ਕਾਤਲ ਚਾਈਨਾ ਡੋਰ ਨੇ ਉਜਾੜਿਆ ਇੱਕ ਹੋਰ ਘਰ; ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਨੂੰਹ ਦਾ ਵੱਢਿਆ ਗਿਆ ਗਲਾ… ਹੋਈ ਦਰਦਨਾਕ ਮੌਤ
ਕਾਤਲ ਚਾਈਨਾ ਡੋਰ ਨੇ ਉਜਾੜਿਆ ਇੱਕ ਹੋਰ ਘਰ; ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਨੂੰਹ ਦਾ ਵੱਢਿਆ ਗਿਆ ਗਲਾ… ਹੋਈ ਦਰਦਨਾਕ ਮੌਤ
ਲੁਧਿਆਣਾ 26 ਜਨਵਰੀ 2026-
ਪੰਜਾਬ ਵਿੱਚ ਪਾਬੰਦੀ ਦੇ ਬਾਵਜੂਦ ਸ਼ਰੇਆਮ ਵਿਕ ਰਹੀ ‘ਕਾਤਲ ਚਾਈਨਾ ਡੋਰ’ ਨੇ ਅੱਜ ਫਿਰ ਇੱਕ ਘਰ ਵਿੱਚ ਹਨੇਰਾ ਕਰ ਦਿੱਤਾ ਹੈ।
ਅਜੇ ਲੋਕ ਸਮਰਾਲਾ ਦੇ 15 ਸਾਲਾ ਨੌਜਵਾਨ ਤਰਨਜੋਤ ਸਿੰਘ ਦੀ ਚੀਨੀ ਡੋਰ ਨਾਲ ਹੋਈ ਮੌਤ ਦੇ ਸਦਮੇ ਵਿੱਚੋਂ ਨਿਕਲੇ ਹੀ ਨਹੀਂ ਸਨ ਕਿ ਮੁੱਲਾਂਪੁਰ ਦਾਖਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸੰਗਰੂਰ ਮੈਮ ਬਲਜਿੰਦਰ ਕੌਰ ਦੀ ਨੂੰਹ ਸਰਬਜੀਤ ਕੌਰ ਦੇ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਦਰਦਨਾਕ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਸਰਬਜੀਤ ਕੌਰ ਆਪਣੇ ਪਰਿਵਾਰ ਵਿੱਚ ਹੋਣ ਵਾਲੇ ਇੱਕ ਵਿਆਹ ਦੀਆਂ ਤਿਆਰੀਆਂ ਲਈ ਬੜੇ ਚਾਅ ਨਾਲ ਖ਼ਰੀਦਦਾਰੀ ਕਰਨ ਜਾ ਰਹੀ ਸੀ। ਉਸਨੂੰ ਕੀ ਪਤਾ ਸੀ ਕਿ ਜਿਸ ਘਰ ਵਿੱਚ ਵਿਆਹ ਦੇ ਗੀਤ ਗੂੰਜਣੇ ਸਨ, ਉੱਥੇ ਕੁਝ ਹੀ ਪਲਾਂ ਵਿੱਚ ਮਾਤਮ ਛਾ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਰਾਏਕੋਟ ਰੋਡ ‘ਤੇ ਗੁਰਦੁਆਰਾ ਸਾਹਿਬ ਦੇ ਨੇੜੇ ਜਦੋਂ ਸਰਬਜੀਤ ਕੌਰ ਆਪਣੀ ਸਕੂਟੀ ‘ਤੇ ਜਾ ਰਹੀ ਸੀ, ਤਾਂ ਹਵਾ ਵਿੱਚ ਲਟਕਦੀ ਇੱਕ ਚੀਨੀ ਡੋਰ ਉਸ ਦੇ ਗਲੇ ਵਿੱਚ ਫਸ ਗਈ।
ਡੋਰ ਇੰਨੀ ਤੇਜ਼ਧਾਰ ਸੀ ਕਿ ਉਸ ਨੇ ਪਲਕ ਝਪਕਦੇ ਹੀ ਸਰਬਜੀਤ ਦਾ ਗਲਾ ਬੁਰੀ ਤਰ੍ਹਾਂ ਵੱਢ ਦਿੱਤਾ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮ ਇੰਨਾ ਡੂੰਘਾ ਸੀ ਕਿ ਉਸ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ।

