ਸਾਵਧਾਨ! ਪੰਜਾਬ ‘ਚ ਕੱਲ੍ਹ ਕਿਸਾਨ ਕਰਨਗੇ ਰੇਲਾਂ ਦਾ ਚੱਕਾ ਜਾਮ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਦੋਨਾਂ ਫੋਰਮਾਂ ਦੇ ਸੱਦੇ ਉੱਤੇ ਪੰਜਾਬ ਭਰ ਵਿੱਚ 18 ਦਸੰਬਰ ਨੂੰ 12 ਤੋਂ 3 ਵਜੇ ਤੱਕ ਰੇਲ ਮਾਰਗ ਜਾਮ ਕਰਨ ਦੀਆਂ ਤਿਆਰੀਆਂ ਮੁਕੰਮਲ
ਲੱਖਾਂ ਕਿਸਾਨ,ਮਜ਼ਦੂਰ, ਬੀਬੀਆਂ ਤੇ ਹੋਰ ਵਰਗ ਹੋਣਗੇ ਸ਼ਾਮਲ
ਪੰਜਾਬ ਨੈੱਟਵਰਕ, ਚੰਡੀਗੜ੍ਹ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਸੂਬਾ ਆਗੂ ਸਰਦਾਰ ਸਤਨਾਮ ਸਿੰਘ ਪੰਨੂ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਪਿਛਲੇ 10 ਮਹੀਨਿਆਂ ਤੋਂ ਸ਼ੰਭੂ ਖਨੌਰੀ ਤੇ ਰਤਨਪੁਰਾਂ (ਰਾਜਸਥਾਨ)ਬਾਰਡਰਾਂ ਉੱਤੇ ਚੱਲ ਰਹੇ ਦੇਸ਼ ਵਿਆਪੀ ਅੰਦੋਲਨ ਦੌਰਾਨ ਪੈਦਲ ਦਿੱਲੀ ਵੱਲ ਕੂਚ ਕਰ ਰਹੇ ਜਥਿਆਂ ਉੱਤੇ ਮੋਦੀ ਹਕੂਮਤ ਵੱਲੋਂ ਵਹਿਸ਼ੀ ਜ਼ਬਰ ਤੇ ਦੇਸ਼ ਦੇ ਸੰਵਿਧਾਨ ਦੁਆਰਾ ਦੁਬਾਰਾ ਬੋਲਣ ਤੇ ਰੋਜ਼ ਪ੍ਰਦਰਸ਼ਨ ਦੀ ਆਜ਼ਾਦੀ ਦਾ ਗਲਾ ਘੁੱਟਦਿਆਂ ਕਿਸਾਨਾਂ ਮਜ਼ਦੂਰਾਂ ਨੂੰ ਵੱਖਰੇ ਦੇਸ਼ ਦਾ ਅਹਿਸਾਸ ਕਰਵਾ ਦਿੱਤਾ ਹੈ।
ਇਸ ਲਈ ਮੋਦੀ ਸਰਕਾਰ ਦਾ ਅੱਤਿਆਚਾਰੀ ਚਿਹਰਾ ਬੇਨਕਾਬ ਕਰਨ ਤੇ 25 ਨਵੰਬਰ ਨੂੰ ਪਹਿਲੇ ਦਿੱਲੀ ਅੰਦੋਲਨ ਦੌਰਾਨ ਰੱਦ ਕੀਤੇ ਤਿੰਨੇ ਕਾਲੇ ਖੇਤੀ ਕਾਨੂੰਨ ਦੁਬਾਰਾ ਖੇਤੀ ਮਾਰਕੀਟਿੰਗ ਨੀਤੀ ਦੇ ਨਾਮ ਹੇਠ ਲਿਆ ਕੇ ਰਾਜਾਂ ਨੂੰ ਲਾਗੂ ਕਰਨ ਲਈ ਭੇਜਣ ਖਿਲਾਫ ਦੋਵਾਂ ਫੋਰਮਾ ਵੱਲੋਂ 18 ਦਸੰਬਰ 12 ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕਰਨ ਦੇ ਸੱਦੇ ਨੂੰ ਸਫਲ ਕਰਨ ਲਈ ਪੰਜਾਬ ਦੇ 18 ਜ਼ਿਲਿਆਂ ਵਿੱਚ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਇਸ ਰੇਲ ਰੋਕੋ ਐਕਸ਼ਨ ਵਿੱਚ ਪੰਜਾਬ ਭਰ ਤੋਂ ਲੱਖਾਂ ਕਿਸਾਨ,ਮਜ਼ਦੂਰ,ਬੀਬੀਆਂ,ਨੌਜਵਾਨ ਖੇਤੀ ਮੰਡੀ ਨਾਲ ਸੰਬੰਧਿਤ ਸਾਰੇ ਵਰਗ ਛੋਟੇ ਦੁਕਾਨਦਾਰ, ਛੋਟੇ ਵਪਾਰੀ ਸ਼ਾਮਿਲ ਹੋਣਗੇ। ਕਿਸਾਨ ਆਗੂ ਨੇ ਦਿੱਲੀ ਅੰਦੋਲਨ 2 ਨੂੰ ਸਾਰੇ ਸਮਾਜ ਨੂੰ ਬਚਾਉਣ ਦਾ ਸੰਘਰਸ਼ ਦੱਸਦਿਆਂ ਕਿਹਾ ਕਿ ਮੋਦੀ ਹਕੂਮਤ ਖੇਤੀ ਮੰਡੀ ਖਤਮ ਕਰਕੇ ਸਾਇਲੋ ਗੁਦਾਮਾਂ ਨੂੰ ਮੰਡੀ ਯਾਰਡ ਘੋਸ਼ਿਤ ਕਰਨ ਤੇ ਦੇਸ਼ ਦੇ 68 ਕਰੋੜ ਕਿਸਾਨਾਂ ਨੂੰ ਖੇਤੀ ਕਿੱਤੇ ਵਿੱਚੋਂ ਬਾਹਰ ਕਰਕੇ ਸਸਤੀ ਲੇਬਰ ਵਿੱਚ ਤਬਦੀਲ ਕਰਨ ਦੇ ਏਜੰਡੇ ਉੱਤੇ ਚੱਲ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਸਾਨ ਅੰਦੋਲਨ ਬਾਰੇ ਸਾਜ਼ਿਸ਼ੀ ਚੁੱਪੀ ਧਾਰੀ ਹੋਈ ਤੇ ਸਾਰੀਆਂ ਵਿਰੋਧੀ ਪਾਰਟੀਆਂ ਵੀ ਕਾਰਪੋਰੇਟ ਦੇ ਹੱਲੇ ਅੱਗੇ ਹੱਥ ਬੰਨ ਕੇ ਖੜੀਆਂ ਹਨ। ਇਸ ਲਈ ਦੇਸ਼ ਭਰ ਦੀਆਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਨੂੰ ਪੁਰਜ਼ੋਰ ਅਪੀਲ ਹੈ ਕਿ ਆਉ ਆਪਸੀ ਏਕਾ ਬਣਾਕੇ ਤਿੱਖੇ ਸੰਘਰਸ਼ ਦਾ ਰਾਹ ਚੁਣੀਏ।