“ਜਿਉਂਦੇ ਜੀਅ ਤਾਂ ਜ਼ਮੀਨਾਂ ਨ੍ਹੀਂ ਛੱਡਦੇ”
ਦੇਖੇ ਸੰਘਰਸ਼ ਦੇ ਰੰਗ, ਸੰਗਰਾਮਣਾਂ ਦੇ ਸੰਗ….
ਜਿਉਂਦ ਪਿੰਡ ਵਿੱਚ ਚੱਲ ਰਹੇ ਜ਼ਮੀਨੀ ਘੋਲ ਦੀਆਂ ਖ਼ਬਰਾਂ ਨੂੰ ਅਖ਼ਬਾਰਾਂ ‘ਚ ਪੜ੍ਹਿਆ ਅਤੇ ਸੋਸ਼ਲ ਮੀਡੀਆ ਤੇ ਦੇਖਿਆ ਕਿ ਪ੍ਰਸ਼ਾਸ਼ਨ ਕਿਵੇਂ ਪੁਲਸੀ ਧਾੜਾਂ ਲੈ ਕੇ ਚੜ੍ਹ ਚੜ੍ਹ ਆਉਂਦੈ, ਪਰ ਤਣੇ ਹੋਏ ਮੁੱਕੇ,ਜੋਸ਼ੀਲੇ ਨਾਅਰੇ,ਸੀਨਾ ਤਾਣੀ ਕੰਧ ਬਣ ਕੇ ਖੜ੍ਹੇ ਲੋਕ ਪ੍ਰਸ਼ਾਸ਼ਨ ਨੂੰ ਕਿਵੇਂ ਪਿੱਛੇ ਮੁੜਨ ਲਈ ਮਜ਼ਬੂਰ ਕਰ ਦਿੰਦੇ ਐ। ਪਿਛਲੇ ਦਿਨੀਂ ਮੈਨੂੰ ਉਸ ਸੰਘਰਸ਼ੀ ਮੋਰਚੇ ‘ਚ ਜਾਣ ਦਾ ਮੌਕਾ ਮਿਲਿਆ, ਉਥੋਂ ਦਾ ਮਾਹੌਲ ਤਾਂ ਸੱਚਮੁੱਚ ਜੁਅੱਰਤ ਨੂੰ ਜ਼ਰਬਾਂ ਦੇਣ ਵਾਲਾ ਐ।ਇਥੋਂ ਦੇ ਡੇਰੇ ਵਿੱਚ ਪੱਕਾ ਮੋਰਚਾ ਲੱਗਿਆ ਹੋਇਆ ਐ, ਲੋਕ ਦਿਨ ਰਾਤ ਮੋਰਚੇ ‘ਚ ਡੱਟੇ ਰਹਿੰਦੇ ਐ।
ਸਵੇਰੇ 5 ਵਜੇ ਪਿੰਡ ਦੇ ਹੋਰ ਨੌਜੁਆਨ, ਆਦਮੀ, ਔਰਤਾਂ ਅਤੇ ਬੱਚੇ ਹੱਥਾਂ ਵਿੱਚ ਝੰਡੇ ਫੜੀ ਡੇਰੇ ਆਉਣੇ ਸ਼ੁਰੂ ਹੋ ਜਾਂਦੇ ਐ ਅਤੇ ਸਟੇਜ ਤੋਂ ਜ਼ਰੂਰੀ ਸੂਚਨਾਵਾਂ ਸੁਣਨ ਤੋਂ ਬਾਅਦ ਲੋਕਾਂ ਨੂੰ ਜਾਗਦੇ ਰਹਿਣ, ਹੋਰ ਜਥੇਬੰਦ ਹੋਣ ਦਾ ਹੋਕਾ ਦਿੰਦੇ ਤੇ ਹਾਕਮਾਂ ਨੂੰ ਵੰਗਾਰਦੇ ਹੋਏ ਪਿੰਡ ਦੀ ਗਲੀ ਗਲੀ ‘ਚ ਜੋਸ਼ੀਲੇ ਨਾਅਰਿਆਂ ਨਾਲ ਮੁਜ਼ਾਹਰਾ ਕਰਦੇ ਐ। ਮੈਂ ਦੇਖਿਆ ਕਿ ਉਹ ਇੱਕਠ ਐਨੀ ਸੁਵੱਖਤੇ ਹੋਣ ਦੇ ਬਾਵਜੂਦ ਕਿਸੇ ਦੇ ਚੇਹਰੇ ਤੇ ਭੋਰਾ ਸੁਸਤੀ ਝੱਲਕਦੀ ਦਿਖਾਈ ਨਹੀਂ ਦਿੰਦੀ,ਸਗੋਂ ਸਭ ਦੇ ਚਿਹਰੇ ਪੂਰੇ ਜਲੌਅ ‘ਚ, ਚੁਸਤ-ਦਰੁਸਤ ਤੇ ਤੋਰ ‘ਚ ਲੋੜ੍ਹਿਆਂ ਦੀ ਰਵਾਨਗੀ ਹੁੰਦੀ ਐ।
