All Latest NewsGeneralNews FlashPunjab NewsTOP STORIES

ਸਕੂਲਾਂ ਚ ਹਰ ਕਾਡਰ ਦੀਆਂ ਖਾਲੀ ਪੋਸਟਾਂ ਭਰੇ ਬਗੈਰ ਸਿੱਖਿਆ ਕ੍ਰਾਂਤੀ ਦਾ ਨਾਅਰਾ ਖੋਖਲਾ: ਡੀ.ਟੀ.ਐੱਫ.

 

ਬੇਰੁਜ਼ਗਾਰ ਅਧਿਆਪਕਾਂ ‘ਤੇ ਪੁਲਿਸ ਦੇ ਅੰਨ੍ਹੇ ਤਸ਼ੱਦਦ ਖਿਲਾਫ਼ ਡੀ.ਟੀ.ਐੱਫ. ਵੱਲੋਂ ਅਰਥੀ ਫੂਕ ਪ੍ਰਦਰਸ਼ਨ

5994 ਈਟੀਟੀ ਭਰਤੀ ਪੂਰੀ ਕਰਨ ਦੀ ਥਾਂ ਬੇਰੁਜ਼ਗਾਰਾਂ ਦੀ ਹੋਈ ਕੁੱਟਮਾਰ ਖਿਲਾਫ਼ ਰੋਸ ਮੁਜ਼ਾਹਰਾ

ਹੱਕ ਮੰਗਦੇ ਅਧਿਆਪਕਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ‘ਤੇ ਸਖ਼ਤ ਕਾਰਵਾਈ ਕਰਨ ਦੀ ਮੰਗ

ਅਖੌਤੀ ਸਿੱਖਿਆ ਕ੍ਰਾਂਤੀ ਦੇ ਨਾਂ ਹੇਠ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੇ ਸਰਕਾਰ- ਡੀ ਟੀ ਐੱਫ

ਪੰਜਾਬ ਨੈੱਟਵਰਕ, ਸ਼੍ਰੀ ਮੁਕਤਸਰ ਸਾਹਿਬ

ਬੀਤੀ 19 ਅਪ੍ਰੈਲ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ 5994 ਈਟੀਟੀ ਭਰਤੀ (ਬੈਕਲਾਗ) ਵਿੱਚ ਚੁਣੇ ਗਏ ਅਧਿਆਪਕਾਂ ਦੀ ਅਨੰਦਪੁਰ ਸਾਹਿਬ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਬੁਰੀ ਤਰ੍ਹਾਂ ਕੀਤੀ ਕੁੱਟਮਾਰ ਖਿਲਾਫ਼ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਦੇ ਸੱਦੇ ‘ਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਪੁਤਲਾ ਫੂਕ (ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਅਖੌਤੀ ਸਿੱਖਿਆ ਕ੍ਰਾਂਤੀ ਦੀਆਂ ਤਸਵੀਰਾਂ ਸਹਿਤ) ਕੇ ਰੋਸ ਮੁਜ਼ਾਹਰਾ ਕੀਤਾ ਗਿਆ।

5994 ਈਟੀਟੀ ਭਰਤੀ (ਬੈਕਲਾਗ) ਦੇ ਯੋਗ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ, ਇਸੇ ਭਰਤੀ ਵਿੱਚ ਨਿਯੁਕਤੀ ਪੱਤਰ ਪ੍ਰਾਪਤ ਅਧਿਆਪਕਾਂ ਦੀ ਸਕੂਲਾਂ ਵਿੱਚ ਰੋਕੀ ਹਾਜ਼ਰ ਲਾਗੂ ਕਰਵਾਉਣ ਅਤੇ ਸਰਕਾਰੀ ਸਕੂਲਾਂ ਵਿੱਚ ਖਾਲੀ ਬਾਕੀ ਸਾਰੀਆਂ ਆਸਾਮੀਆਂ ਭਰਨ ਦੀ ਥਾਂ ਪੁਲਿਸ ਨੂੰ ਅਧਿਆਪਕਾਂ ‘ਤੇ ਤਸ਼ੱਦਦ ਕਰਨ ਦੀ ਖੁੱਲ ਦੇਣ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਤਿੱਖਾ ਵਿਰੋਧ ਵੀ ਜਤਾਇਆ ਗਿਆ। ਇਸ ਦੌਰਾਨ ਪਹਿਲਗਾਮ (ਕਸ਼ਮੀਰ) ਵਿਖੇ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਦੋਸ਼ੀਆਂ ‘ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਅਤੇ ਫੁੱਟ ਪਾਉ ਫਿਰਕੂ ਤਾਕਤਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਗਈ।

