ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪੀਟੀਆਈ ਅਤੇ ਆਰਟ ਐਂਡ ਕਰਾਫਟ ਟੀਚਰਾਂ ਦੇ ਪੇਅ ਸਕੇਲਾਂ ਸਬੰਧੀ ਵਿਵਾਦਿਤ ਪੱਤਰ ਜਾਰੀ, ਡੀਟੀਐਫ਼ ਨੇ ਕਿਹਾ- ਪੱਤਰ ਲਿਆ ਜਾਵੇ ਵਾਪਸ, ਨਹੀਂ ਤਾਂ…!

All Latest News

 

ਪੀਟੀਆਈ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਵਿੱਚ ਬੇਚੈਨੀ ਪੈਦਾ ਕਰਨ ਵਾਲਾ ਅਧਿਆਪਕ ਵਿਰੋਧੀ ਪੱਤਰ ਫੌਰੀ ਵਾਪਸ ਲਿਆ ਜਾਵੇ : ਡੀ ਟੀ ਐੱਫ

ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਅਸਪਸ਼ਟ ਪੱਤਰ ਦੀ ਕੀਤੀ ਨਿਖੇਧੀ, ਵਾਪਸ ਲੈਣ ਦੀ ਕੀਤੀ ਮੰਗ

ਸੀ ਐਂਡ ਵੀ ਅਧਿਆਪਕਾਂ ਦੇ ਪੇਅ ਸਕੇਲਾਂ ਸਬੰਧੀ ਵਿੱਤ ਵਿਭਾਗ ਵੱਲੋਂ ਜਾਰੀ ਸਪੀਕਿੰਗ ਆਰਡਰ ਤੁਰੰਤ ਰੱਦ ਕੀਤੇ ਜਾਣ : ਡੀ ਟੀ ਐੱਫ

ਪੰਜਾਬ ਨੈੱਟਵਰਕ, ਅੰਮ੍ਰਿਤਸਰ

ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਵੱਲੋਂ ਮਿਤੀ 08-11-2024 ਨੂੰ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਪੀ ਟੀ ਆਈ ਅਤੇ ਆਰਟ ਐਂਡ ਕਰਾਫਟ ਟੀਚਰਾਂ ਆਦਿ ਦੇ ਪੇਅ ਸਕੇਲਾਂ ਸਬੰਧੀ ਪੱਤਰ ਜਾਰੀ ਕੀਤਾ ਹੈ।

ਇਸ ਪੱਤਰ ਰਾਹੀਂ ਇਸੇ ਦਫ਼ਤਰ ਦੁਆਰਾ ਜਾਰੀ ਸੋਧ ਪੱਤਰ ਮਿਤੀ 08/11/2012 ਵਾਪਸ ਲੈਂਦਿਆਂ ਪੰਜਾਬ ਸਰਕਾਰ ਵਿੱਤ ਵਿਭਾਗ ਦੇ ਪੱਤਰ ਨੰਬਰ 5/10/09-5 ਐੱਫ ਪੀ1/665 ਮਿਤੀ 05/10/2011 ਅਨੁਸਾਰ ਕਾਰਵਾਈ ਕਰਦੇ ਹੋਏ ਬਣਦੀ ਰਿਕਵਰੀ ਜਮ੍ਹਾਂ ਕਰਾਉਂਦੇ ਹੋਏ ਸਰਕਾਰ ਅਤੇ ਦਫ਼ਤਰ ਨੂੰ ਰਿਪੋਰਟ ਭੇਜਣ ਦੇ ਹੁਕਮ ਜਾਰੀ ਕੀਤੇ ਹਨ।

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ, ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਅਤੇ ਵਿੱਤ ਸਕੱਤਰ ਹਰਜਾਪ ਸਿੰਘ ਬੱਲ ਨੇ ਪ੍ਰੈੱਸ ਬਿਆਨ ਰਾਹੀਂ ਇਸ ਭੁਲੇਖਾ ਪਾਉ ਪੱਤਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਪੱਤਰ ਪੂਰਨ ਰੂਪ ਵਿੱਚ ਅਸਪਸ਼ਟ ਅਤੇ ਤੱਥ ਰਹਿਤ ਹੈ ਜਿਸ ਕਰਕੇ ਨਾ ਤਾਂ ਅਧਿਆਪਕਾਂ ਨੂੰ ਸਥਿਤੀ ਸਪਸ਼ਟ ਹੋ ਰਹੀ ਹੈ ਅਤੇ ਨਾ ਹੀ ਉਨ੍ਹਾਂ ਦੇ ਸਕੂਲ ਮੁਖੀਆਂ ਨੂੰ, ਜਿਸ ਕਾਰਨ ਉਹ ਸਾਰੇ ਭੰਬਲ ਭੂਸੇ ਵਿੱਚ ਪਏ ਹੋਏ ਹਨ।

