ ਲਾਗੂ ਕਰਨ ਆਦਿ ਮੰਗਾਂ ਨੂੰ ਮੰਨ ਕੇ ਲਾਗੂ ਕੀਤਾ ਜਾਵੇ ਅਤੇ 2025 ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ।

 

Media PBN Staff

Media PBN Staff