ਇਸ ਮੌਕੇ ਗੱਲਬਾਤ ਕਰਦੇ ਹੋਏ ਡੀ.ਟੀ.ਐੱਫ. ਦੇ ਜਿਲ੍ਹਾ ਪ੍ਰਧਾਨ ਪਵਨ ਕੁਮਾਰ ਅਤੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਗੋਨੇਆਣਾ ਨੇ ਦੱਸਿਆ ਕਿ ਬੇਰੁਜ਼ਗਾਰ ਅਧਿਆਪਕਾਂ ਦੇ ਪ੍ਰਦਰਸ਼ਨ ਦੌਰਾਨ ਅਨੰਦਪੁਰ ਸਾਹਿਬ ਦੇ ਐੱਸ ਐੱਚ ਓ ਦਾਨਿਸ਼ ਵੀਰ ਵੱਲੋਂ ਇੱਕ ਅਧਿਆਪਕ ਦੇ ਸ਼ਰੇਆਮ ਥੱਪੜ ਮਾਰੇ ਗਏ, ਬਾਕੀ ਪੁਲਿਸ ਮੁਲਾਜ਼ਮਾਂ ਵੱਲੋਂ ਅਧਿਆਪਕਾਂ ਨੂੰ ਸੜਕ ‘ਤੇ ਘੜੀਸਣ ਤੋਂ ਇਲਾਵਾ ਉਨ੍ਹਾਂ ਨੂੰ ਪੁਲਿਸ ਵੈਨ ਵਿੱਚ ਚੜ੍ਹਾਉਣ ਮੌਕੇ ਸ਼ਰੇਆਮ ਠੁੱਡੇ ਮਾਰੇ ਗਏ ਅਤੇ ਇੱਕ ਹੋਰ ਪੁਲਿਸ ਕਰਮੀ ਵੱਲੋਂ ਇੱਕ ਅਧਿਆਪਕ ਦੀ ਹਿੱਕ ਉੱਪਰ ਗੋਡੇ ਰੱਖ ਕੇ ਬੈਠੇ ਦੀ ਫੋਟੋ ਤੇ ਵੀਡੀਓ ਵੀ ਵਾਇਰਰਲ ਹੋਈ ਹੈ ਅਤੇ ਅਧਿਆਪਕਾਂ ਨਾਲ ਗਾਲੀ ਗਲੋਚ ਵੀ ਕੀਤਾ ਗਿਆ ਹੈ।

ਅਧਿਆਪਕਾਂ ਦੇ ਨਿਰਾਦਰ ਦੀਆਂ ਘਟਨਾਵਾਂ ਪ੍ਰਤੀ ਅਫਸੋਸ ਜਾਹਿਰ ਕਰਨ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਦੀ ਥਾਂ ਸਿੱਖਿਆ ਮੰਤਰੀ ਅਤੇ ਬਾਕੀ ਵਿਧਾਇਕਾਂ ਵੱਲੋਂ ਅਖੌਤੀ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਵਿੱਚ ਕਈ-ਕਈ ਸਾਲ ਪਹਿਲਾਂ ਹੋ ਚੁੱਕੇ ਕੰਮਾਂ ਦੇ ਉਦਘਾਟਨਾਂ ਦੀ ਨ੍ਹੇਰੀ ਲਿਆਂਦੀ ਹੋਈ ਹੈ ਅਤੇ ਸਕੂਲਾਂ ਦੇ ਵਿੱਦਿਅਕ ਮਾਹੌਲ ਨੂੰ ਸਿਆਸੀ ਦਖ਼ਲਅੰਦਾਜ਼ੀ ਦੀ ਭੇਂਟ ਚਾੜ੍ਹਿਆ ਜਾ ਰਿਹਾ ਹੈ। ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨਾਲ ਹੋਈ ਧੱਕੇਸ਼ਾਹੀ ਨੂੰ ਜਮਹੂਰੀ ਤੇ ਮਨੁੱਖੀ ਅਧਿਕਾਰਾਂ ਨੂੰ ਪੁਲਿਸ ਦੇ ਪੈਰਾਂ ਹੇਠ ਮਧੋਲਣ ਦੀ ਸਾਜ਼ਿਸ ਅਤੇ ਅਖੌਤੀ ਸਿੱਖਿਆ ਕ੍ਰਾਂਤੀ ਮੁਹਿੰਮ ‘ਤੇ ਕਾਲਾ ਧੱਬਾ ਕਰਾਰ ਦਿੱਤਾ ਹੈ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੌਜੂਦਾ ਸਰਕਾਰ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੋਜ਼ ਅਤੇ ਸੰਗਰੂਰ ਰਿਹਾਇਸ਼ ਮੂਹਰੇ ਵੀ ਹੱਕ ਮੰਗਦੇ ਬੇਰੁਜ਼ਗਾਰ ਅਧਿਆਪਕਾਂ, ਕੰਪਿਊਟਰ ਅਧਿਆਪਕਾਂ ਅਤੇ ਕੱਚੇ ਅਧਿਆਪਕਾਂ ‘ਤੇ ਵੀ ਬਹੁਤ ਵਾਰ ਪੁਲਿਸ ਲਾਠੀਚਾਰਜ ਅਤੇ ਖਿੱਚ ਧੂਹ ਹੋਣ ਤੋਂ ਇਲਾਵਾ ਪੱਗਾਂ ਤੇ ਦੁਪੱਟਿਆਂ ਦਾ ਨਿਰਾਦਰ ਹੋਇਆ ਹੈ। ਅਧਿਆਪਕ ਆਗੂਆਂ ਨੇ ਸਵਾਲ ਕੀਤਾ ਕਿ ‘ਆਪ’ ਸਰਕਾਰ ਦੀ ਕਿਹੋ ਜਿਹੀ ਸਿੱਖਿਆ ਕ੍ਰਾਂਤੀ ਹੈ? ਜਿਸ ਵਿੱਚ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀਆਂ 856 ਅਸਾਮੀਆਂ, ਹੈਡਮਾਸਟਰਾਂ ਦੀਆਂ 400, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ 100, ਲੈਕਚਰਾਰਾਂ ਦੀਆਂ ਛੇ ਹਜਾਰ ਤੋਂ ਵਧੇਰੇ ਅਸਾਮੀਆਂ, ਆਰਟ ਐਂਡ ਕ੍ਰਾਫਟ, ਖੇਡ ਅਧਿਆਪਕਾਂ, ਈਟੀਟੀ ਅਤੇ ਮਾਸਟਰ ਕਾਡਰ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ।

