ਬਰਨਾਲਾ ‘ਚ ਗਰਜੇ ਹਜ਼ਾਰਾਂ ਅਧਿਆਪਕ, ਭਗਵੰਤ ਮਾਨ ਸਰਕਾਰ ਦੇ ਅਖੌਤੀ ਸਿੱਖਿਆ ਮਾਡਲ ਦੀਆਂ ਖੋਲ੍ਹੀਆਂ ਪੋਲਾਂ!
ਡੈਮੋਕ੍ਰੇਟਿਕ ਟੀਚਰਜ਼ ਫਰੰਟ ਅਤੇ ਮੈਰੀਟੋਰੀਅਸ ਟੀਚਰਜ਼ ਯੂਨੀਅਨ ਵੱਲੋਂ ਬਰਨਾਲਾ ਵਿਖੇ ਸੂਬਾ ਪੱਧਰੀ ਰੋਸ ਰੈਲੀ, ਸ਼ਹਿਰੀ ਮੁੱਖ ਰਸਤਾ ਰੋਕ ਕੇ ਦਿੱਤਾ ਧਰਨਾ
ਡਿਊਟੀ ਮੈਜਿਸਟਰੇਟ ਵੱਲੋਂ ਕੈਬਿਨਟ ਸਬ ਕਮੇਟੀ ਨਾਲ ਮੀਟਿੰਗ ਨਾਲ ਭਰੋਸੇ ਤੋਂ ਬਾਅਦ ਚੁੱਕਿਆ ਧਰਨਾ
ਪੰਜਾਬ ਨੈੱਟਵਰਕ, ਬਰਨਾਲਾ
ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼, ਪੁਰਾਣੀ ਪੈਨਸ਼ਨ ਬਹਾਲੀ ਲਈ,ਮਿੱਡਲ ਸਕੂਲਾਂ ਦੀ ਮਰਜਿੰਗ ਨੀਤੀ ਖ਼ਿਲਾਫ਼, ਹਰ ਤਰ੍ਹਾਂ ਦੇ ਕੱਟੇ ਭੱਤਿਆਂ ਦੀ ਬਹਾਲੀ ਲਈ,ਡੀ,ਏ, ਦੀਆਂ ਕਿਸ਼ਤਾਂ ਦੇ ਬਕਾਇਆ ਰਾਸ਼ੀ ਜਾਰੀ ਕਰਾਉਣ ਲਈ ਪ੍ਰਤਿਨਿਧ ਅਧਿਆਪਕ ਜੱਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਅਤੇ ਮੈਰੀਟੋਰੀਅਸ ਸਕੂਲ ਟੀਚਰਜ਼ ਯੂਨੀਅਨ ਵੱਲੋਂ ਬਰਨਾਲਾ ਵਿਖੇ ਭਰਵੀਂ ਰੋਸ ਰੈਲੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਅਤੇ ਸੂਬਾ ਸਕੱਤਰ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਦਿੱਲੀ ਮਾਡਲ ਦੇ ਸੋਹਲੇ ਗਾਉਣ ਵਾਲੀ ਆਪ ਸਰਕਾਰ ਦੀ ਸਿੱਖਿਆ ਦੇ ਖੇਤਰ ਵਿਚ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿੱਖਿਆ ਵਿਭਾਗ ਵੱਲੋਂ ਹਾਲ ਹੀ ਵਿਚ ਕੀਤੀਆਂ ਗਈਆਂ ਲੈਕਚਰਾਰਾਂ ਦੀਆਂ ਤਰੱਕੀਆਂ ਦੌਰਾਨ ਅਧਿਆਪਕਾਂ ਨਾਲ਼ ਘੋਰ ਬੇਇਨਸਾਫ਼ੀ ਕੀਤੀ ਗਈ। ਜ਼ਿਲਿਆਂ ਵਿਚ ਸਟੇਸ਼ਨ ਖਾਲੀ ਹੋਣ ਦੇ ਬਾਵਜੂਦ ਵੀ ਜਬਰੀ ਬਾਹਰਲੇ ਜ਼ਿਲ੍ਹਿਆਂ ਵਿੱਚ ਭੇਜਿਆ ਗਿਆ। ਸਿੱਖਿਆ ਨੀਤੀ 2020 ਤਹਿਤ ਮਿੱਡਲ ਸਕੂਲਾਂ ਦੀ ਮਰਜਿੰਗ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਪੇਂਡੂ ਭੱਤੇ ਸਮੇਤ ਕੱਟੇ ਗਏ 36 ਤਰ੍ਹਾਂ ਦੇ ਭੱਤਿਆਂ ਦੀ ਬਹਾਲੀ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਵਿਕਾਸ ਟੈਕਸ ਦੀ ਆੜ ਹੇਠ ਹਰ ਮਹੀਨੇ ਦੋ ਸੌ ਰੁਪਏ ਦਾ ਜਜੀਆ ਟੈਕਸ ਜਬਰੀ ਵਸੂਲਿਆ ਜਾ ਰਿਹਾ ਹੈ।
