ਅਧਿਆਪਕਾਂ ਦੀਆਂ ਪ੍ਰੋਮੋਸ਼ਨਾਂ ‘ਚ ਗੜਬੜੀ! ਡੀਟੀਐਫ਼ ਦਾ ਵਫਦ ਡੀਐੱਸਈ ਨੂੰ ਮਿਲਿਆ, ਪੜ੍ਹੋ ਕੀ ਮਿਲਿਆ ਭਰੋਸਾ
ਅਧਿਆਪਕਾਂ ਦੀਆਂ ਪ੍ਰੋਮੋਸ਼ਨਾਂ ‘ਚ ਗੜਬੜੀ! ਡੀਟੀਐਫ਼ ਦਾ ਵਫਦ ਡੀਐੱਸਈ ਨੂੰ ਮਿਲਿਆ, ਪੜ੍ਹੋ ਕੀ ਮਿਲਿਆ ਭਰੋਸਾ
ਪ੍ਰੋਮੋਸ਼ਨ ਲਿਸਟਾਂ ‘ਚ ਤਰੁੱਟੀਆਂ ਤੁਰੰਤ ਦੂਰ ਕੀਤੀਆਂ ਜਾਣ-ਡੀ. ਟੀ. ਐਫ਼.
ਐੱਸ ਈ ਐੱਸ ਨਗਰ, 8 ਜਨਵਰੀ 2026
ਬੀਤੇ ਦਿਨੀਂ ਐਚ. ਟੀ., ਸੀ ਐਚ ਟੀ ਅਧਿਆਪਕਾਂ ਤੋਂ ਮਾਸਟਰ ਕਾਡਰ ਦੀ ਪ੍ਰੋਮੋਸ਼ਨ ਲਈ ਜਾਰੀ ਹੋਈਆਂ ਲਿਸਟਾਂ ਵਿੱਚ ਭਾਰੀ ਤਰੁੱਟੀਆਂ ਹੋਣ ਕਾਰਨ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦਾ ਇੱਕ ਵਫਦ ਅੱਜ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੁਆਣਾ ਦੀ ਅਗਵਾਈ ਵਿੱਚ ਡੀ. ਐੱਸ. ਈ. (ਸੈਕੰਡਰੀ) ਨੂੰ ਮਿਲਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ ਆਪਣੀ ਭਰਤੀ ਸਮੇਂ ਲਾਈਆਂ ਗਈਆਂ ਸ਼ਰਤਾਂ ਅਤੇ ਯੋਗਤਾਵਾਂ ਪੂਰੀਆਂ ਕਰਕੇ ਨੌਕਰੀ ਵਿੱਚ ਆਏ ਅਧਿਆਪਕ, ਜੋ ਕਿ ਪ੍ਰੋਮੋਸ਼ਨ ਤੋਂ ਬਾਅਦ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਵੀ ਬਣ ਗਏ ਹਨ, ਉਹਨਾਂ ਨੂੰ ਟੀ ਈ ਟੀ ਟੈਸਟ ਕਲੀਅਰ ਨਾ ਹੋਣ ਦੀ ਬੇਤੁਕੀ ਸ਼ਰਤ ਲਾ ਕੇ ਮਾਸਟਰ ਕਾਡਰ ਪ੍ਰੋਮੋਸ਼ਨ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਈ ਟੀ ਟੀ ਅਧਿਆਪਕਾਂ ਉੱਪਰ ਵੀ ਪ੍ਰੋਮੋਸ਼ਨ ਤੋਂ ਦੋ ਸਾਲ ਦੇ ਅੰਦਰ-ਅੰਦਰ ਟੀ ਈ ਟੀ ਟੈਸਟ ਪਾਸ ਕਰਨ ਦੀ ਸ਼ਰਤ ਰੱਖ ਦਿੱਤੀ ਹੈ।
ਆਗੂਆਂ ਨੇ ਕਿਹਾ ਕਿ ਜਥੇਬੰਦੀ ਸ਼ੁਰੂ ਤੋਂ ਹੀ ਅਧਿਆਪਕਾਂ ਉੱਪਰ ਅਜਿਹੇ ਬੇਲੋੜੇ ਟੈਸਟ ਥੋਪਣ ਦਾ ਵਿਰੋਧ ਕਰਦੀ ਆਈ ਹੈ। ਉਹਨਾਂ ਕਿਹਾ ਕਿ 25-25 ਸਾਲ ਦਾ ਪੜ੍ਹਾਉਣ ਦਾ ਤਜ਼ਰਬਾ ਰੱਖਣ ਵਾਲੇ ਅਧਿਆਪਕਾਂ ਦੀ ਯੋਗਤਾ ਪਰਖਣ ਦੀ ਹੁਣ ਕੀ ਲੋੜ ਹੈ?
ਇਸ ਮੌਕੇ ਡੀ ਟੀ ਐਫ਼ ਦੇ ਜੁਆਇੰਟ ਸਕੱਤਰ ਦਿਲਜੀਤ ਸਿੰਘ ਸਮਰਾਲਾ, ਗੁਰਪ੍ਰੀਤ ਖੇਮੁਆਣਾ, ਤਲਵਿੰਦਰ ਖਰੋੜ, ਹੁਸ਼ਿਆਰ ਸਿੰਘ ਅਤੇ ਜਸਵੀਰ ਸਿੰਘ ਨੇ ਦੱਸਿਆ ਕਿ ਡੀ ਐੱਸ ਈ ਨੇ ਉਹਨਾਂ ਦੇ ਇਤਰਾਜ਼ਾਂ ਨਾਲ ਸਹਿਮਤ ਹੁੰਦੇ ਹੋਏ ਇਹਨਾਂ ਪ੍ਰੋਮੋਸ਼ਨਾਂ ਉੱਪਰ ਰੋਕ ਲਗਾ ਦਿੱਤੀ ਹੈ। ਡੀ ਐੱਸ ਈ ਨੇ ਭਰੋਸਾ ਦਿੱਤਾ ਕਿ ਇਹਨਾਂ ਪ੍ਰਮੋਸ਼ਨਾਂ ਵਿੱਚ ਰਹਿ ਗਈਆਂ ਹਰ ਕਿਸਮ ਦੀਆਂ ਤਰੁੱਟੀਆਂ ਨੂੰ ਦੂਰ ਕਰਕੇ ਜਲਦੀ ਇਹ ਪ੍ਰਕਿਰਿਆ ਸ਼ੁਰੂ ਕਰਨ ਦਾ ਭਰੋਸਾ ਦਿੱਤਾ।
ਉਹਨਾਂ ਦੱਸਿਆ ਕਿ ਟੀ ਈ ਟੀ ਦੀ ਸ਼ਰਤ ਰੱਖਣ ਬਾਰੇ ਉਹ ਸਿੱਖਿਆ ਸਕੱਤਰ ਨਾਲ ਅੱਜ ਮੀਟਿੰਗ ਕਰ ਰਹੇ ਹਨ ਅਤੇ ਕਾਨੂੰਨੀ ਰਾਇ ਲੈਣ ਤੋਂ ਬਾਅਦ ਕੋਈ ਫ਼ੈਸਲਾ ਲੈਣਗੇ।

