ਸਿੱਖਿਆ ਕ੍ਰਾਂਤੀ ਦੇ ਦਾਅਵੇ ਖੋਖਲੇ! ਠੰਡ ਪੈਂਦੇ ਸਾਰ ਹੀ ਸਰਕਾਰੀ ਸਕੂਲਾਂ ਦੇ ਬੱਚੇ ਕੰਬਣ ਲੱਗੇ: ਗੌਰਮਿੰਟ ਟੀਚਰਜ਼ ਯੂਨੀਅਨ
ਮਹਿਜ਼ 600 ਰੁਪਏ ਵਿੱਚ ਗਰਮੀ ਤੇ ਸਰਦੀ ਦੀਆਂ ਚੰਗੀਆਂ ਵਰਦੀਆਂ ਮਿਲਣਾ ਅਸੰਭਵ- ਜਸਵਿੰਦਰ ਸਿੰਘ ਸਮਾਣਾ
ਭਗਵੰਤ ਮਾਨ ਸਰਕਾਰ ਸਿੱਖਿਆ ਕ੍ਰਾਂਤੀ ਦੇ ਨਾਅਰੇ ਤੇ ਹੋਈ ਹਰ ਫਰੰਟ ਤੇ ਫੇਲ੍ਹ- ਪਰਮਜੀਤ ਸਿੰਘ ਪਟਿਆਲਾ
ਪੰਜਾਬ ਨੈੱਟਵਰਕ, ਦੇਵੀਗੜ੍ਹ
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸਿੱਖਿਆ ਵਿਭਾਗ ਦੁਆਰਾ ਵਰਦੀਆਂ ਦੀ ਇਸ ਸਾਲ ਲਈ ਗਰਾਂਟ ਜਾਰੀ ਕੀਤੀ ਗਈ ਸੀ। ਇਹ ਗਰਾਂਟ ਪ੍ਰਤੀ ਬੱਚਾ 600 ਰੁ ਵਰਦੀ ਲਈ ਜਾਰੀ ਕੀਤਾ ਗਿਆ ਸੀ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਮੀਂਹ ਪੈਣ ਤੋਂ ਬਾਅਦ ਠੰਡ ਵੱਧਣ ਨਾਲ ਸਰਕਾਰੀ ਸਕੂਲਾਂ ਦੇ ਬੱਚੇ ਸਵੇਰ ਤੋਂ ਕੰਬਣ ਲੱਗੇ ਹਨ । ਪੇਪਰਾਂ ਦੇ ਦਿਨਾਂ ਵਿੱਚ ਬੱਚੇ ਠੰਡ ਨਾਲ ਬਿਮਾਰ ਹੋ ਸਕਦੇ ਹਨ।
ਪਰ ਸਿੱਖਿਆ ਵਿਭਾਗ ਵਿਭਾਗ ਇਹਨਾਂ ਬੱਚਿਆਂ ਨੂੰ ਗਰਮੀ ਤੇ ਜ਼ਿਆਦਾ ਠੰਡ ਵਿੱਚ ਬਚਣ ਲਈ ਮਹਿਜ਼ 600 ਰੁ ਪ੍ਰਤੀ ਬੱਚਾ ਵਰਦੀ ਦੀ ਗਰਾਂਟ ਦਿੱਤੀ ਜਾਂਦੀ ਹੈ ਪਰ ਏਨੀ ਮਹਿੰਗਾਈ ਦੇ ਵਿੱਚ 600 ਰੁਪਏ ਦੇ ਅੰਦਰ ਵਿਦਿਆਰਥੀਆਂ ਨੂੰ ਦੋਵੇਂ ਮੋਸਮ ਦੀਆਂ ਵਰਦੀਆਂ ਦੇਣਾ ਬਹੁਤ ਮੁਸ਼ਕਿਲ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਐਮੀਨੈਂਸ ਸਕੂਲਾਂ ਦੀ ਤਰਜ਼ ਤੇ ਪੰਜਾਬ ਭਰ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵਰਦੀਆਂ ਦਵੇ। ਉਹਨਾਂ ਕਿਹਾ ਕਿ ਐਮੀਨੈਂਸ ਸਕੂਲਾਂ ਵਿੱਚ ਪ੍ਰਤੀ ਬੱਚਾ 4000 ਰੁ ਵਰਦੀ ਦੀ ਗਰਾਂਟ ਜਾਰੀ ਕੀਤੀ ਜਾਂਦੀ ਹੈ।
ਜਦੋਂ ਕਿ ਦੂਜੇ ਸਰਕਾਰੀ ਸਕੂਲਾਂ ਨੂੰ 600 ਪ੍ਰਤੀ ਬੱਚਾ ਵਰਦੀ ਦੀ ਗਰਾਂਟ ਦਿੱਤੀ ਜਾ ਰਹੀ ਹੈ ਜੋ ਕਿ ਵੱਡੇ ਪੱਧਰ ਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਏਨੀ ਮਹਿੰਗਾਈ ਦੇ ਵਿੱਚ 600 ਰੁ ਦੇ ਵਿੱਚ ਬੱਚਿਆਂ ਨੂੰ ਪੈਂਟ ਕਮੀਜ਼, ਟਾਈ, ਬੈਲਟ,ਸਵੈਟਰ,ਟੋਪੀ, ਕੋਟੀ, ਬੂਟ,ਜਰਾਬਾਂ , ਪਟਕਾ ਖਰੀਦ ਕੇ ਦੇਣਾ ਅਧਿਆਪਕਾਂ ਤੇ ਸਕੂਲ ਮੈਨੇਜਮੈਂਟ ਕਮੇਟੀਆਂ ਲਈ ਸਿਰਦਰਦੀ ਭਰਿਆ ਕੰਮ ਹੈ ਕਿਸੇ ਵੀ ਕੀਮਤ ਤੇ ਚੰਗੀ ਤੇ ਮਿਆਰੀ ਕੁਆਲਿਟੀ ਦੀ ਵਰਦੀਆਂ ਬੱਚਿਆਂ ਨੂੰ ਮੁੱਹਈਆ ਨਹੀਂ ਕਰਵਾਈ ਜਾ ਸਕਦੀਆਂ।
ਅਧਿਆਪਕ ਆਗੂਆਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਰਕਾਰ ਸੂਬੇ ਅੰਦਰ ਜਿੱਥੇ ਐਮੀਨੈਂਸ ਸਕੂਲਾਂ ਨੂੰ ਵੱਡੇ ਪੱਧਰ ਤੇ ਵਰਦੀਆਂ ਲਈ ਗਰਾਂਟਾਂ 4000ਰੁ ਪ੍ਰਤੀ ਬੱਚਿਆਂ ਜਾਰੀ ਕਰ ਰਹੀਆਂ ਹਨ। ਉਸੇ ਤਰ੍ਹਾਂ ਹੋਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਾਰੇ ਬੱਚਿਆਂ ਦੇ ਲਈ ਐਮੀਨੈਂਸ ਸਕੂਲਾਂ ਦੀ ਤਰਜ਼ ਤੇ ਗਰਾਂਟ ਜਾਰੀ ਕਰੇ ਤਾਂ ਜੋ ਅਧਿਆਪਕ , ਸਕੂਲ ਮੈਨੇਜਮੈਂਟ ਕਮੇਟੀਆਂ ਬਿਨਾਂ ਕਿਸੇ ਦੇਰੀ ਦੇ ਚੰਗੀਆਂ ਵਧੀਆ ਕੁਆਲਿਟੀ ਦੀਆਂ ਵਰਦੀਆਂ ਬੱਚਿਆਂ ਨੂੰ ਉਪਲੱਬਧ ਕਰਵਾ ਸਕਣ।
ਇਸੇ ਸਮੇਂ ਕਮਲ ਨੈਣ , ਦੀਦਾਰ ਸਿੰਘ, ਹਿੰਮਤ ਸਿੰਘ ਖੋਖ,ਸ਼ਿਵਪ੍ਰੀਤ ਪਟਿਆਲਾ, ਸੁਖਵਿੰਦਰ ਸਿੰਘ ਨਾਭਾ, ਵਿਕਾਸ ਸਹਿਗਲ, ਰਜਿੰਦਰ ਸਿੰਘ ਜਵੰਦਾ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ,ਹਰਦੀਪ ਸਿੰਘ ਪਟਿਆਲਾ, ਮਨਜਿੰਦਰ ਸਿੰਘ ਗੋਲਡੀ, ਰਜਿੰਦਰ ਸਿੰਘ ਰਾਜਪੁਰਾ,ਨਿਰਭੈ ਸਿੰਘ,ਭੀਮ ਸਿੰਘ ਸਮਾਣਾ, ਗੁਰਪ੍ਰੀਤ ਸਿੰਘ ਸਿੱਧੂ, ਟਹਿਲਬੀਰ ਸਿੰਘ,ਮਨਦੀਪ ਸਿੰਘ ਕਾਲੇਕੇ ,ਗੁਰਵਿੰਦਰ ਸਿੰਘ ਜਨੇਹੇੜੀਆਂ ,ਹਰਵਿੰਦਰ ਸਿੰਘ ਖੱਟੜਾ, ਗੁਰਪ੍ਰੀਤ ਸਿੰਘ ਤੇਪਲਾ, ਗੁਰਪ੍ਰੀਤ ਸਿੰਘ ਬੱਬਨ ,ਲਖਵਿੰਦਰ ਪਾਲ ਸਿੰਘ ਰਾਜਪੁਰਾ, ਦਲਬੀਰ ਕਲਿਆਣ, ਧਰਮਿੰਦਰ ਸਿੰਘ ਘੱਗਾ, ਗੁਰਵਿੰਦਰ ਸਿੰਘ, ਸ਼ਿਵ ਕੁਮਾਰ ਸਮਾਣਾ,ਸ਼ਪਿੰਦਰ ਸ਼ਰਮਾ ਧਨੇਠਾ, ਹਰਪ੍ਰੀਤ ਸਿੰਘ ਰਾਜਪੁਰਾ, ਬਲਜਿੰਦਰ ਸਿੰਘ ਰਾਜਪੁਰਾ, ਸਰਬਜੀਤ ਸਿੰਘ ਰਾਜਪੁਰਾ, ਸਾਥੀ ਮੌਜੂਦ ਰਹੇ।