ਉਹਨਾਂ ਕਿਹਾ ਕਿ ਪੰਜਵੇਂ ਅਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਰਿਪੋਰਟਾਂ ਅਨੁਸਾਰ ਪੀ.ਟੀ ਆਈਜ਼ ਅਤੇ ਆਰਟ ਐਂਡ ਕ੍ਰਾਫਟ ਅਧਿਆਪਕਾਂ ਨੂੰ ਸੀ ਐਂਡ ਵੀ ਕਾਡਰ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਛੇਵੇਂ ਪੇ ਕਮਿਸ਼ਨ ਅਨੁਸਾਰ ਇਹ ਸਕੇਲ ਸੋਧੇ ਤਨਖਾਹ ਸਕੇਲਾਂ ਮੁਤਾਬਕ ਸਹੀ ਹਨ।

ਆਗੂਆਂ ਨੇ ਦੱਸਿਆ ਕਿ ਆਰਟ ਐਂਡ ਕਰਾਫਟ ਟੀਚਰਜ਼ ਅਤੇ ਪੀ.ਟੀ.ਆਈਜ਼ ਅਧਿਆਪਕਾਂ ਦੀ ਪੇਅ ਪੈਰਿਟੀ ਤੀਜੇ ਪੇ ਕਮਿਸ਼ਨ ਤੋਂ ਹੀ ਸੀ ਐਂਡ ਵੀ ਕਾਡਰ ਦੇ ਸਮਾਨ ਸੀ ਅਤੇ 05/10/2011 ਦੇ ਵਿੱਤ ਵਿਭਾਗ ਦੇ ਉਕਤ ਪੱਤਰ ਅਨੁਸਾਰ ਜਾਰੀ ਗ੍ਰੇਡ ਪੇ ਨਾਲ ਤਨਖਾਹ ਫਿਕਸ ਕੀਤੀ ਗਈ ਹੈ।

ਪ੍ਰੰਤੂ ਸਿੱਖਿਆ ਵਿਭਾਗ ਵੱਲੋਂ ਹੁਣ ਜਾਰੀ ਪੱਤਰ ਮੁਤਾਬਕ ਪੀ.ਟੀ ਆਈਜ਼ ਨੂੰ ਸੀ ਐਂਡ ਵੀ ਕਾਡਰ ਵਿੱਚੋਂ ਬਾਹਰ ਕੱਢਣ ਦੀ ਸਾਜ਼ਿਸ਼ ਰਚਦਿਆਂ ਨਵੇਂ ਸਿਰਿਉਂ ਤਨਖਾਹ ਫਿਕਸ ਕਰਕੇ ਅਸਿੱਧੇ ਰੂਪ ਵਿਚ ਤਨਖਾਹ ਕਟੌਤੀ ਦੀ ਚਾਲ ਚੱਲੀ ਜਾ ਰਹੀ ਹੈ।

ਡੀ.ਟੀ.ਐੱਫ ਦੇ ਆਗੂਆਂ ਜਰਮਨਜੀਤ ਸਿੰਘ, ਚਰਨਜੀਤ ਸਿੰਘ ਰੱਜਧਾਨ, ਗੁਰਦੇਵ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜਬੋਵਾਲ, ਮੈਡਮ ਕੰਵਲਜੀਤ ਕੌਰ, ਮੈਡਮ ਮੋਨਿਕਾ ਸੋਨੀ, ਮੈਡਮ ਅਰਚਨਾ, ਪਰਮਿੰਦਰ ਸਿੰਘ ਰਾਜਾਸਾਂਸੀ, ਰਾਜੇਸ਼ ਕੁੰਦਰਾ, ਰਾਜਵਿੰਦਰ ਸਿੰਘ ਚਿਮਨੀ, ਵਿਸ਼ਾਲ ਕਪੂਰ, ਗੁਰ ਕਿਰਪਾਲ ਸਿੰਘ, ਸ਼ਮਸ਼ੇਰ ਸਿੰਘ, ਹਰਵਿੰਦਰ ਸਿੰਘ, ਬਿਕਰਮਜੀਤ ਸਿੰਘ ਭੀਲੋਵਾਲ, ਹਰਵਿੰਦਰ ਸਿੰਘ, ਜੁਝਾਰ ਸਿੰਘ ਟਪਿਆਲਾ, ਸੁਖਵਿੰਦਰ ਸਿੰਘ ਬਿੱਟਾ, ਨਵਤੇਜ ਸਿੰਘ, ਗੁਰਤੇਜ ਸਿੰਘ, ਹਰਪ੍ਰੀਤ ਸਿੰਘ ਨਿਰੰਜਨਪੁਰ, ਰਾਜੀਵ ਕੁਮਾਰ ਮਰਵਾਹਾ, ਪ੍ਰਿਥੀਪਾਲ ਸਿੰਘ ਆਦਿ ਨੇ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਰਾਹੀਂ ਜਾਰੀ ਕੀਤੇ ਕਿਸੇ ਪੱਤਰ ਨਾਲ ਅਧਿਆਪਕਾਂ ਨੂੰ ਕੋਈ ਵਿੱਤੀ ਨੁਕਸਾਨ ਹੁੰਦਾ ਹੈ ਤਾਂ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਖਿਲਾਫ ਜੱਥੇਬੰਦੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

Media PBN Staff

Media PBN Staff

Leave a Reply

Your email address will not be published. Required fields are marked *