ਸਰਕਾਰੀ ਕਾਲਜ (ਲੜਕੀਆਂ) ਜਲਾਲਾਬਾਦ ਵਿਖੇ ਸ਼ਹੀਦੀ ਦਿਵਸ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ
ਮੌਜੂਦਾ ਵਿਦਿਆਰਥੀਆਂ ਨੂੰ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਇਨਕਲਾਬ-ਜਿੰਦਾਬਾਦ, ਸਾਮਰਾਜਵਾਦ-ਮੁਰਦਾਬਾਦ ਦੇ ਨਾਅਰੇ ਨੂੰ ਹਕੀਕੀ ਰੂਪ ਵਿੱਚ ਬੁਲੰਦ ਕਰਨਾ ਹੋਵੇਗਾ: ਢਾਬਾਂ
ਰਣਬੀਰ ਕੌਰ ਢਾਬਾਂ, ਜਲਾਲਾਬਾਦ-
ਸਰਕਾਰੀ ਕਾਲਜ (ਲੜਕੀਆਂ) ਜਲਾਲਾਬਾਦ ਦੁਆਰਾ ਪ੍ਰਿੰਸੀਪਲ ਪ੍ਰੋ. ਰਾਜੇਸ਼ ਕੁਮਾਰ ਦੀ ਯੋਗ ਅਗਵਾਈ ਹੇਠ ਅਤੇ ਕਾਲਜ ਦੇ ਇੰਟਰਨਲ ਕੁਆਲਟੀ ਐਸ਼ੋਰੈਂਸ ਸੈੱਲ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦੇ ਤੌਰ ’ਤੇ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਵਿਸ਼ਾ ‘ਅਜੋਕੇ ਸਮੇਂ ਵਿੱਚ ਸ਼ਹੀਦਾਂ ਦੇ ਵਿਚਾਰਾਂ ਦੀ ਸਾਰਕਥਾ’ ਸੀ। ਇਸ ਸੈਮੀਨਾਰ ਵਿੱਚ ਸ਼੍ਰੀ ਦੇਵਰਾਜ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਜਲਾਲਾਬਾਦ ਅਤੇ ਸਿੱਖਿਆ ਕੋਰਡੀਨੇਟਰ ਜਿਲ੍ਹਾ ਫਾਜ਼ਿਲਕਾ ਦੁਆਰਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ।
ਐਡਵੋਕੇਟ ਪਰਮਜੀਤ ਸਿੰਘ ਢਾਬਾਂ, ਐਡਵੋਕੇਟ ਅਮਨਦੀਪ ਸਿੰਘ ਅਤੇ ਕੁਮਾਰੀ ਸੰਜਨਾਂ ਢਾਬਾਂ ਦੁਆਰਾ ਵਿਸ਼ੇਸ਼ ਬੁਲਾਰੇ ਦੇ ਤੌਰ ਤੇ ਸ਼ਿਰਕਤ ਕੀਤੀ ਗਈ। ਸੈਮੀਨਾਰ ਵਿੱਚ ਸ਼ਾਮਲ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦੁਆਰਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸ਼ਹਾਦਤ ਅਤੇ ਉਹਨਾਂ ਦੀ ਵਿਚਾਰਧਾਰਾ ਕਾਲਜ ਦੀਆਂ ਵਿਦਿਆਰਥਣਾਂ ਨਾਲ ਸਾਝੀ ਕੀਤੀ ਅਤੇ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਜਿਸ ਤਰ੍ਹਾਂ ਸ਼ਹੀਦਾਂ ਦਾ ਸੁਪਨਾ ਸੀ ਕਿ ਆਜ਼ਾਦੀ ਤੋਂ ਬਾਅਦ ਦਾ ਭਾਰਤ ਆਰਥਿਕ ਨਾ ਬਰਾਬਰੀ ਤੋਂ ਰਹਿਤ, ਲੋਕਤੰਤਰੀ ਅਤੇ ਸਮਾਜਵਾਦੀ ਸਿਧਾਂਤਾਂ ਤੇ ਆਧਾਰਿਤ ਹੋਵੇਗਾ, ਉਸਨੂੰ ਅਮਲੀ ਜਾਮਾ ਅਪਣਾਉਣ ਦੀ ਜ਼ਰੂਰਤ ਤੇ ਆਪਣਾ ਪੱਖ ਰੱਖਿਆ।
ਇਸ ਦੌਰਾਨ ਬੁਲਾਰਿਆਂ ਨੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਹਨਾਂ ਦੁਆਰਾ ਵਿਦਿਆਰਥਣਾਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਜਲਾਲਾਬਾਦ ਇਲਾਕੇ ਅਤੇ ਪੰਜਾਬ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰ ਸਕਣ।
ਇਸ ਮੌਕੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਥਾਨਕ ਲੜਕੀਆਂ ਦੇ ਸਰਕਾਰੀ ਕਾਲਜ ਵਿਖੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਜ਼ਿਲ੍ਹਾ ਫਾਜ਼ਿਲਕਾ ਦੇ ਸਿੱਖਿਆ ਕੋਆਰਡੀਨੇਟਰ ਦੇਵਰਾਜ ਸ਼ਰਮਾ ਨੇ ਕਿਹਾ ਕਿ ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਮੁਢਲਾ ਫਰਜ ਹੈ ਅਤੇ ਉਹਨਾਂ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਲਈ ਸਾਨੂੰ ਸਭ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਵਿਦਿਆਰਥੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਸ਼ਹੀਦਾਂ ਦੇ ਸਨਮਾਨ ਲਈ ਉਹਨਾਂ ਦੇ ਦੱਸੇ ਰਾਹ ਤੇ ਚੱਲਣ।
ਇਸ ਮੌਕੇ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਕੌਮੀ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਅਤੇ ਏਆਈਐਸਐਫ ਦੀ ਸੁਬਾਈ ਕੈਸ਼ੀਅਰ ਸੰਜਨਾਂ ਢਾਬਾਂ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਫਲਸਫੇ ਦੀ ਸਾਰਥਕਤਾ ਹੋਰ ਵੀ ਵੱਧ ਮਹੱਤਵਪੂਰਨ ਹੈ ਕਿਉਂਕਿ ਦੁਨੀਆਂ ਭਰ ਅਤੇ ਸਾਡੇ ਦੇਸ਼ ਵਿੱਚ ਵੀ ਸਾਮਰਾਜੀ ਵਿੱਤੀ ਸਰਮਾਇਆ ਅਤੇ ਆਰਥਿਕ ਪਾੜਾ ਵੱਧ ਰਿਹਾ ਹੈ। ਉਨਾਂ ਵਿਦਿਆਰਥਣਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਮੌਜੂਦਾ ਗੰਧਲੀ ਰਾਜਨੀਤੀ ਤੋਂ ਛੁਟਕਾਰਾ ਪਾਉਣ ਲਈ ਉਹ ਖੁਦ ਭਗਤ ਸਿੰਘ ਦੀ ਫਿਲਾਸਫੀ ਨੂੰ ਪੜ੍ਹਨ ਅਤੇ ਸਮਾਜਵਾਦ ਦੀ ਸਥਾਪਨਾ ਲਈ ਰਾਜ਼ਨੀਤੀ ਸ਼ਾਸਤਰ ਵਿਸ਼ੇ ਦਾ ਅਧਿਐਨ ਕਰਨ।
ਉਹਨਾਂ ਕਿਹਾ ਕਿ ਹਕੀਕੀ ਰੂਪ ਵਿੱਚ ਭਗਤ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਦਿੱਤੇ ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਨੂੰ ਸਾਨੂੰ ਹਕੀਕਤ ਚ ਬੁਲੰਦ ਕਰਨਾ ਹੋਵੇਗਾ। ਪ੍ਰੋਗਰਾਮ ਦੇ ਅੰਤ ਵਿੱਚ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਕਾਲਜ ਇੰਚਾਰਜ ਡਾ. ਰਜੀਵ ਕੁਮਾਰ ਦੁਆਰਾ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਪ੍ਰੋ. ਏਕਤਾ, ਪ੍ਰੋ. ਪਰਮਿੰਦਰ ਕੌਰ, ਪ੍ਰੋ. ਰਾਘਵ, ਪ੍ਰੋ. ਸਤਨਾਮ ਸਿੰਘ, ਪ੍ਰੋ. ਪ੍ਰਭਲੀਨ ਕੌਰ, ਮਿਸ ਸ਼ਿਲਪਾ ਰਾਣੀ, ਮਿਸ ਪਰਜੀਤ ਕੌਰ, ਸ਼?ਰੀ ਮੁਕੇਸ਼ ਕੁਮਾਰ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।