ਪੰਜਾਬ ਦੇ ਸਕੂਲੀ ਵਿਦਿਆਰਥੀਆਂ ਲਈ ਅਹਿਮ ਖ਼ਬਰ; PSEB ਨੇ ਪ੍ਰੀਖਿਆਵਾਂ ‘ਚ ਕੀਤਾ ਵੱਡਾ ਬਦਲਾਅ
ਚੰਡੀਗੜ੍ਹ, 8 ਦਸੰਬਰ 2025 (Media PBN) –
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰਾਂ ਵਿੱਚ ਮੁੱਖ ਤੌਰ ‘ਤੇ ਤਿੰਨ ਵੱਡੇ ਬਦਲਾਅ ਕੀਤੇ ਹਨ। ਇਨ੍ਹਾਂ ਬਦਲਾਵਾਂ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਸੰਕਲਪਣਾਤਮਕ ਸਮਝ (Conceptual understanding) ਨੂੰ ਮਜ਼ਬੂਤ ਕਰਨਾ ਅਤੇ ਰੱਟਾ ਲਗਾਉਣ ਦੀ ਪ੍ਰਕਿਰਿਆ ਤੋਂ ਬਚਾਉਣਾ ਹੈ। ਪ੍ਰਸ਼ਨ ਪੱਤਰਾਂ ਦੇ ਮਿਆਰ ਨੂੰ ਕੋਰੋਨਾ ਕਾਲ ਤੋਂ ਪਹਿਲਾਂ (ਸੈਸ਼ਨ 2018-19) ਦੇ ਬਰਾਬਰ ਕੀਤਾ ਜਾ ਰਿਹਾ ਹੈ।

PSEB ਦੁਆਰਾ ਲਾਗੂ ਕੀਤੇ ਗਏ ਮਹੱਤਵਪੂਰਨ ਬਦਲਾਅ ਹੇਠ ਲਿਖੇ ਅਨੁਸਾਰ ਹਨ: ਪ੍ਰਸ਼ਨ ਪੱਤਰਾਂ ਵਿੱਚ Objective Type (ਵਸਤੂਨਿਸ਼ਠ ਕਿਸਮ) ਪ੍ਰਸ਼ਨਾਂ ਦੀ ਗਿਣਤੀ ਨੂੰ 40 ਫ਼ੀਸਦੀ ਤੋਂ ਘਟਾ ਕੇ 25 ਫ਼ੀਸਦੀ ਕਰ ਦਿੱਤਾ ਗਿਆ ਹੈ। ਪਹਿਲਾਂ 100 ਫ਼ੀਸਦੀ ਪ੍ਰਸ਼ਨ ਸਿਰਫ਼ ਪਾਠ ਪੁਸਤਕਾਂ ਦੇ ਅਭਿਆਸਾਂ ਦੇ ਪ੍ਰਸ਼ਨ ਬੈਂਕ ਵਿੱਚੋਂ ਪਾਏ ਜਾਂਦੇ ਸਨ। ਹੁਣ, ਘੱਟੋ-ਘੱਟ 25 ਫ਼ੀਸਦੀ ਪ੍ਰਸ਼ਨ ਪਾਠ-ਪੁਸਤਕਾਂ ਦੀ ਵਿਸ਼ਾ ਵਸਤੂ (ਅਭਿਆਸਾਂ ਤੋਂ ਇਲਾਵਾ) ਵਿੱਚੋਂ ਪਾਉਣੇ ਲਾਜ਼ਮੀ ਕੀਤੇ ਗਏ ਹਨ।
ਬਾਕੀ 75 ਫ਼ੀਸਦੀ ਪ੍ਰਸ਼ਨ ਪਾਠ ਪੁਸਤਕਾਂ ਦੇ ਅਭਿਆਸਾਂ ਦੇ ਪ੍ਰਸ਼ਨ-ਬੈਂਕ ਵਿੱਚੋਂ ਪਾਏ ਜਾਣਗੇ। ਪ੍ਰਸ਼ਨ ਪੱਤਰ ਦੇ Difficulty Level ਵਿੱਚ ਵੀ ਬਦਲਾਅ ਕੀਤੇ ਗਏ ਹਨ। ਇਸ ਦਾ ਮਤਲਬ ਹੈ ਕਿ ਪ੍ਰਸ਼ਨ ਪੱਤਰ ਹੁਣ ਸੰਕਲਪਣਾਤਮਕ ਸਮਝ ਦੀ ਪਰਖ ਕਰਨ ‘ਤੇ ਵਧੇਰੇ ਧਿਆਨ ਕੇਂਦਰਿਤ ਕਰੇਗਾ ਅਤੇ ਕੋਰੋਨਾ ਕਾਲ ਤੋਂ ਪਹਿਲਾਂ ਦੇ ਮਿਆਰ ਦੇ ਬਰਾਬਰ ਹੋਵੇਗਾ।
ਇਨ੍ਹਾਂ ਤਬਦੀਲੀਆਂ ਦਾ ਸਿੱਧਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਵਿਦਿਆਰਥੀ; ਸਿਰਫ਼ ਅਭਿਆਸਾਂ ਦੇ ਪ੍ਰਸ਼ਨਾਂ ਨੂੰ ਯਾਦ ਕਰਨ ਦੀ ਬਜਾਏ, ਪਾਠ ਦੇ ਅੰਦਰੂਨੀ ਵਿਸ਼ਾ ਵਸਤੂ ਨੂੰ ਵੀ ਚੰਗੀ ਤਰ੍ਹਾਂ ਸਮਝਣ।
ਵਿਦਿਆਰਥੀਆਂ ਨੂੰ ਰੱਟਾ ਲਗਾਉਣ ਦੀ ਪ੍ਰਕਿਰਿਆ ਤੋਂ ਦੂਰ ਕਰਕੇ, ਉਨ੍ਹਾਂ ਦੀ ਵਿਸ਼ੇ ਦੀ ਡੂੰਘੀ ਸਮਝ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਨ੍ਹਾਂ ਹਦਾਇਤਾਂ ਦੇ ਮੱਦੇਨਜ਼ਰ, ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸੇ ਅਨੁਸਾਰ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਕਿਹਾ ਗਿਆ ਹੈ।

