ਸਿੱਖਿਆ ਵਿਭਾਗ ਵੱਲੋਂ ਅਧਿਆਪਕਾ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ, ਪੜ੍ਹੋ ਪੂਰਾ ਮਾਮਲਾ
ਪੰਜਾਬ ਨੈਟਵਰਕ ਚੰਡੀਗੜ੍ਹ
ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ‘ਤੇ ਡੀਈਓ (ਐਲੀ) ਮੋਹਾਲੀ ਦੇ ਵੱਲੋਂ ਪਵਨਦੀਪ ਕੌਰ ਈਟੀਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਜਲਾਲਪੁਰ ਬਲਾਕ ਡੇਰਾਬੱਸੀ-2 ਜ਼ਿਲ੍ਹਾ ਐਸਏਐਸ ਨਗਰ ਮੋਹਾਲੀ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਗਿਆ ਹੈ।
ਆਪਣੇ ਜਾਰੀ ਨੋਟਿਸ ਵਿੱਚ ਵਿਭਾਗ ਨੇ ਲਿਖਿਆ ਹੈ ਕਿ ਪ੍ਰਾਪਤ ਸੰਦੇਸ਼ ਅਨੁਸਾਰ, ਅੱਠ ਨਵੰਬਰ ਨੂੰ ਪ੍ਰਿੰਸੀਪਲ ਡਾਇਟ ਬੁੱਢਣਪੁਰ ਵੱਲੋਂ ਐਸਏਐਸ ਨਗਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਜਲਾਲਪੁਰ ਬਲਾਕ ਡੇਰਾਬੱਸੀ-2 ਦਾ ਨਿਰੀਖਣ ਕੀਤਾ ਗਿਆ।
ਨਿਰੀਖਣ ਦੌਰਾਨ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਕਾਫੀ ਨੀਵਾਂ ਪਾਇਆ ਗਿਆ। ਇਹ ਵੀ ਪਾਇਆ ਗਿਆ ਕਿ ਅਧਿਆਪਕਾ ਪਵਨਦੀਪ ਕੌਰ ਨੂੰ ਬਤੌਰ ਇੰਚਾਰਜ ਜਮਾਤ ਦੀ ਤੀਜੀ ਪਰਖ ਰਾਸ਼ਟਰੀ ਸਰਵੇਖਣ 2024 ਬਾਰੇ ਕੋਈ ਜਾਣਕਾਰੀ ਨਹੀਂ ਸੀ।
ਦੋਸ਼ ਹੈ ਕਿ ਅਧਿਆਪਕਾ ਪਵਨਦੀਪ ਕੌਰ ਵੱਲੋਂ ਵਿਦਿਆਰਥੀਆਂ ਦੀਆਂ ਕਾਪੀਆਂ ਤੇ ਵੀ ਕੰਮ ਕਰਵਾ ਕੇ ਚੈੱਕ ਨਹੀਂ ਕੀਤਾ ਗਿਆ ਅਤੇ ਤੀਜੀ ਜਮਾਤ ਦੇ ਵਿਦਿਆਰਥੀਆਂ ਦੀ ਹਾਜ਼ਰੀ ਸਿਰਫ 2/25 ਸੀ।
ਵਿਭਾਗ ਨੇ ਇਹ ਕਾਰਨ ਦੱਸੋ ਨੋਟਿਸ ਭੇਜਦੇ ਹੋਏ ਪਵਨਦੀਪ ਕੌਰ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਸਪਸ਼ਟੀਕਰਨ ਬੀਪੀਈਓ ਡੇਰਾਬਸੀ-2 ਰਾਹੀਂ ਦਫਤਰ ਵਿਖੇ ਮਿਤੀ 13 ਨਵੰਬਰ ਤੱਕ ਭੇਜਣਾ ਯਕੀਨੀ ਬਣਾਇਆ ਜਾਵੇ।