Crime News: 3 ਸਾਲਾਂ ਬੱਚੀ ਨਾਲ ਬਲਾਤਕਾਰ ਕਰਕੇ, ਲਾਸ਼ ਖੇਤਾਂ ‘ਚ ਦੱਬੀ
ਤਿਰੂਪਤੀ:
ਆਂਧਰਾ ਪ੍ਰਦੇਸ਼ ਦੇ ਤਿਰੂਪਤੀ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 22 ਸਾਲ ਦੇ ਨੌਜਵਾਨ ਨੇ ਪਹਿਲਾਂ 3 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਕੀਤਾ ਅਤੇ ਫਿਰ ਉਸਦੀ ਹੱਤਿਆ ਕਰ ਦਿੱਤੀ। ਇਹ ਘਟਨਾ ਤਿਰੂਪਤੀ ਜ਼ਿਲ੍ਹੇ ਦੇ ਨਗਰੀ ਹਲਕੇ ਦੀ ਹੈ, ਜਿੱਥੇ ਇਕ ਲੜਕੀ ਦੇ ਰਿਸ਼ਤੇਦਾਰ ਨੇ ਉਸ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ।
ਸ਼ੁੱਕਰਵਾਰ ਸ਼ਾਮ ਨੂੰ ਵਡਲਮਪੇਟ ਮੰਡਲ ਦੇ ਵਾਈਐਮ ਪੁਰਮ (ਐਬੀ ਕੰਡਰਿਗਾ) ਦੀ ਇਸੇ ਕਲੋਨੀ ਦਾ ਰਹਿਣ ਵਾਲਾ 22 ਸਾਲਾ ਮੁਲਜ਼ਮ ਸੁਸ਼ਾਂਤ ਲੜਕੀ ਨੂੰ ਚਾਕਲੇਟ ਦਾ ਲਾਲਚ ਦੇ ਕੇ ਨੇੜੇ ਦੇ ਖੇਤ ਵਿੱਚ ਲੈ ਗਿਆ। ਇੱਥੇ ਸੁਸ਼ਾਂਤ ਨੇ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਫਿਰ ਉਸ ਦਾ ਕਤਲ ਕਰ ਕੇ ਉੱਥੇ ਹੀ ਦਫ਼ਨਾ ਦਿੱਤਾ।
ਜਦੋਂ ਬੱਚੀ ਘਰ ਨੇੜੇ ਖੇਡਦੀ ਨਜ਼ਰ ਨਹੀਂ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਬੱਚੀ ਕਿਤੇ ਨਹੀਂ ਮਿਲੀ ਤਾਂ ਮਾਪਿਆਂ ਨੇ ਪੁਲੀਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ।
ਪੁਲਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਸੁਸ਼ਾਂਤ ਸ਼ੱਕ ਦੇ ਘੇਰੇ ‘ਚ ਆ ਗਿਆ। ਪੁਲਸ ਨੇ ਸਖਤੀ ਨਾਲ ਪੁੱਛਿਆ ਤਾਂ ਸੁਸ਼ਾਂਤ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਇਸ ਤੋਂ ਬਾਅਦ ਲੜਕੀ ਦੀ ਲਾਸ਼ ਨੂੰ ਖੇਤ ‘ਚੋਂ ਬਾਹਰ ਕੱਢਿਆ ਗਿਆ। ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ। ਸੁਸ਼ਾਂਤ ਫਿਲਹਾਲ ਪੁਲਸ ਹਿਰਾਸਤ ‘ਚ ਹੈ।