ਪੰਜਾਬੀ ਯੂਨੀਵਰਸਿਟੀ ਤੋਂ ਵੱਡੀ ਖ਼ਬਰ; ਮਰਨ ਵਰਤ ‘ਤੇ ਬੈਠੀ ਕੰਟਰੈਕਟ ਅਸਿਸਟੈਂਟ ਪ੍ਰੋਫੈਸਰ ਦੀ ਹਾਲਤ ਹੋਰ ਵਿਗੜੀ
Punjab News- ਪ੍ਰਧਾਨ ਦੀ ਖਰਾਬ ਹਾਲਤ ਲਈ ਸਿੱਧੇ ਤੌਰ ਯੂਨੀਵਰਸਿਟੀ ਪ੍ਰਸ਼ਾਸਨ ਜ਼ੁੰਮੇਵਾਰ- ਪ੍ਰੋ. ਸਤੀਸ਼ ਕੁਮਾਰ
Punjab News- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਹੜੇ ਵਿੱਚ ਕੰਟਰੈਕਟ ਅਸਿਸਟੈਂਟ ਪ੍ਰੋਫੈਸਰਾਂ ਦੇ ਚਲਦੇ ਸੰਘਰਸ਼ ਵਿੱਚ ਕੱਲ ਦੇਰ ਰਾਤ ਉਦੋਂ ਨਵਾਂ ਮੋੜ ਆ ਗਿਆ ਜਦੋਂ ਪਿਛਲੇ 3 ਦਿਨਾਂ ਤੋਂ ਆਪਣੀਆਂ ਮੰਗਾਂ ਦੇ ਲਈ ਮਰਨ ਵਰਤ ਤੇ ਬੈਠੀ ਪੁਕਟਾ ਪ੍ਰਧਾਨ ਡਾ. ਤਰਨਜੀਤ ਕੌਰ ਦੀ ਤਬੀਅਤ ਅਚਾਨਕ ਖਰਾਬ ਹੋ ਗਈ।
ਕੰਟਰੈਕਟ ਅਧਿਆਪਕਾਂ ਨੇ ਮੁਸਤੈਦੀ ਦਿਖਾਂਦੇ ਹੋਏ ਤੁਰੰਤ ਯੂਨੀਵਰਸਿਟੀ ਡਿਸਪੈਂਸਰੀ ਟੀਮ ਦੀ ਸਹਾਇਤਾ ਨਾਲ ਸਬੰਧਤ ਅਧਿਆਪਕਾਂ ਨੂੰ ਪਟਿਆਲਾ ਦੇ ਵਰਧਮਾਨ ਮਹਾਂਵੀਰ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ। ਜਿੱਥੇ ਅਧਿਆਪਕਾਂ ਦੀ ਹਾਲਤ ਸਥਿਰ ਬਣੀ ਹੋਈ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਅਦਾਰਿਆਂ ਜਿਹਨਾਂ ਵਿੱਚ ਯੂਨੀਵਰਸਿਟੀ ਮੇਨ ਕੈਂਪਸ, ਕਾਂਸਟੀਚੂਐਂਟ ਕਾਲਜ, ਨੇਬਰਹੁਡ ਕੈਂਪਸ ਅਤੇ ਰੀਜਨਲ ਸੈਂਟਰ ਸ਼ਾਮਲ ਹਨ ਦੇ ਕੰਟਰੈਕਟ ਅਸਿਸਟੈਂਟ ਪ੍ਰੋਫੈਸਰ ਪਿਛਲੇ 66 ਦਿਨਾਂ ਤੋਂ UGC ਦੁਆਰਾ 2018 ਵਿੱਚ ਪ੍ਰਵਾਨਿਤ ਸੱਤਵੇਂ ਪੇ ਕਮਿਸ਼ਨ ਨੂੰ ਲਾਗੂ ਕਰਵਾਉਣ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਹਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਥਾਰਟੀ ਵੱਲੋਂ ਕੰਟਰੈਕਟ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਕੱਲ ਵੀ ਇੱਕ ਲੰਮੀ ਮੀਟਿੰਗ ਕੀਤੀ ਗਈ ਪ੍ਰੰਤੂ ਕੋਈ ਸਾਰਥਕ ਨਤੀਜਾ ਨਹੀਂ ਨਿਕਲ ਸਕਿਆ। ਦੇਰ ਰਾਤ ਮਹਿਲਾ ਅਧਿਆਪਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਤੋਂ ਬਾਅਦ ਕੰਟਰੈਕਟ ਅਧਿਆਪਕਾਂ ਵੱਲੋਂ ਇੱਕ ਵੀਡੀਓ ਸੰਦੇਸ਼ ਰਾਹੀਂ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਸਾਂਝੀ ਕੀਤੀ ਗਈ।
ਜਿਸ ਵਿੱਚ ਕੰਟਰੈਕਟ ਯੂਨੀਅਨ ਦੇ ਆਗੂ ਪ੍ਰੋ. ਸਤੀਸ਼ ਕੁਮਾਰ ਵੱਲੋਂ ਉਹਨਾਂ ਦੀ ਪ੍ਰਧਾਨ ਦੀ ਖਰਾਬ ਹਾਲਤ ਲਈ ਸਿੱਧੇ ਤੌਰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਜ਼ੁੰਮੇਵਾਰ ਠਹਿਰਾਇਆ ਅਤੇ ਨਾਲ ਉਹਨਾਂ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਉਹਨਾਂ ਦੀ ਪ੍ਰਧਾਨ ਦੀ ਗ਼ੈਰ ਹਾਜ਼ਰੀ ਵਿੱਚ ਧਰਨਾ ਖਤਮ ਨਹੀਂ ਕੀਤਾ ਜਾਵੇਗਾ।
ਬਲਕਿ ਸਮੂਹ ਕੰਟਰੈਕਟ ਅਸਿਸਟੈਂਟ ਪ੍ਰੋਫੈਸਰ ਪਹਿਲਾਂ ਦੀ ਤਰਾਂ ਹੀ ਧਰਨੇ ਨੂੰ ਜਾਰੀ ਰੱਖਣਗੇ ਅਤੇ ਇਸ ਬਿਆਨ ਨਾਲ ਉਹਨਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਕੋਈ ਸਕਾਰਾਤਮਕ ਫੈਸਲਾ ਆਉਣ ਤੱਕ ਧਰਨੇ ਦੇ ਖ਼ਤਮ ਹੋਣ ਬਾਰੇ ਉੱਠ ਰਹੀਆਂ ਸਾਰੀਆਂ ਅਟਕਲਾਂ ਨੂੰ ਵਿਰਾਮ ਲਗਾ ਦਿੱਤਾ ਹੈ। ਇਸ ਮੌਕੇ ਪ੍ਰੋ. ਸਤੀਸ਼ ਕੁਮਾਰ ਦੇ ਨਾਲ ਪ੍ਰੋ. ਰੁਪਿੰਦਰਪਾਲ ਸਿੰਘ, ਪ੍ਰੋ. ਪਰਦੀਪ ਸਿੰਘ ਅਤੇ ਹੋਰ ਪੁਕਟਾ ਮੈਂਬਰ ਮੌਜੂਦ ਸਨ।

