ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਮੋਗਾ ਤੇ ਫਰੀਦਕੋਟ ਦੀ ਹੋਈ ਮੀਟਿੰਗ, ਹੁਣ 26 ਦਸੰਬਰ ਨੂੰ ਲੱਗੇਗਾ SSP ਫਰੀਦਕੋਟ ਦਫਤਰ ਵਿਖੇ ਧਰਨਾ
ਪੰਜਾਬ ਨੈੱਟਵਰਕ, ਨੱਥੂਵਾਲਾ ਗਰਬੀ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਸੁਬਾਈ ਆਗੂ ਅਵਤਾਰ ਸਿੰਘ ਮਹਿਮਾ ਦੀ ਅਗਵਾਈ ਵਿੱਚ ਪਿੰਡ ਨੱਥੂਵਾਲਾ ਗਰਬੀ ਵਿਖੇ ਹੋਈ| ਜਿਸ ਵਿੱਚ ਫਰੀਦਕੋਟ ਅਤੇ ਮੋਗਾ ਜਿਲੇ ਦੇ ਆਗੂਆਂ ਨੇ ਹਿੱਸਾ ਲਿਆ | ਮੀਟਿੰਗ ਵਿੱਚ ਵਿਚਾਰ ਚਰਚਾ ਕਰਨ ਤੋਂ ਬਾਅਦ ਫੈਸਲਾ ਕੀਤਾ ਕਿ ਐਸਐਸਪੀ ਦਫਤਰ ਫਰੀਦਕੋਟ ਵਿਖੇ ਲੱਗਣ ਵਾਲਾ ਧਰਨਾ 23 ਦਸੰਬਰ ਦੀ ਜਗ੍ਹਾ ਹੁਣ 26 ਦਸੰਬਰ ਨੂੰ ਲਾਇਆ ਜਾਵੇਗਾ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਹੋਇਆ ਮੋਗਾ ਜ਼ਿਲਾ ਦੇ ਪ੍ਰੈਸ ਸਕੱਤਰ ਤਜਿੰਦਰ ਸਿੰਘ ਭੇਖਾ ਨੇ ਦੱਸਿਆ ਕਿ ਪਿੰਡ ਕਿਲੀ ਚਹਿਲ ਤੋਂ ਕਿਸਾਨ ਆਗੂ ਜਸਬੀਰ ਸਿੰਘ ਨੇ ਫਰੀਦਕੋਟ ਪੁਲਿਸ ਦੇ ਮੁਲਾਜ਼ਮ ਜਿਸ ਦਾ ਨਾਮ ਜਗਦੇਵ ਸਿੰਘ ਹੈ ਅਤੇ ਬੈਲਟ ਨੰਬਰ 169 ਹੈ, ਉਸ ਤੋਂ 5 ਲੱਖ 50 ਹਜਾਰ ਰੁਪਏ ਲੈਣੇ ਹਨ, ਜਿਸ ਦਾ ਅਦਾਲਤ ਵਿੱਚ ਕੇਸ ਚੱਲਿਆ ਹੈ ਅਤੇ ਅਦਾਲਤ ਵੱਲੋਂ ਉਸ ਨੂੰ ਪੀਓ ਕਰਾਰ ਦਿੱਤਾ ਹੋਇਆ ਹੈ| ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਅਦਾਲਤ ਦੇ ਭਗੋੜੇ ਵਿਅਕਤੀ ਨੂੰ ਫਰੀਦਕੋਟ ਦੇ ਐਮਪੀ ਸਰਬਜੀਤ ਸਿੰਘ ਖਾਲਸਾ ਦੀ ਸਕਿਉਰਟੀ ਵਿੱਚ ਲਗਾ ਰੱਖਿਆ ਹੈ|
ਉਹਨਾਂ ਕਿਹਾ ਕਿ ਕਈ ਵਾਰ ਪ੍ਰਸ਼ਾਸਨ ਨੂੰ ਮਿਲ ਕੇ ਇਸ ਮਸਲੇ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ| ਜਿਸ ਤੇ ਚੱਲਦਿਆਂ ਜਥੇਬੰਦੀ ਵੱਲੋਂ 26 ਦਸੰਬਰ ਨੂੰ ਐਸਐਸਪੀ ਦਫਤਰ ਫਰੀਦਕੋਟ ਵਿਖੇ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਹਨਾਂ ਇਲਾਕੇ ਦੇ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਇਸ ਧਰਨੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਗੇ ਜਿਲੇ ਦੇ ਕਸ਼ਮੀਰ ਸਿੰਘ ਭੇਖਾ, ਜਰਨਲ ਸਕੱਤਰ ਸਤਨਾਮ ਸਿੰਘ ਹਰੀਏਵਾਲਾ, ਜਸਵੀਰ ਸਿੰਘ ਕਿਲੀ ਚਹਿਲ, ਜਗਰੂਪ ਸਿੰਘ ਮਾਹਲਾ, ਬਲਵਿੰਦਰ ਸਿੰਘ ਹਰੀਏ ਵਾਲਾ, ਸੁਖਦੀਪ ਸਿੰਘ ਭੇਖਾ, ਫਰੀਦਕੋਟ ਜ਼ਿਲ੍ਹੇ ਦੇ ਆਗੂ ਬਲਵਿੰਦਰ ਸਿੰਘ ਧੂੜਕੋਟ, ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਬਿਸ਼ਨੰਦੀ, ਸਕੱਤਰ ਯਾਦਵਿੰਦਰ ਸਿੰਘ ਸਿਬੀਂਆਂ ਆਦਿ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।