ਇੱਕ ਗੱਲ ਹੋਰ ਕਿ ਜਿਹੜੀਆਂ ਔਰਤ ਭੈਣਾਂ ਕਿਸੇ ਕਾਰਨ ਡੇਰੇ ਨਹੀਂ ਪਹੁੰਚ ਸਕੀਆਂ ਹੁੰਦੀਆਂ ਉਹ ਗਲੀ ‘ਚ ਤੁਰਦੇ ਕਾਫ਼ਲੇ ‘ਚ ਚੁੱਪ ਕਰਕੇ ਸ਼ਾਮਿਲ ਨਹੀਂ ਹੁੰਦੀਆਂ, ਸਗੋਂ ਹੱਥਾਂ ‘ਚ ਲਹਿਰਾਉਂਦੇ ਝੰਡੇ ਫੜ੍ਹ ਕੇ ਦਰਾਂ ‘ਚ ਹੋਰ ਪਰਿਵਾਰਕ ਮੈਂਬਰਾਂ ਨਾਲ ਖੜ੍ਹੀਆਂ ਨਾਅਰੇ ਮਾਰਦੀਆਂ ਹੋਈਆਂ ਪੂਰੇ ਜੋਸ਼ ਨਾਲ ਸ਼ਾਮਿਲ ਹੁੰਦੀਆਂ ਹਨ,ਉਹਨਾਂ ਦੇ ਹੱਥਾਂ ‘ਚ ਫਰ-ਫਰਾਉਂਦੇ ਝੰਡੇ ਸਵੇਰੇ ਦੀ ਫਿਜ਼ਾ ‘ਚ ਨਵਾਂ ਹੀ ਰੰਗ ਭਰ ਦਿੰਦੇ ਐ। ਔਰਤ ਭੈਣਾਂ ਨਾਲ ਵਿਚਰਦਿਅਆਂ ਦੇਖਿਆ ਕਿ ਇਸ ਮੁਜ਼ਾਹਰੇ ‘ਚ ਸ਼ਾਮਿਲ ਹੋਣ ਲਈ ਉਹ ਸਵੇਰੇ 3 ਵਜੇ ਉੱਠਦੀਆਂ ਹਨ ਤਾਂ ਕਿ ਪਸ਼ੂ-ਡੰਗਰ, ਦੁੱਧ-ਵਾਦ ਦੇ ਕੰਮ ਤੋਂ ਵਿਹਲਿਆਂ ਹੋ ਕੇ ਸਮੇਂ ਸਿਰ ਡੇਰੇ ਪਹੁੰਚ ਸਕਣ।
ਕੁੱਝ ਕੁ ਘਰਾਂ ‘ਚ ਮੈਂ ਇਹ ਦੇਖਿਆ ਵੀ ਕਿ ਔਰਤਾਂ ਕਿਵੇਂ ਭੱਜ ਭੱਜ ਕੇ ਟੁੱਟ -ਟੁੱਟ ਕੇ ਘਰ ਦਾ ਕੰਮ ਕਰਦੀਆਂ ਹਨ ਫਿਰ ਸਾਰਾ ਦਿਨ ਮੋਰਚੇ ‘ਚ ਹਾਜ਼ਰੀ ਭਰਦੀਆਂ ਹਨ,ਪਰ ਮਜ਼ਾਲ ਐ ਕਿਸੇ ਦੇ ਚਿਹਰੇ ਤੇ ਥਕਾਵਟ ਦੀ ਕੋਈ ਚਿਣਗ ਦਿਖਾਈ ਦੇਵੇ ਜਾਂ ਭਾਸ਼ਣ ਸੁਣਦੀਆਂ ਸੁਣਦੀਆਂ ਊੰਘਣ ਲੱਗ ਜਾਣ, ਸਗੋਂ ਪੂਰੇ ਟਕਾਅ ਅਤੇ ਨੀਂਝ ਨਾਲ ਸਟੇਜ ਤੋਂ ਹੁੰਦੇ ਭਾਸ਼ਣ ਸੁਣਦੀਆਂ ਹਨ ਅਤੇ ਸਟੇਜ ਦੇ ਪ੍ਰੋਗਰਾਮ ਤੋਂ ਪਹਿਲਾਂ ਜਾਂ ਬਾਅਦ ‘ਚ ਜਦੋਂ ਵੀ ਸਮਾਂ ਲੱਗੇ,ਆਪਸ ਵਿੱਚ ਬੈਠ ਕੇ ਇਹਨਾਂ ਜ਼ਮੀਨਾਂ ‘ਚ ਪੀੜ੍ਹੀ ਦਰ ਪੀੜ੍ਹੀ ਵਹਾਏ ਖੂਨ ਪਸੀਨੇ ਦਾ ਹਿਸਾਬ ਵੀ ਕਰਦੀਆਂ ਹਨ, ਭਾਵੁਕ ਵੀ ਹੋ ਜਾਂਦੀਆਂ ਹਨ ਤੇ ਆਖਿਰ ਨੂੰ ਇਹ ਕਹਿ ਕੇ ਗੱਲ ਖ਼ਤਮ ਕਰਦੀਅਆਂ ਹਨ,”ਜਿਉਂਦੇ ਜੀਅ ਤਾਂ ਜ਼ਮੀਨਾਂ ਨੀ ਛੱਡਦੇ।”