ਪੰਜਾਬ ਦੇ ਹਜ਼ਾਰਾਂ ਅਧਿਆਪਕ ਮਾਰਚ ਮਹੀਨੇ ਦੀ ਤਨਖ਼ਾਹ ਤੋਂ ਵਾਂਝੇ ਹਨ। ਪੰਜਾਬ ਦੇ ਸਥਾਨਕ ਹਲਾਤਾਂ ਅਨੁਸਾਰ ਸਿੱਖਿਆ ਨੀਤੀ ਅਤੇ ਵਿੱਦਿਅਕ ਕਲੰਡਰ ਬਣਾਉਣ ਦੀ ਥਾਂ ਕੇਂਦਰ ਸਰਕਾਰ ਦੀ ਨਿੱਜੀਕਰਨ, ਕੇਂਦਰੀਕਰਨ ਅਤੇ ਭਗਵਾਂਕਰਨ ਪੱਖੀ ਸਿੱਖਿਆ ਨੀਤੀ ਰਾਹੀਂ ਸਿੱਖਿਆ ਨੂੰ ਤਬਾਹ ਕੀਤਾ ਜਾ ਰਿਹਾ ਹੈ ਅਤੇ ਅਧਿਆਪਕਾਂ ‘ਤੇ ਗੈਰ ਵਿੱਦਿਅਕ ਕੰਮਾਂ ਦੀ ਭਰਮਾਰ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸੰਘਰਸ਼ ਕਰ ਰਹੇ ਹਰੇਕ ਵਰਗ ਦੇ ਲੋਕਾਂ ਖਿਲਾਫ ਪਿਛਲੇ ਸਮੇਂ ਵਿੱਚ ਪੁਲਿਸ ਨੂੰ ਖੁੱਲ੍ਹ ਦੇ ਕੇ ਉਹਨਾਂ ਦੇ ਸੰਘਰਸ਼ ਨੂੰ ਕੁਚਲਣ ਦੀ ਕੋਸ਼ਿਸ ਕਰ ਰਹੀ ਹੈ ਅਤੇ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਵੱਲ ਵੱਧ ਰਹੀ ਹੈ। ਇਸੇ ਤਹਿਤ ਹੀ ਮਿੱਥ ਕੇ 5994 ਭਰਤੀ ਨਾਲ ਸਬੰਧਤ ਬੇਰੁਜ਼ਗਾਰ ਅਧਿਆਪਕਾਂ ਉੱਪਰ ਅੰਨ੍ਹਾ ਤਸ਼ੱਦਦ ਕੀਤਾ ਗਿਆ ਹੈ ਅਤੇ ਪੰਜਾਬ ਦੇ ਸੰਘਰਸ਼ ਕਰ ਰਹੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਉਹਨਾਂ ਪੰਜਾਬ ਸਰਕਾਰ ਨੂੰ ਪੰਜਾਬ ਦੀ ਸੰਘਰਸ਼ਮਈ ਵਿਰਾਸਤ ਦਾ ਹਵਾਲਾ ਦਿੰਦਿਆਂ ਮੰਗ ਕੀਤੀ ਕਿ ਜਿੰਨ੍ਹਾਂ ਪੁਲਿਸ ਅਧਿਕਾਰੀਆਂ ਨੇ ਅਧਿਆਪਕਾਂ ਦੀ ਕੁੱਟਮਾਰ ਕੀਤੀ ਹੈ, ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਚੱਲ ਰਹੀਆਂ ਸਾਰੀਆਂ ਭਰਤੀਆਂ ਦੇ ਰਹਿੰਦੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਅਤੇ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਹਾਜ਼ਰ ਕਰਵਾਇਆ ਜਾਵੇ।

