ਫਾਜ਼ਿਲਕਾ: ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ) ਦੇ ਬਣੇ ਸੁਰਿੰਦਰ ਕੰਬੋਜ ਪ੍ਰਧਾਨ ਅਤੇ ਜਸਵਿੰਦਰ ਸਿੰਘ ਜਨਰਲ ਸਕੱਤਰ
ਫਾਜ਼ਿਲਕਾ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਕ ਦੀ ਜ਼ਿਲ੍ਹਾ ਕਾਨਫਰੰਸ ਇਥੇ ਆਈ ਟੀ ਆਈ ਵਿਖੇ ਮੁਲਾਜ਼ਮਾਂ ਦੀ ਵੱਡੀ ਗਿਣਤੀ ਵਿੱਚ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਦੀ ਦੇਖਰੇਖ ਹੇਠ ਸ਼ੁਰੂ ਹੋਈ। ਕਾਨਫਰੰਸ ਦੀ ਪ੍ਰਧਾਨਗੀ ਸੁਰਿੰਦਰ ਕੰਬੋਜ, ਮਹਿੰਦਰ ਸਿੰਘ ਘੱਲੂ, ਜਸਵਿੰਦਰ ਸਿੰਘ ਅਧਾਰਿਤ ਤਿੰਨ ਮੈਂਬਰੀ ਪਰਧਾਨਗੀ ਮੰਡਲ ਨੇ ਕੀਤੀ।
ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ , ਗੌਰਮਿੰਟ ਟੀਚਰਜ਼ ਯੂਨੀਅਨ, ਆਈ ਟੀ ਆਈ ਇੰਪਲਾਈਜ ਯੂਨੀਅਨ,ਮਨਿਸਟੀਰੀਅਲ ਯੂਨੀਅਨ,ਹੈਲਥ ਵਰਕਰ ਆਦਿ ਜਥੇਬੰਦੀਆਂ ਦੇ ਜ਼ਿਲੇ ਦੇ ਸੈਂਕੜੇ ਮੁਲਾਜ਼ਮਾਂ ਅਤੇ ਆਗੂਆਂ ਨੇ ਜੋਸ਼ੋਖਰੋਸ਼ ਵਿਚ ਕਾਨਫਰੰਸ ਨੂੰ ਕਾਮਯਾਬ ਕੀਤਾ। ਡੈਲੀਗੇਟ ਇਜਲਾਸ ਵਿੱਚ ਸਾਥੀ ਮੇਜਰ ਸਿੰਘ ਨੇ ਸਵਾਗਤੀ ਭਾਸ਼ਣ ਦੌਰਾਨ ਦੇਸ਼ ਅਤੇ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਸਥਿਤੀ ਉਪਰ ਚਾਨਣਾ ਪਾਇਆ।
ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਨੇ ਸੂਬੇ ਦੇ ਹਜ਼ਾਰਾਂ ਕੱਚੇ ਕਾਮਿਆਂ ਨੂੰ ਪੱਕੇ ਨਹੀਂ ਕੀਤਾ, ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋ ਸਕੀ, ਪੰਜਾਬ ਵਿੱਚ ਕੇਂਦਰੀ ਸਕੇਲ ਲਾਗੂ ਕੀਤੇ ਗਏ ਹਨ,16% ਮਹਿੰਗਾਈ ਭੱਤਾ ਸਰਕਾਰ ਵੱਲ ਬਕਾਇਆ ਹੈ, ਨਵੀਂ ਭਰਤੀ ਨਹੀਂ ਕੀਤੀ ਜਾ ਰਹੀ,ਸਰਕਾਰੀ ਸੰਸਥਾਵਾਂ ਨਿਜੀਕਰਨ ਦੀ ਭੇਂਟ ਚੜ੍ਹ ਰਹੀਆਂ ਹਨ,37 ਤਰ੍ਹਾਂ ਦੇ ਭੱਤੇ ਖਤਮ ਹੋ ਗਏ ਹਨ ਆਦਿ ਵੱਡੀਆਂ ਮੰਗਾਂ ਅਤੇ 2026 ਤੱਕ 7 ਵਾਂ ਪੇ ਕਮਿਸ਼ਨ ਲਾਗੂ ਕਰਵਾਉਣ ਲਈ ਪ ਸ. ਸ. ਫ. ਵਿਗਿਆਨਕ ਵੱਲੋਂ ਸੰਘਰਸ਼ ਤੇਜ ਕੀਤਾ ਜਾਵੇਗਾ।
ਸੂਬਾਈ ਆਗੂਆਂ ਸੁਖਵਿੰਦਰ ਸਿੰਘ ਦੋਦਾ,ਹਰਦੀਪ ਕੁਮਾਰ, ਸਾਥੀ ਹਰਭਜਨ ਸਿੰਘ ਖੁੰਗਰ, ਪ੍ਰਿੰਸੀਪਲ ਹੰਸ ਰਾਜ, ਸੁਖਦੇਵ ਚੰਦ ਆਗੂਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਤੋਂ ਮੂੰਹ ਮੋੜਨ ਲਈ ਚੇਤਾਵਨੀ ਦਿੰਦਿਆਂ ਮੰਗਾਂ ਨੂੰ ਲਟਕਾ ਕੇ ਰੱਖਣ ਤੋਂ ਦਬ ਕੇ ਨੁਕਤਾਚੀਨੀ ਕੀਤੀ।
ਰਜਿੰਦਰ ਕੁਮਾਰ ਦੀਵਾਨ ਖੇੜਾ, ਗੁਰਨਾਮ ਚੰਦ,ਰੇਸ਼ਮ ਸਿੰਘ,ਹਰਭਜਨ ਠਠੇਰਾਂ, ਗੁਰਜੰਟ ਸਿੰਘ, ਰਾਏ ਸਾਹਿਬ ਨੇ ਕਾਨਫਰੰਸ ਨੂੰ ਸਫਲ ਕਾਨਫਰੰਸ ਦੱਸਦਿਆਂ ਸੰਘਰਸ਼ਾਂ ਨੂੰ ਹੋਰ ਤੇਜ਼ ਕਰਨ ਦਾ ਹੋਕਾ ਦਿੱਤਾ। ਕਾਨਫਰੰਸ ਵਿੱਚ ਪਿਛਲੇ ਕਾਰਜਕਾਲ ਦੀਆਂ ਗਤੀਵਿਧੀਆਂ ਉਪਰ ਪੇਸ਼ ਕੀਤੀ ਰਿਪੋਰਟ ਨੂੰ ਸਰਬਸੰਮਤੀ ਨਾਲ ਪਾਸ ਕਰਕੇ ਲੀਡਰਸ਼ਿਪ ਨੇ ਪਿਛਲੀ ਜ਼ਿਲ੍ਹਾ ਜ਼ਿਲ੍ਹਾ ਕੌਂਸਲ ਨੂੰ ਭੰਗ ਕੀਤਾ ।
ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਨੇ ਕਾਨਫਰੰਸ ਵਿੱਚ ਸਮੂਹ ਸਾਥੀਆਂ ਨਾਲ਼ ਸਲਾਹ ਮਸ਼ਵਰੇ ਮਗਰੋਂ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕਰਨ ਲਈ ਆਗੂਆਂ ਦਾ ਪੈਨਲ ਪੇਸ਼ ਕੀਤਾ । ਜਿਸ ਨੂੰ ਸਮੁੱਚੇ ਇਜਲਾਸ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ।
