ਕੈਪਟਨ ਦੀਆਂ ਸਿਫ਼ਤਾਂ ਕਰਨ ਵਾਲੇ ਸੁਖਜਿੰਦਰ ਰੰਧਾਵਾ ਭਾਜਪਾ ‘ਚ ਜਾਣ ਦੀ ਕਰ ਰਹੇ ਤਿਆਰੀ- ਧਾਲੀਵਾਲ

All Latest NewsNews FlashPolitics/ OpinionPunjab NewsTop BreakingTOP STORIES

 

ਕੁਲਦੀਪ ਧਾਲੀਵਾਲ ਦਾ ਰੰਧਾਵਾ ‘ਤੇ ਤਿੱਖਾ ਹਮਲਾ! , ਕਿਹਾ- ਕੈਪਟਨ ਦੀਆਂ ਸਿਫ਼ਤਾਂ ਕਰਨ ਵਾਲੇ ਸੁਖਜਿੰਦਰ ਰੰਧਾਵਾ ਭਾਜਪਾ ‘ਚ ਜਾਣ ਦੀ ਕਰ ਰਹੇ ਹਨ ਤਿਆਰੀ

ਚੋਣਾਂ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹੀਆਂ, ਵਿਰੋਧੀਆਂ ਦੇ ਝੂਠੇ ਪ੍ਰਚਾਰ ਦੀ ਫੂਕ ਨਿਕਲੀ: ਧਾਲੀਵਾਲ

ਅੰਮ੍ਰਿਤਸਰ/ਚੰਡੀਗੜ੍ਹ, 15 ਦਸੰਬਰ 2025 (Media PBN)

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸ਼ਾਂਤੀਪੂਰਵਕ ਨੇਪਰੇ ਚੜ੍ਹਨ ‘ਤੇ ਪੰਜਾਬੀਆਂ ਦਾ ਧੰਨਵਾਦ ਕੀਤਾ।

ਜ਼ਿਲਾ ਪ੍ਰਧਾਨ ਅੰਮ੍ਰਿਤਸਰ-ਸ਼ਹਿਰੀ ਪ੍ਰਭਬੀਰ ਸਿੰਘ ਬਰਾੜ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਬੀਤੇ ਕੱਲ੍ਹ (14 ਤਾਰੀਕ) ਪੰਜਾਬ ਦੇ ਲੋਕਾਂ ਨੇ ਬਹੁਤ ਹੀ ਅਮਨ-ਚੈਨ ਨਾਲ ਵੋਟਾਂ ਪਾ ਕੇ ਵਿਰੋਧੀਆਂ ਦੇ ਉਸ ਝੂਠੇ ਪ੍ਰਚਾਰ ਦਾ ਮੂੰਹ ਤੋੜ ਜਵਾਬ ਦਿੱਤਾ ਹੈ, ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਜਾਂ ਬੈਲਟ ਪੇਪਰ ਲੁੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਢੇ ਬਾਰਾਂ ਹਜ਼ਾਰ ਪਿੰਡਾਂ ਵਿੱਚੋਂ ਮਹਿਜ਼ ਕੁਝ ਥਾਵਾਂ ਨੂੰ ਛੱਡ ਕੇ ਬਾਕੀ ਪੂਰੇ ਪੰਜਾਬ ਵਿੱਚ ਚੋਣ ਪ੍ਰਕਿਰਿਆ ਸ਼ਾਂਤਮਈ ਰਹੀ।

ਉੱਥੇ ਹੀ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਕਰਨ ‘ਤੇ ਧਾਲੀਵਾਲ ਨੇ ਕਿਹਾ ਕਿ ਰੰਧਾਵਾ ਦਾ ਇਹ ਬਿਆਨ ਭਾਜਪਾ ਵਿੱਚ ਸ਼ਾਮਲ ਹੋਣ ਲਈ ਰਾਹ ਪੱਧਰਾ ਕਰਨ ਦੀ ਇੱਕ ਕੋਸ਼ਿਸ਼ ਹੈ।