ਇਸ ਮੌਕੇ 5994 ਈਟੀਟੀ ਅਧਿਆਪਕ ਯੂਨੀਅਨ ਦੇ ਸੁਨੀਲ ਕੁਮਾਰ, ਗੁਰਸ਼ਰਨਦੀਪ ਕੌਰ, ਅਮਨਦੀਪ ਕੌਰ ਅਤੇ ਸੁਖਜੀਤ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਬਲਵਿੰਦਰ ਸਿੰਘ ਥਾਂਦੇਵਾਲਾ, ਹਰਪ੍ਰੀਤ ਸਿੰਘ ਅਤੇ ਬਲਜੀਤ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਰਜਿੰਦਰ ਸਿੰਘ, ਨੌਨਿਹਾਲ ਸਿੰਘ ਅਤੇ ਸੁਖਪ੍ਰੀਤ ਕੌਰ ਅਤੇ ਡੀ.ਟੀ.ਐੱਫ. ਆਗੂਆਂ ਪ੍ਰਮਾਤਮਾ ਸਿੰਘ,ਰਵੀ ਕੁਮਾਰ, ਜਸਵੰਤ ਸਿੰਘ, ਰਵਿੰਦਰ ਸਿੰਘ, ਕੰਵਲਜੀਤ ਸਿੰਘ, ਰਜਿੰਦਰ ਸਿੰਘ, ਸਰਬਜੀਤ ਸਿੰਘ, ਗੁਰਮੀਤ ਸਿੰਘ, ਸਤਪਾਲ ਸਿੰਘ, ਸੁਭਾਸ਼ ਚੰਦਰ, ਪਵਨ ਚੌਧਰੀ ਨੇ ਕਿਹਾ ਕਿ ਬੇਰੁਜ਼ਗਾਰ ਅਧਿਆਪਕਾਂ ‘ਤੇ ਪੁਲਿਸ ਤਸ਼ੱਦਦ ਖਿਲਾਫ਼ 25 ਅਪ੍ਰੈਲ ਨੂੰ ਵੀ ਵੱਖ-ਵੱਖ ਥਾਵਾਂ ‘ਤੇ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ ਅਤੇ ਜਥੇਬੰਦੀ ਵੱਲੋਂ 6635 ਈਟੀਟੀ ਟੀਚਰ ਯੂਨੀਅਨ ਅਤੇ 4161 ਮਾਸਟਰ ਕਾਡਰ ਯੂਨੀਅਨ ਨਾਲ ਮਿਲ ਕੇ ਅਧਿਆਪਕਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ 4 ਮਈ ਨੂੰ ਹੋਣ ਜਾ ਰਹੇ ਚਿਤਾਵਨੀ ਮਾਰਚ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਕੇਸ਼ ਗੋਇਲ, ਬਲਕਰਨ ਸਿੰਘ, ਬਲਵੰਤ ਸਿੰਘ, ਸਤਿੰਦਰ ਸਿੰਘ, ਰੋਸ਼ਨ ਲਾਲ, ਨਵਦੀਪ ਸਿੰਘ, ਰਵੀ ਕੁਮਾਰ ਗੋਨੇਆਣਾ, ਮਨੋਜ ਕੁਮਾਰ, ਰੋਸ਼ਨ ਲਾਲ, ਰਾਕੇਸ਼ ਚਲਾਣਾ ,ਸਤਪਾਲ ਗਿੱਦੜਬਾਹਾ, ਡਿੰਪਲ ਕੁਮਾਰ, ਸੰਦੀਪ ਕਾਠਪਾਲ, ਸੰਦੀਪ ਸਿੰਘ, ਪਰਮਿੰਦਰ ਬੇਦੀ, ਅਸ਼ੋਕ ਕੁਮਾਰ, ਰੌਬਿਨ ਖੇੜਾ, ਹਰਪਿੰਦਰ ਸਿੰਘ, ਜੱਗੂ ਸਿੰਘ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *