ਪੰਜਾਬ ਦੀ ਇਸ ਵਿਧਾਨ ਸਭਾ ਸੀਟ ‘ਤੇ ਮੁੜ ਹੋਵੇਗੀ ਜਿਮਨੀ ਚੋਣ, ਪੜ੍ਹੋ ਵੇਰਵਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਵਿਧਾਨ ਸਭਾ ਦੇ ਸੈਕਟਰੀ ਵੱਲੋਂ ਲੁਧਿਆਣਾ ਪੱਛਮੀ ਸੀਟ ਨੂੰ ਖ਼ਾਲੀ ਐਲਾਨ ਦਿੱਤਾ ਗਿਆ ਹੈ। ਇਸ ਸੀਟ ਤੇ ਹੁਣ ਫਿਰ ਜਿਮਨੀ ਚੋਣ ਹੋਵੇਗੀ।
ਦੱਸ ਦਈਏ ਕਿ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦਾ ਲੰਘੇ ਦਿਨੀਂ ਗੋਲੀ ਲੱਗਣ ਦੇ ਕਾਰਨ ਦੇਹਾਂਤ ਹੋ ਗਿਆ ਸੀ। ਵਿਧਾਨ ਸਭਾ ਐਕਟ ਦੇ ਮੁਤਾਬਿਕ ਜੇਕਰ ਕੋਈ ਵਿਧਾਇਕ ਅਸਤੀਫ਼ਾ ਦੇ ਜਾਂਦਾ ਹੈ ਜਾਂ ਫਿਰ ਉਸਦੀ ਮੌਤ ਹੋ ਜਾਂਦੀ ਹੈ ਤਾਂ ਉਕਤ ਸੀਟ ਨੂੰ ਖ਼ਾਲੀ ਕਰਾਰ ਕਰ ਦਿੱਤਾ ਜਾਂਦਾ ਹੈ।
ਇਥੇ ਦੱਸਣਾ ਬਣਦਾ ਹੈ ਕਿ ਗੋਗੀ ਦੇ ਪਿੱਛੇ ਉਨ੍ਹਾਂ ਦੀ ਪਤਨੀ ਸੁਖਚੈਨ ਕੌਰ ਗੋਗੀ, ਇੱਕ ਪੁੱਤਰ ਅਤੇ ਇੱਕ ਧੀ ਹੈ। ਗੋਗੀ 2022 ਵਿੱਚ ‘ਆਪ’ ਵਿੱਚ ਸ਼ਾਮਲ ਹੋਏ ਸਨ। ਉਹ 2022 ਵਿਚ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ ਹਰਾ ਕੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਬਣੇ ਸਨ। ਗੋਗੀ ਨੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਮੁਲਾਕਾਤ ਕਰਕੇ ਬੁੱਢੇ ਨਾਲੇ ਦਾ ਮਸਲਾ ਵਿਚਾਰਿਆ ਸੀ।
ਗੋਗੀ ਪੀਐਸਆਈਈਸੀ ਦੇ ਚੇਅਰਮੈਨ ਸਨ। ਕਾਂਗਰਸ ਸਰਕਾਰ ਦੌਰਾਨ, ਗੋਗੀ ਨੂੰ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀਐਸਆਈਈਸੀ) ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।ਉਹ 2014 ਤੋਂ 2019 ਤੱਕ ਕਾਂਗਰਸ ਦੇ ਜ਼ਿਲ੍ਹਾ (ਸ਼ਹਿਰੀ) ਪ੍ਰਧਾਨ ਸਨ।
‘ਆਪ’ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਗੋਗੀ ਕਾਂਗਰਸ ਵਿੱਚ ਨਗਰ ਨਿਗਮ ਦੇ ਮੇਅਰ ਦੇ ਅਹੁਦੇ ਲਈ ਇੱਕ ਮਜ਼ਬੂਤ ਦਾਅਵੇਦਾਰ ਸਨ, ਪਰ ਬਲਕਾਰ ਸਿੰਘ ਨੇ ਇਹ ਦੌੜ ਜਿੱਤ ਲਈ। ਬਾਅਦ ਵਿੱਚ, ਉਨ੍ਹਾਂ ਨੇ ਕਾਂਗਰਸ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ।
ਗੋਗੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਸਨ। ਪਿਛਲੇ ਸਾਲ, ਗੋਗੀ ਨੇ ਬੁੱਢੇ ਨਾਲੇ ਵਿੱਚ ਇੱਕ ਪਾਈਪਲਾਈਨ ਪ੍ਰੋਜੈਕਟ ਦਾ ਨੀਂਹ ਪੱਥਰ ਢਾਹ ਦਿੱਤਾ ਸੀ, ਜਿਸਦਾ ਨੀਂਹ ਪੱਥਰ ਉਨ੍ਹਾਂ ਨੇ 2022 ਵਿੱਚ ਰੱਖਿਆ ਸੀ।