ਧਾਲੀਵਾਲ ਨੇ ਕਿਹਾ ਕਿ ਰੰਧਾਵਾ ਵੱਲੋਂ ਅਚਾਨਕ ਕੈਪਟਨ ਅਮਰਿੰਦਰ ਸਿੰਘ ਦੀਆਂ ਸਿਫ਼ਤਾਂ ਕਰਨੀਆਂ ਕਈ ਸਵਾਲ ਖੜ੍ਹੇ ਕਰਦੀਆਂ ਹਨ। ਉਨ੍ਹਾਂ ਪੁੱਛਿਆ ਕਿ ਜਦੋਂ 2021 ਵਿੱਚ ਕੈਪਟਨ ਨੂੰ ਗੱਦੀ ਤੋਂ ਲਾਹਿਆ ਗਿਆ ਸੀ, ਉਦੋਂ ਸੁਖੀ ਰੰਧਾਵਾ ਹੀ ਸਭ ਤੋਂ ਅੱਗੇ ਹੋ ਕੇ ਕੈਪਟਨ ‘ਤੇ ਦੋਸ਼ ਲਗਾ ਰਹੇ ਸਨ ਕਿ ਉਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਨਸ਼ੇ ਦਾ ਲੱਕ ਨਹੀਂ ਤੋੜਿਆ ਅਤੇ ਨਾ ਹੀ ਘਰ-ਘਰ ਨੌਕਰੀ ਦਿੱਤੀ। ਧਾਲੀਵਾਲ ਨੇ ਕਿਹਾ ਅੱਜ ਰੰਧਾਵਾ ਜੀ ਸਪੱਸ਼ਟ ਕਰਨ ਕਿ ਕੈਪਟਨ ਉਦੋਂ ਠੀਕ ਸਨ ਜਾਂ ਅੱਜ ਠੀਕ ਹਨ? ਅਸਲ ਵਿੱਚ ਰੰਧਾਵਾ ਅਤੇ ਕੈਪਟਨ ਦੋਵੇਂ ਹੀ ਆਪਣੀ ਜ਼ੁਬਾਨ ਦੇ ਕੱਚੇ ਹਨ।

ਧਾਲੀਵਾਲ ਨੇ ਦਾਅਵਾ ਕੀਤਾ ਕਿ ਸੁਖਜਿੰਦਰ ਰੰਧਾਵਾ ਦੇ ਬਿਆਨਾਂ ਤੋਂ ਸਪੱਸ਼ਟ ਹੈ ਕਿ ਉਹ ਕਾਂਗਰਸ ਦੀ ਬੇੜੀ ਡੋਬ ਕੇ ਭਾਜਪਾ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦਾ ਇਤਿਹਾਸ ਰਿਹਾ ਹੈ ਕਿ ਉਹ ਹਮੇਸ਼ਾ ਸੱਤਾ ਦੇ ਨਾਲ ਚੱਲਦੇ ਹਨ, ਭਾਵੇਂ ਮੁਗਲਾਂ ਦਾ ਸਮਾਂ ਹੋਵੇ, ਅੰਗਰੇਜ਼ਾਂ ਦਾ, ਕਾਂਗਰਸ ਦਾ ਜਾਂ ਹੁਣ ਭਾਜਪਾ ਦਾ। ਕੈਪਟਨ ਪਰਿਵਾਰ ਬਿਨਾਂ ਸੱਤਾ ਤੋਂ ਨਹੀਂ ਰਹਿ ਸਕਦਾ।

‘ਆਪ’ ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਮੌਕਾਪ੍ਰਸਤ ਆਗੂਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਜਿਵੇਂ 2022 ਵਿੱਚ ਲੋਕਾਂ ਨੇ ਕਾਂਗਰਸ ਨੂੰ ਨਕਾਰਿਆ ਸੀ, ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਬੁਰਾ ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਸੁਖੀ ਰੰਧਾਵਾ ਵਰਗੇ ਆਗੂ, ਜੋ ਖੁਦ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਸਨ, ਅੱਜ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨਾਲ ਲਿੰਕ ਬਣਾ ਕੇ ਆਪਣਾ ਸਿਆਸੀ ਭਵਿੱਖ ਲੱਭ ਰਹੇ ਹਨ, ਪਰ ਪੰਜਾਬੀ ਹੁਣ ਇਨ੍ਹਾਂ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ।

 

Media PBN Staff

Media PBN Staff