ਅਹਿਮ ਖ਼ਬਰ: 4161 ਮਾਸਟਰ ਕੇਡਰ ਅਧਿਆਪਕਾਂ ਨੂੰ ਦਿੱਤਾ ਜਾਵੇ ਬਦਲੀਆਂ ਦਾ ਮੌਕਾ
ਦਲਜੀਤ ਕੌਰ, ਸੰਗਰੂਰ:
ਅੱਜ 4161 ਮਾਸਟਰ ਕੇਡਰ ਅਧਿਆਪਕ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਰਸ਼ਪਾਲ ਜਲਾਲਾਬਾਦ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਜੂਨ ਮਹੀਨੇ ਵਿੱਚ ਅਧਿਆਪਕਾਂ ਦੀਆਂ ਹੋਣ ਵਾਲੀਆਂ ਬਦਲੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਸੂਬਾ ਪ੍ਰਧਾਨ ਰਸ਼ਪਾਲ ਜਲਾਲਾਬਾਦ, ਮੀਤ ਪ੍ਰਧਾਨਾਂ ਮਾਲਵਿੰਦਰ ਸਿੰਘ ਬਰਨਾਲਾ, ਲਵੀ ਢਿੰਗੀ, ਵਿੱਤ ਸਕੱਤਰ ਜਸਵਿੰਦਰ ਸਿੰਘ ਐਤੀਆਣਾ ਨੇ ਕਿਹਾ ਕਿ 4161 ਅਧਿਆਪਕ ਆਪਣੇ ਘਰਾਂ ਤੋਂ 200 ਤੋਂ 300 ਕਿਲੋਮੀਟਰ ਦੂਰ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਜਿਹਨਾਂ ਵਿੱਚ ਜਿਆਦਾਤਰ ਮਹਿਲਾ ਅਧਿਆਪਕਾਵਾਂ ਹਨ। ਉਹਨਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਪਿਛਲੇ ਦਿਨੀਂ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਦੂਰ ਦੁਰਾਡੇ ਤਾਇਨਾਤ ਅਧਿਆਪਕਾਂ ਨੂੰ ਉਹਨਾਂ ਦੇ ਆਪਣੇ ਪਿੱਤਰੀ ਜਿਲ੍ਹਿਆਂ ਵਿੱਚ ਹੀ ਤਾਇਨਾਤ ਕੀਤਾ ਜਾਵੇਗਾ।
ਸੂਬਾ ਕਮੇਟੀ ਮੈਂਬਰ ਅਲਕਾ ਫਗਵਾੜਾ, ਗੁਰਜੀਤ ਕੌਰ ਸੰਗਰੂਰ, ਨਵਜੋਤ ਕੌਰ ਜਲੰਧਰ ਨੇ ਕਿਹਾ ਕਿ ਮੁੱਖ ਮੰਤਰੀ ਜੀ ਵੱਲੋਂ ਅਧਿਆਪਕਾਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਹੈ।
ਅਧਿਆਪਕ ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ 4161 ਅਧਿਆਪਕਾਂ ਨੂੰ ਬਦਲੀਆਂ ਵਿੱਚ ਮੌਕਾ ਨਹੀਂ ਦਿੱਤਾ ਜਾਂਦਾ ਤਾਂ ਉਹਨਾਂ ਨੂੰ ਮਜਬੂਰਨ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਵੇਗਾ।
ਇਸ ਮੌਕੇ ਸੂਬਾ ਕਮੇਟੀ ਮੈਂਬਰ ਸੰਦੀਪ ਗਿੱਲ, ਹਰਜੋਤ ਸਿੰਘ, ਗੁਰਪਾਲ ਮਾਨਸਾ, ਜਗਸੀਰ ਫ਼ਰੀਦਕੋਟ, ਚੰਨ ਮੁਕਤਸਰ, ਗੁਰਵੰਤ ਸਿੰਘ, ਗੁਰਮੀਤ ਸਿੰਘ, ਜਗਦੀਪ ਸਿੱਘ, ਤਰਸੇਮ ਸਿੰਘ ਫਾਜ਼ਿਲਕਾ, ਰਮਨਦੀਪ ਸਿੰਘ ਆਦਿ ਹਾਜਰ ਸਨ।