Digital Course: ਪੰਜਾਬੀ ਭਾਸ਼ਾ ‘ਚ ਪਹਿਲਾ ਡਿਜੀਟਲ ਕੋਰਸ, ਪੜ੍ਹੋ ਪੂਰੀ ਡਿਟੇਲ
Digital Course: ਪੰਜਾਬੀ ਵਿੱਚ ਡਿਜੀਟਲ ਵਿੱਦਿਅਕ ਸਮੱਗਰੀ ਬਣਾਉਣ ਵੱਲ ਇੱਕ ਵੱਡਾ ਕਦਮ ਐਲਾਨਿਆ
Digital Course: ਪੰਜਾਬੀ ਯੂਨੀਵਰਸਿਟੀ ਵਿੱਚ ਸਥਿਤ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ, ਪਟਿਆਲਾ ਨੇ ਪੰਜਾਬੀ ਭਾਸ਼ਾ ਵਿੱਚ ਬਣਨ ਵਾਲ਼ੇ ਪਹਿਲੇ ਮੂਕ (ਮੈਸਿਵ ਓਪਨ ਆਨਲਾਈਨ ਕੋਰਸ) ਲਈ ਪ੍ਰਵਾਨਗੀ ਪ੍ਰਾਪਤ ਕਰਕੇ ਇੱਕ ਇਤਿਹਾਸਕ ਪ੍ਰਾਪਤੀ ਕੀਤੀ ਹੈ।
ਇਸ ਸੰਬੰਧੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਇਤਿਹਾਸ ਵਿਭਾਗ ਦੇ ਮੁਖੀ ਡਾ. ਜਸਬੀਰ ਸਿੰਘ ਦੀ ਮੂਕ ਤਜਵੀਜ਼ ਨੂੰ ਭਾਰਤ ਸਰਕਾਰ ਦੇ ਅਦਾਰੇ ਕਨਸੋਰਟੀਅਮ ਫ਼ਾਰ ਐਜੂਕੇਸ਼ਨਲ ਕੰਮਨੀਕੇਸ਼ਨ (ਸੀ.ਈ.ਸੀ.) ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ‘ਪੰਜਾਬ (1901-47)’ ਸਿਰਲੇਖ ਵਾਲ਼ੇ ਇਸ ਮੂਕ ਦਾ ਨਿਰਮਾਣ ਹੁਣ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ, ਪਟਿਆਲਾ ਵਿਖੇ ਕੀਤਾ ਜਾਵੇਗਾ।
ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦੇ ਡਾਇਰੈਕਟਰ ਦਲਜੀਤ ਅਮੀ ਨੇ ਇਸ ਨੂੰ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਪਟਿਆਲਾ ਦੇ ਇਤਿਹਾਸ ਵਿੱਚ ਮਹੱਤਵਪੂਰਨ ਪ੍ਰਾਪਤੀ ਅਤੇ ਪੰਜਾਬੀ ਵਿੱਚ ਡਿਜੀਟਲ ਵਿੱਦਿਅਕ ਸਮੱਗਰੀ ਬਣਾਉਣ ਵੱਲ ਇੱਕ ਵੱਡਾ ਕਦਮ ਐਲਾਨਦਿਆਂ ਦੱਸਿਆ ਕਿ ਇਹ ਚਾਰ-ਕਰੈਡਿਟ ਦਾ ਕੋਰਸ ਹੈ ਜਿਸ ਵਿੱਚ 40 ਮਾਡਿਊਲ ਹਨ ਅਤੇ ਇਸਨੂੰ ਸਵੈਮ ਪੋਰਟਲ ਉੱਤੇ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਖ਼ੁਦ ਪੰਜਾਬ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਤੋਂ ਬਾਅਦ ਅਤੇ ਹੁਣ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸਥਿਤ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਵਿੱਚ ਕੰਮ ਕਰਦੇ ਹੋਏ ਉਹ ਇਸ ਨੂੰ ਦੋ ਅਦਾਰਿਆਂ ਦੇ ਸਾਂਝੇ ਉੱਦਮ ਵਜੋਂ ਵੇਖਦੇ ਹਨ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਵਿੱਚ ਮਿਆਰੀ ਡਿਜੀਟਲ ਸਮੱਗਰੀ ਬਣਾਉਣ ਨਾਲ਼ ਪੰਜਾਬੀ ਮਾਧਿਅਮ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਨੇ ਪਹਿਲਾਂ ਅੰਗਰੇਜ਼ੀ ਅਤੇ ਹਿੰਦੀ ਵਿੱਚ ਮੂਕ ਬਣਾਏ ਹਨ। ਇਹ ਪ੍ਰਵਾਨਗੀ ਇਸਦੇ ਕੰਮ ਦੀ ਨਵੀਂ ਵੰਨਗੀ ਜੋੜਨ ਵਾਲੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਹੋਣ ਕਰਕੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਲੰਬੇ ਸਮੇਂ ਤੋਂ ਪੰਜਾਬੀ ਵਿੱਚ ਡਿਜੀਟਲ ਸਮੱਗਰੀ ਬਣਾਉਣ ਦੀ ਇੱਛਾ ਰੱਖਦਾ ਸੀ, ਅਤੇ ਇਹ ਪਹਿਲਕਦਮੀ ਉਸੇ ਨਜ਼ਰੀਏ ਨੂੰ ਸਾਕਾਰ ਕਰਦੀ ਹੈ।
ਡਾ. ਜਸਬੀਰ ਸਿੰਘ ਨੇ ਪੰਜਾਬੀ ਵਿੱਚ ਡਿਜੀਟਲ ਸਮੱਗਰੀ ਬਣਾਉਣ ਦੀ ਸ਼ੁਰੂਆਤ ਕਰਨ ਦੇ ਇਸ ਮੌਕੇ ‘ਤੇ ਖ਼ੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਇਤਿਹਾਸ ਦੇ ਮਜ਼ਮੂਨ ਲਈ ਸਗੋਂ ਪੰਜਾਬੀ ਦੇ ਪ੍ਰਚਾਰ ਲਈ ਵੀ ਇਸ ਦੀ ਵਿਸ਼ੇਸ਼ ਮਹੱਤਤਾ ਨੂੰ ਵੇਖਿਆ ਜਾਣਾ ਚਾਹੀਦਾ ਹੈ।
ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਕਰਮਜੀਤ ਸਿੰਘ, ਜਿਨ੍ਹਾਂ ਨੇ ਲਗਭਗ ਤਿੰਨ ਦਹਾਕਿਆਂ ਤੋਂ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਇਆ ਹੈ, ਨੇ ਦੋਵਾਂ ਅਦਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਡਿਜੀਟਲ ਸਿੱਖਿਆ ਅੱਗੇ ਵਧਣ ਦਾ ਰਾਹ ਹੈ ਅਤੇ ਪੰਜਾਬੀ ਵਿੱਚ ਡਿਜੀਟਲ ਸਮੱਗਰੀ ਪੈਦਾ ਕਰਵਾਉਣਾ ਜ਼ਰੂਰੀ ਹੈ।