ਆਦਿਵਾਸੀਆਂ ਦਾ ਪੁਲਿਸ ਮੁਕਾਬਲਿਆਂ ਦੇ ਨਾਮ ਥੱਲੇ ਕਤਲ? ਪੰਜਾਬ ਦੀਆਂ ਜਮਹੂਰੀ ਪਾਰਟੀਆਂ ਵੱਲੋਂ ਸੂਬਾਈ ਪ੍ਰਦਰਸ਼ਨ ਕਰਨ ਦਾ ਐਲਾਨ

All Latest NewsNews FlashPunjab News

 

ਜਮਹੂਰੀ ਕਾਰਕੁੰਨ, ਪੱਤਰਕਾਰ ਲੇਖਕਾਂ ਨੂੰ ਵੀ ‘ਸ਼ਹਿਰੀ ਨਕਸਲੀ’ ਕਹਿ ਕੇ ਇਸ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹੈ

ਦਲਜੀਤ ਕੌਰ , ਜਲੰਧਰ

ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ, ਆਰ.ਐਮ.ਪੀ.ਆਈ. ਅਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਛੱਤੀਸਗੜ੍ਹ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਜੀਵਨ ਦੀ ਸੁਰੱਖਿਆ, ਜਲ, ਜੰਗਲ ਅਤੇ ਜ਼ਮੀਨ ਨੂੰ ਦੇਸੀ-ਵਿਦੇਸ਼ੀ ਲੁੱਟ ਤੋਂ ਬਚਾਉਣ ਲਈ ਸੰਘਰਸ਼ ਕਰ ਰਹੇ ਆਦਿਵਾਸੀਆਂ ਅਤੇ ਹੋਰ ਲੋਕਾਂ ਦੇ ਪੁਲੀਸ ਮੁਕਾਬਲਿਆਂ ਦੇ ਨਾਂ ਥੱਲੇ ਕੀਤੇ ਜਾ ਰਹੇ ਕਤਲ ਅਤੇ ਹਰ ਕਿਸਮ ਦੇ ਜ਼ਬਰ ਦਾ ਵਿਰੋਧ ਕਰਨ ਲਈ ਪੰਜਾਬ ਭਰ ’ਚ 27 ਫਰਵਰੀ ਨੂੰ ਜ਼ਿਲ੍ਹਾ ਕੇਂਦਰ ਉੱਤੇ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਹੈ।

ਸੀ. ਪੀ. ਆਈ. ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਸੀ.ਪੀ.ਆਈ. (ਐੱਮ-ਐੱਲ) ਨਿਊ ਡੈਮੋਕਰੇਸੀ ਦੇ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ, ਆਰ. ਐਮ. ਪੀ. ਆਈ. ਦੇ ਸੂਬਾਈ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਨੇ ਪ੍ਰੈਸ ਨੂੰ ਜਾਰੀ ਕੀਤੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਪਿਛਲੇ ਸਾਲ ਅਤੇ ਇਸ ਸਾਲ ਦੇ ਪਹਿਲੇ 6 ਹਫਤਿਆਂ ਵਿੱਚ ਹੀ ਸੁਰੱਖਿਆ ਫੋਰਸਾਂ ਨੇ 86 ਲੋਕਾਂ ਨੂੰ ਮਾਰ ਦਿੱਤਾ ਗਿਆ। ਪਿਛਲੇ ਦਿਨੀਂ ਵਾਪਰੀ ਤਾਜ਼ਾ ਘਟਨਾ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ 31 ਆਦਿਵਾਸੀਆਂ ਨੂੰ ਕਤਲ ਕਰ ਦਿੱਤਾ ਗਿਆ।

ਖਣਿਜ ਪਦਾਰਥਾਂ ਨਾਲ ਭਰਪੂਰ ਪਹਾੜੀ ਅਤੇ ਜੰਗਲੀ ਖਿੱਤੇ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਅਤੇ ਸਾਮਰਾਜ ਦੇ ਹਵਾਲੇ ਕਰਨ ਲਈ ਜ਼ਬਰ ਦਾ ਨਿਸ਼ਾਨਾ ਬਣਾ ਕੇ ਉਜਾੜਿਆ ਜਾ ਰਿਹਾ ਹੈ ਅਤੇ ਆਮ ਲੋਕਾਂ ਨੂੰ ਦਹਿਸ਼ਤਜਦਾ ਕੀਤਾ ਜਾ ਰਿਹਾ ਹੈ। ਸੰਵਿਧਾਨ ਵਿੱਚ ਦਰਜ ਕਾਨੂੰਨੀ ਵਿਵਸਥਾਵਾਂ ਦੀ ਵੀ ਪਾਲਣਾ ਨਾ ਕਰਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਲੁੱਟ ਅਤੇ ਜਬਰ ਦਾ ਵਿਰੋਧ ਕਰ ਰਹੇ ਖਿੱਤਿਆਂ ਵਿੱਚੋਂ ਨਕਸਲੀਆਂ ਨੂੰ ਮਾਰਚ 2026 ਤੱਕ ਖ਼ਤਮ ਕਰਨ ਦੇ ਐਲਾਨ ਕਰਕੇ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਇਸ ਜਬਰ ਦਾ ਵਿਰੋਧ ਕਰ ਰਹੀਆਂ ਜੱਥੇਬੰਦੀਆਂ, ਪਾਰਟੀਆਂ, ਸਿਆਸੀ ਅਤੇ ਜਮਹੂਰੀ ਕਾਰਕੁੰਨ, ਪੱਤਰਕਾਰ ਲੇਖਕਾਂ ਨੂੰ ਵੀ ‘ਸ਼ਹਿਰੀ ਨਕਸਲੀ’ ਕਹਿ ਕੇ ਇਸ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਸ਼ ਦੇ ਹਰ ਹਿੱਸੇ ਵਿੱਚ ਵਿਰੋਧ ਦੀ ਆਵਾਜ਼ ਉਠਾਉਣ ਅਤੇ ਸੰਘਰਸ਼ ਕਰ ਰਹੇ ਲੋਕਾਂ ਉੱਤੇ ਵੱਖ-ਵੱਖ ਢੰਗਾਂ ਰਾਹੀਂ ਦਬਾਉਣ ਦਾ ਹਰ ਹੀਲਾ ਵਰਤਿਆ ਜਾ ਰਿਹਾ ਹੈ।

ਆਗੂਆਂ ਨੇ ਆਰ.ਐਸ.ਐਸ.-ਭਾਜਪਾ ਦੇ ਇਸ ਜਬਰ ਦਾ ਵਿਰੋਧ ਕਰਨ ਲਈ ਇਨਕਲਾਬੀ ਅਤੇ ਜਮਹੂਰੀ ਪਾਰਟੀਆਂ, ਜੱਥੇਬੰਦੀਆਂ ਅਤੇ ਵਿਅਕਤੀਆਂ ਨੂੰ ਪੰਜਾਬ ਭਰ ’ਚ 27 ਫਰਵਰੀ ਨੂੰ ਵਿਰੋਧ ਪ੍ਰਦਰਸ਼ਨ ਵਿੱਚ ਵਧ-ਚੜ੍ਹਕੇ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਆਰ.ਐਸ.ਐਸ.-ਭਾਜਪਾ ਦੇ ਫਾਸ਼ੀ ਹਮਲਿਆਂ ਦੇ ਵਿਰੋਧ ਦਾ ਹਿੱਸਾ ਬਣ ਸਕੀਏ।

 

Media PBN Staff

Media PBN Staff

Leave a Reply

Your email address will not be published. Required fields are marked *