ਉਹ ਸਮੇਂ ਦੀਆਂ ਵੀ ਪੂਰੀਆਂ ਪਾਬੰਦ ਐ, ਮੈਂ ਦੇਖਿਆ ਕਿ ਇੱਕ ਔਰਤ ਮੋਰਚੇ ‘ਚ ਥੋੜਾ ਦੇਰੀ ਨਾਲ ਪਹੁੰਚੀ,ਉਹ ਇਸ ਨੂੰ ਮਹਿਸੂਸ ਕਰਦੀ ਹੋਈ ਕਾਰਣ ਦੱਸਦੀ ਐ,”ਮੈਂ ਇੱਕ ਜਣੀਂ ਨੂੰ ਹੋਰ ਨਾਲ ਲਿਆਈ ਹਾਂ,ਇਹਦੇ ਕਰਕੇ ਲੇਟ ਹੋ ਗਈ। ” ਮਸਲੇ ਦੀ ਸੋਝੀ ਵੀ ਪੂਰੀ ਐ, ਇੱਕ ਭੈਣ ਮੋਰਚੇ ‘ਚ ਆ ਕੇ ਬੈਠਣ ਲੱਗੀ ਕਹਿੰਦੀ,” ਓਹੋ!ਕੰਮ ਤਾਂ ਮੁੱਕਣ ‘ਚ ਹੀ ਨਹੀਂ ਆਉਂਦੇ।”
ਦੂਜੀ ਜੁਆਬ ‘ਚ ਕਹਿੰਦੀ ਐ,”ਚੰਗਾ ਐ, ਆਪਾਂ ਨੂੰ ਕੰਮ ਰਹੇ,ਉਹ ਤਾਂ ਆਪਾਂ ਨੂੰ ਵਿਹਲਾ ਕਰਨ ਨੂੰ ਫਿਰਦੇ ਐ।” ਇੱਕ ਹੋਰ ਮਾਤਾ ਝੰਡੇ ਵਾਲੀ ਡਾਂਗ ਨੂੰ ਹੱਥ ਪਾਉਂਦੀ ਹੋਈ ਆਵਦੀ ਜਥੇਬੰਦਕ ਤਾਕਤ ਤੇ ਵਿਸ਼ਵਾਸ ਰੱਖਦੀ ਹੋਈ ਪੂਰੇ ਰੋਅਬ ਨਾਲ ਬੋਲੀ,”ਐਂ ਕਿਵੇਂ ਕਰ ਦੇਣਗੇ ਵਿਹਲੇ, ਆਹ ਤਲੈਂਬੜ ਨੀ ਦੀਂਹਦਾ।” ਸੱਚਮੁੱਚ ਉਹਨਾਂ ਵਿੱਚ ਰਹਿ ਕੇ ਬੜਾ ਕੁੱਝ ਸੁਣਿਆ ਦੇਖਿਆ ਤੇ ਸਮਝਿਆ। ਜਿਥੇ ਸੋਚਾਂ ਦੀ ਦੁਪਹਿਰ ਖਿੜ੍ਹੁਦੀ ਹੋਵੇ,ਉਥੋਂ ਆਉਣ ਨੂੰ ਤਾਂ ਕੀ ਚਿੱਤ ਕਰਨਾ ਸੀ,ਪਰ ਕੁੱਝ ਰੁਝੇਵਿਆਂ ਕਰਕੇ ਆਉਣਾ ਪਿਆ,ਇਸ ਆਸ ਨਾਲ ਕਿ “ਅਸੀਂ ਜਿਤਾਂਗੇ ਜ਼ਰੂਰ,ਜਾਰੀ ਜੰਗ ਰੱਖੀਏ ….।”ਫਿਰ ਆਉਣ ਦੇ ਵਾਅਦੇ ਸੰਗ।
ਸ਼ੰਘਰਸ਼ ‘ਚ ਬੈਠੀਆਂ ਤਾਣੀ ਸੀਨਾ,
ਕਿਹੜਾ ਖੋਹ ਲਊ ਇਹਨਾਂ ਦੀਆਂ ਜ਼ਮੀਨਾਂ?
ਕਮਲ ਬਠਿੰਡਾ
9463023100