ਨਜ਼ਮ: ਹਰ ਰਸਤੇ-ਸੌ ਹੀ ਸੌ

All Latest NewsGeneral NewsNews Flash

 

ਨਜ਼ਮ: ਹਰ ਰਸਤੇ-ਸੌ ਹੀ ਸੌ

ਬੱਚੇ ਅੰਦਰ ਹੁੰਦੇ ਨੇ
ਸੌ ਰੰਗ

ਬੱਚੇ ਕੋਲ ਹੁੰਦੀਆਂ ਨੇ
ਸੌ ਭਾਸ਼ਾਵਾਂ
ਸੌ ਹੱਥ
ਸੌ ਵਿਚਾਰ
ਤੇ
ਸੌ ਢੰਗ
ਸੋਚਣ ਦੇ
ਖੇਡਣ ਦੇ
ਗੱਲ ਕਰਨ ਦੇ

ਹਮੇਸ਼ਾ ਹੀ
ਇਕ ਸੌ

ਸੌ ਢੰਗ
ਸੁਣਨ ਦੇ
ਮੋਹਿਤ ਹੋਣ ਦੇ
ਮੋਹ ਕਰਨ ਦੇ

ਸੌ ਆਨੰਦ
ਗਾਉਣ ਦੇ
ਸੌ ਸੰਸਾਰਾਂ ਨੂੰ
ਜਾਨਣ ਦੇ
ਸੌ ਸੰਸਾਰਾਂ ਨੂੰ
ਖੋਜਣ ਦੇ
ਸੌ ਸੰਸਾਰ
ਸਿਰਜਣ ਦੇ
ਸੌਂ ਤਰ੍ਹਾਂ ਦੇ
ਸੁਫ਼ਨੇ ਲੈਣ ਦੇ

ਬੱਚੇ ਕੋਲ ਹੁੰਦੀਆਂ ਨੇ
ਸੌ ਤਰ੍ਹਾਂ ਦੀਆਂ ਭਾਸ਼ਾਵਾਂ
(ਤੇ ਸੈਂਕੜੇ-ਸੈਂਕੜੇ ਹੀ ਹੋਰ)

ਪਰ
ਉਹ ਖੋਹ ਲੈਂਦੇ ਨੇ
ਨੜਿੰਨਵੇਂ

ਸਕੂਲ ਤੇ ਸਭਿਆਚਾਰ
ਵੱਖ ਕਰ ਦਿੰਦਾ ਹੈ
ਜਿਸਮ ਨਾਲੋਂ ਦਿਮਾਗ਼

ਉਹ ਬੱਚੇ ਨੂੰ ਦਸਦੇ ਨੇ
ਬਗੈਰ ਹੱਥਾਂ ਦੇ, ਸੋਚਣਾ
ਬਿਨਾਂ ਦਿਮਾਗ਼ ਦੇ, ਕਰਨਾ
ਬਿਨਾਂ ਬੋਲ਼ੇ, ਸੁਣਨਾ
ਬਿਨਾਂ ਆਨੰਦ ਦੇ, ਜਾਨਣਾ

ਤੇ
ਮੋਹ ਕਰਨਾ
ਮੋਹਿਤ ਹੋਣਾ
ਸਿਰਫ਼
ਤਿੱਥ-ਤਿਉਹਾਰ ‘ਤੇ

ਉਹ ਬੱਚੇ ਨੂੰ ਕਹਿੰਦੇ ਨੇ:
ਉਸ ਸੰਸਾਰ ਨੂੰ ਖੋਜਣ ਲਈ
ਜੋ ਪਹਿਲਾਂ ਹੀ ਮੌਜੂਦ ਹੈ
ਤੇ ਸੌ ਵਿੱਚੋਂ
ਉਹ ਖੋਹ ਲੈਂਦੇ ਨੇ
ਨੜ੍ਹਿਨਵੇਂ

ਉਹ ਬੱਚੇ ਨੂੰ ਦਸਦੇ ਨੇ:
ਕਿ
ਕੰਮ ਤੇ ਖੇਡ
ਹਕੀਕਤ ਤੇ ਕਲਪਨਾ
ਵਿਗਿਆਨ ਤੇ ਕਿਆਸ
ਆਕਾਸ਼ ਤੇ ਧਰਤੀ
ਤਰਕ ਤੇ ਖ਼ੁਆਬ
ਇਨ੍ਹਾਂ ਚੀਜ਼ਾਂ ਦਾ
ਇੱਕ ਦੂਜੇ ਨਾਲ
ਕੋਈ ਮੇਲ ਨਹੀਂ

ਤੇ ਇਸ ਲਈ
ਉਹ ਬੱਚੇ ਨੂੰ ਦਸਦੇ ਨੇ
ਕਿ
ਸੌ ਕਿਤੇ ਵੀ ਨਹੀਂ ਹੈ

ਪਰ
ਬੱਚਾ ਕਹਿੰਦਾ ਹੈ:
ਹਰ ਰਸਤੇ-ਸੌ ਹੀ ਸੌ ਹੈ

ਮੂਲ ਲੇਖਕ:
Lori’s Malaguzzi
ਸਿੱਖਿਆ ਸ਼ਾਸਤਰੀ (ਇਟਲੀ)

ਅੰਗ੍ਰੇਜ਼ੀ ਤੋਂ ਪੰਜਾਬੀ ਰੂਪ
ਯਸ਼ ਪਾਲ ਵਰਗ ਚੇਤਨਾ
(9814535005)

Media PBN Staff

Media PBN Staff

Leave a Reply

Your email address will not be published. Required fields are marked *