ਦੋਸਤੋ ਅਪਣੇ ਘਰ, ਰੌਸ਼ਨੀ ਤੋਂ ਪਹਿਲਾਂ ਕਿਸੇ ਲੋੜਵੰਦ ਦੇ ਘਰ ਇੱਕ ਦੀਵਾ ਜ਼ਰੂਰ ਜਗਾ ਦੇਣਾ
ਦਿਵਾਲੀ
ਭੂਤੋ ਗੱਲ ਕਰੇ ਪ੍ਰਸਿੰਨੀ ਨਾਲ,
ਕੀ ਦੱਸਾਂ ਬੇਬੇ ਘਰ ਦਾ ਹਾਲ,
ਘਰ ਵਿੱਚ ਨਾ ਆਟਾ ਨਾ ਦਾਲ,
ਸਾਡੇ ਪੱਲੇ ਤਾਂ ਮੰਦਹਾਲੀ ਬੇਬੇ।
ਸਾਡੀ ਕਾਹਦੀ ਦੀਵਾਲੀ ਬੇਬੇ,
ਵੱਡਾ ਮੁੰਡਾ ਲੇਬਰ ਚੌਂਕ ਚ ਜਾਵੇ,
ਦਿਹਾੜੀ ਦੱਪਾ ਕੁੱਝ ਨਾ ਥਿਆਵੇ,
ਸ਼ਾਮੀਂ ਖ਼ਾਲੀ ਹੱਥ ਘਰ ਮੁੜ ਆਵੇ,
ਘਰ ਸਾਡੇ ਚ ਭੁੱਖ ਕੰਗਾਲੀ ਬੇਬੇ।
ਸਾਡੀ ਕਾਹਦੀ ******।
ਘਰ ਵਾਲਾ ਰਿਹਾ ਰਲਦਾ ਸੀਰੀ,
ਸਾਰੀ ਉਮਰ ਹੰਢਾ ਕੇ ਫ਼ਕੀਰੀ,
ਉਹ ਵੀ ਗਿਆ ਛੱਡ ਅਖ਼ੀਰੀ,
ਜਿੰਦ ਫਿਕਰਾਂ ਨੇ ਖਾਲੀ ਬੇਬੇ।
ਸਾਡੀ ਕਾਹਦੀ******।
ਹਾੜ ਸਿਆਲ਼ ਦੀ ਲੰਘੇ ਰੁੱਤ,
ਮੇਰੀ ਵੀ ਗੋਹੇ ਨਾ ਲਿੱਬੜੀ ਗੁੱਤ,
ਸਕੁਲੋਂ ਹਟਾ ਅਪਣਾ ਨਿੱਕਾ ਪੁੱਤ,
ਲਾਇਆ ਲੰਬੜਾਂ ਦੇ ਪਾਲ਼ੀ ਬੇਬੇ।
ਸਾਡੀ ਕਾਹਦੀ********।
ਛੋਟੀ ਬਹੂ ਕੋਲ ਨਿੱਕਾ ਨਿਆਣਾ,
ਘਰੇ ਖਾਂਣ ਲਈ ਨਾ ਕੋਈ ਦਾਣਾਂ,
ਮੰਗ ਕੇ ਪਾਈਏ ਕੱਪੜਾ ਪੁਰਾਣਾ,
ਬੱਸ ਇੰਝ ਹੀ ਜੂਨ ਟਪਾਲੀ ਬੇਬੇ।
ਸਾਡੀ ਕਾਹਦੀ ********।
ਕੋਠੇ ਜਿੱਡੀ ਹੋਈ ਧੀ ਮੁਟਿਆਰ,
ਉਸ ਦਾ ਵੀ ਸਾਡੇ ਸਿਰ ਤੇ ਭਾਰ,
ਨਾ ਕੋਈ ਦੇਵੇ ਕਰਜ਼ ਉਧਾਰ,
ਓਨੂੰ ਦੇਵਾਂਗੇ ਕਿਵੇਂ ਭੰਮਾਲੀ ਬੇਬੇ,
ਸਾਡੀ ਕਾਹਦੀ *******।
ਸੋਨੀ ਗ਼ਰੀਬੀ ਹੰਢਾ ਤੁਰ ਗਿਆ,
ਗੱਲਾਂ ਸੱਚੀਆਂ ਸੁਣਾ ਤੁਰ ਗਿਆ,
ਉਹ ਲੋਕਾਂ ਨੂੰ ਸਮਝਾ ਤੁਰ ਗਿਆ,
ਕਿਉਂ ਕਰਜ਼ੇ ਦੀ ਬਦਹਾਲੀ ਬੇਬੇ
ਸਾਡੀ ਕਾਹਦੀ ********।
ਜਸਵੀਰ ਸੋਨੀ