ਸਿੱਖਿਆ ਨੂੰ ਪ੍ਰੋਜੈਕਟਾਂ ਨਾਲ ਜੋੜ ਕੇ ਅਧਿਆਪਕਾਂ ਨੂੰ। ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਗਏ ਮੁਲਾਜ਼ਮਾਂ ਤੇ ਅਧਿਆਪਕਾਂ ਤੇ ਲੰਗੜਾ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਕੀਤਾ ਗਿਆ ਹੈ, ਜਿਸ ਕਾਰਨ ਹਰੇਕ ਅਧਿਆਪਕ ਲੱਗਭਗ ਦਸ ਹਜ਼ਾਰ ਰੁਪਏ ਘੱਟ ਤਨਖਾਹ ਲੈਣ ਲਈ ਮਜਬੂਰ ਕੀਤਾ ਗਿਆ ਹੈ।
ਮੈਰੀਟੋਰੀਅਸ ਸਕੂਲ ਟੀਚਰਜ਼ ਯੂਨੀਅਨ ਦੇ ਮੀਤ ਪ੍ਰਧਾਨ ਡਾਕਟਰ ਟੀਨਾ ਅਤੇ ਸੂਬਾ ਸਕੱਤਰ ਡਾਕਟਰ ਅਜੈ ਸ਼ਰਮਾ ਨੇ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਕਿ ਸੂਬੇ ਭਰ ਵਿੱਚ ਨਿੱਜੀਕਰਨ ਆਊਟਸੋਰਸਿੰਗ ਅਤੇ ਠੇਕਾ ਸਿਸਟਮ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੈਰੀਟੋਰੀਅਸ ਸਕੂਲਾਂ ਵਿੱਚ ਭਰਤੀ ਕੀਤੇ ਗਏ ਅਧਿਆਪਕਾਂ ਨੂੰ ਉੱਚ ਤਾਲੀਮ ਹਾਸਲ ਹੋਣ ਦੇ ਬਾਵਜੂਦ ਵੀ ਠੇਕਾ ਸਿਸਟਮ ਅਧੀਨ ਘੱਟ ਤਨਖਾਹ ਤੇ ਫਾਕੇ ਕੱਟਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਪੂਰੇ ਤਨਖਾਹ ਸਕੇਲਾਂ ਸਮੇਂਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ।
ਰੈਲੀ ਦੌਰਾਨ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਸੂਬਾ ਵਿੱਤ ਸਕੱਤਰ ਜਸਵਿੰਦਰ ਗੋਨਿਆਣਾ, ਜ਼ਿਲ੍ਹਾ ਪ੍ਰਧਾਨ ਬਰਨਾਲਾ ਬਲਜੀਤ ਸਿੰਘ ਅਕਲੀਆ, ਸੰਗਰੂਰ ਪ੍ਰਧਾਨ ਦਾਤਾ ਸਿੰਘ ਨਮੋਲ, ਐਮ ਟੀ ਯੂ ਦੇ ਬੂਟਾ ਸਿੰਘ ਮਾਨ, ਵਿੱਤ ਸਕੱਤਰ ਰਾਕੇਸ਼ ਕੁਮਾਰ, ਪਰਮਜੀਤ ਸਿੰਘ, ਵਿਪਨੀਤ ਕੌਰ, ਡੀ ਟੀ ਐੱਫ ਦੇ ਦਲਜੀਤ ਸਮਰਾਲਾ,ਰੇਸ਼ਮ ਖੇਮੂਆਣਾ ਅਤੇ ਕਰਮਜੀਤ ਤਾਮਕੋਟ ਅਤੇ ਐਨ. ਐਸ. ਕਿਊਂ .ਐਫ .ਦੇ ਗੁਰਦੇਵ ਸਿੰਘ ਔਰਤ ਅਧਿਆਪਕ ਆਗੂ ਨਵਚਰਨ ਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਬਲਰਾਮ ਸ਼ਰਮਾ, ਚਰਨਜੀਤ ਕਪੂਰਥਲਾ, ਪ੍ਰਿਤਪਾਲ ਸਿੰਘ ਬਰਨਾਲਾ, ਸੁਖਵਿੰਦਰਜੀਤ ਜਲੰਧਰ, ਪਰਮਿੰਦਰ ਸਿੰਘ ਫ਼ਤਹਿਗੜ੍ਹ, ਗਗਨਦੀਪ ਬਰਾੜ, ਹਰਜਿੰਦਰ ਸਿੰਘ ਅਨੂਪਗੜ੍ਹ, ਰਾਜਿੰਦਰ ਕੁਮਾਰ, ਗੁਰਜੀਤ ਸਿੰਘ ਪੱਖੋ, ਅਵਤਾਰ ਲਾਲ, ਸ਼ਬੀਰ ਖਾਂ, ਬੇਅੰਤ ਸਿੰਘ ਬੁਰਜ, ਗਗਨ ਪਾਹਵਾ, ਹਰਜੀਤ ਸੁਧਾਰ, ਸੁਖਪਾਲਜੀਤ ਮੋਗਾ, ਜਗਵੀਰਨ ਕੌਰ, ਤਲਵਿੰਦਰ ਸਿੰਘ ਪਟਿਆਲਾ ਆਦਿ ਹਾਜ਼ਰ ਸਨ।