ਨਵੀਂ ਜ਼ਿਲ੍ਹਾ ਕੌਂਸਲ ਵਿੱਚ ਸਾਥੀ ਸੁਰਿੰਦਰ ਕੰਬੋਜ ਪ੍ਰਧਾਨ, ਮਹਿੰਦਰ ਸਿੰਘ ਘੱਲੂ ਸੀਨੀਅਰ ਮੀਤ ਪ੍ਰਧਾਨ,ਜਸਵਿੰਦਰ ਸਿੰਘ ਨੂੰ ਜਨਰਲ ਸਕੱਤਰ, ਸਾਥੀ ਰੇਸ਼ਮ ਸਿੰਘ ਵਿੱਤ ਸਕੱਤਰ , ਸਾਥੀ ਸੁਖਦੇਵ ਚੰਦ ਅਤੇ ਹਰਭਜਨ ਠਠੇਰਾਂ ਮੀਤ ਪ੍ਰਧਾਨ, ਗੁਰਜੰਟ ਸਿੰਘ,ਮਦਨ ਲਾਲ ਅਤੇ ਅਸ਼ੋਕ ਕੁਮਾਰ ਸਹਿ- ਸਕੱਤਰ , ਜ਼ਿਲ੍ਹਾ ਕੌਂਸਲ ਵਿੱਚ ਕਪਿਲ ਕਪੂਰ,ਸਾਥੀ ਨਰਿੰਦਰ ਸਿੰਘ ਲੱਡੂ, ਸਾਥੀ ਪਵਨਜੀਤ ਸਿੰਘ ਵਿਰਕ, ਸਾਥੀ ਮਹਿੰਦਰ ਪਾਲ, ਧਰਮਪਾਲ, ਸੁਖਮੰਦਰ ਸਿੰਘ ,ਅਮੀਰ ਸਿੰਘ, ਗਗਨਦੀਪ, ਓਮ ਪ੍ਰਕਾਸ਼, ਰਘਬੀਰ ਸਿੰਘ, ਬਹਾਲ ਸਿੰਘ, ਹੀਰਾ ਲਾਲ, ਰਜੇਸ਼ ਕੁਮਾਰ, ਕਾਲੂ ਰਾਮ ਤੇਲੂਪੁਰਾ ਆਦਿ ਪੱਚੀ ਮੈਂਬਰੀ ਜ਼ਿਲ੍ਹਾ ਕੌਂਸਲ ਵਿੱਚ ਤਿੰਨ ਅਹੁਦੇ ਖਾਲੀ ਰੱਖੇ ਗਏ ਹਨ।
ਸਮੂਹ ਕੌਂਸਲ ਦੇ ਅਹੁਦੇਦਾਰਾਂ ਨੂੰ ਹਾਰ ਪਾਉਣ ਪਿੱਛੋਂ ਕਾਨਫਰੰਸ ਵਿੱਚ ਹਾਜ਼ਰ ਸਾਥੀਆਂ ਵੱਲੋਂ ਨਾਅਰਿਆਂ ਦੀ ਗੂੰਜ ਵਿੱਚ ਇਨਕਲਾਬੀ ਮੁਬਾਰਕਾਂ ਦਿੱਤੀਆਂ ਗਈਆਂ। ਅਖੀਰ ਵਿਚ ਸਾਥੀ ਸਤਨਾਮ ਸਿੰਘ ਨੇ ਪੁਰਾਣੀ ਪੈਨਸ਼ਨ ਬਹਾਲੀ, ਕੰਪਿਊਟਰ ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿੱਚ ਮਰਜਿੰਗ, ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰੀ ਸਕੇਲਾ ਦੇਣ ਵਿਰੁੱਧ, ਪੁਰਾਣੇ ਅਧਿਆਪਕਾਂ ਨੂੰ ਟੈੱਟ ਪਾਸ ਕਰਨ ਦੀ ਸ਼ਰਤ ਵਿਰੁੱਧ,ਬਦਲੀਆਂ ਅਤੇ ਪ੍ਰਮੋਸ਼ਨਾਂ ਸੁਚੱਜੇ ਢੰਗ ਨਾਲ ਬਗੈਰ ਰਿਸ਼ਵਤਖੋਰੀ ਨੇਪਰੇ ਚਾੜ੍ਹਨ, ਆਦਿ ਪੰਜ ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਕਾਨਫਰੰਸ ਨੇ ਪਾਸ ਕਰਕੇ ਸੰਘਰਸ਼ ਕਰਨ ਦਾ ਸੁਨੇਹਾ ਦਿੱਤਾ।

