ਪੰਜਾਬ ਦੇ ਪੈਨਸ਼ਨਰਾਂ ਨੇ ਵਜਾਇਆ ਸੰਘਰਸ਼ ਦਾ ਬਿਗਲ
-18 ਸਤੰਬਰ ਨੂੰ ਜਿਲਾ ਪੱਧਰੀ ਰੈਲੀਆਂ, ਉਪਰੰਤ 22 ਅਕਤੂਬਰ ਨੂੰ ਮੁਹਾਲੀ ਵਿਚ ਕੀਤੀ ਜਾਵੇਗੀ ਮਹਾਂ ਰੈਲੀ
ਲੁਧਿਆਣਾ
ਪੰਜਾਬ ਗੌਰਮਿੰਟ ਪੈਨਸ਼ਨਰਜ ਜੁਆਇੰਟ ਫਰੰਟ ਦੀ ਮੀਟਿੰਗ 28 ਅਗਸਤ 2024 ਨੂੰ ਪੈਨਸ਼ਨਰਜ਼ ਭਵਨ ਲੁਧਿਆਣਾ ਵਿਖੇ ਅਵਿਨਾਸ਼ ਚੰਦਰ ਸ਼ਰਮਾ ਕਨਵੀਨਰ ਕਮ ਕੁਆਰਡੀਨੇਟਰ ਦੀ ਅਗਵਾਈ ਵਿਚ ਹੋਈ ਜਿਸ ਵਿਚ ਕਰਮ ਸਿੰਘ ਧਨੌਆ, ਭਜਨ ਸਿੰਘ ਗਿਲ, ਡਾ. ਐਨ.ਕੇ. ਕਲਸੀ, ਨਾਹਰ ਸਿੰਘ(ਸੁਖਵਿੰਦਰ ਸਿੰਘ ਗਿਲ), ਦਲੀਪ ਸਿੰਘ ਨੇ ਬਤੌਰ ਕਨਵੀਨਰਜ਼ ਸਿਰਰਤ ਕੀਤੀ।
ਮੀਟਿੰਗ ਦੀ ਕਾਰਵਾਈ ਪਰੈਸ ਲਈ ਰਲੀਜ ਕਰਦੇ ਹੋਏ ਧਨਵੰਤ ਸਿੰਘ ਭੱਠਲ ਜਨਰਲ ਸਕੱਤਰ ਪਾਵਰਕਾਮ ਪੈਨਸ਼ਨਰਜ਼ ਐਸੀਏਸ਼ਨ ਪੰਜਾਬ ਨੇ ਦਸਿਆ ਕਿ ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ ਪੈਨਸ਼ਨਰਜ਼ ਦੀਆਂ ਮੰਗਾਂ ਨਾ ਮੰਨਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।
ਜਨਵਰੀ 2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਮੁਲਾਜ਼ਮਾਂ ਲਈ 2.59 ਦਾ ਫੈਕਟਰ ਲਾਗੂ ਕਰਨਾ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ (50% ਦੀ ਥਾਂ 38% ਮਿਲਦੀ ਹੈ) ਸਮੇਤ ਬਕਾਇਆ ਜਾਰੀ ਕਰਨਾ, ਜਨਵਰੀ 2016 ਤੋਂ 30 ਜੂਨ 2021 ਤਕ ਪੇ ਰਵੀਜ਼ਨ ਦਾ ਬਕਾਇਆ, ਮੈਡੀਕਲ ਭੱਤੇ ਵਿਚ ਵਾਧਾ ਤੇ ਕੈਸ਼ ਲੈਸ ਸਕੀਮ ਲਾਗੂ ਕਰਨਾ ਆਦਿ ਮੰਗਾਂ ਲਈ ਪੈਨਸ਼ਨਰਜ਼ ਜੁਆਇੰਟ ਫਰੰਟ ਵਲੋਂ ਸੰਘਰਸ਼ ਕਰਨ ਦਾ ਫੈਸਲਾ ਸਰਵਸੰਮਤੀ ਨਾਲ ਲਿਆ ਗਿਆ।
ਇਸ ਸੰਘਰਸ਼ ਪ੍ਰੋਗਰਾਮ ਵਿਚ ਪੈਨਸ਼ਨਰਜ਼ ਨੂੰ ਲਾਮਬੰਦ ਕਰਨ ਲਈ 18 ਸਤੰਬਰ 2024 ਨੂੰ ਜਿਲਾ ਹੈਡਕੁਆਰਟਰ ਤੇ ਵੱਡੀਆਂ ਰੈਲੀਆਂ ਕਰਕੇ,ਡੀ.ਸੀਜ਼ ਨੂੰ ਮੰਗ ਪੱਤਰ/ਨੋਟਿਸ ਦੇਣ ਉਪਰੰਤ 22 ਅਕਤੂਬਰ 2024 ਨੂੰ ਮੁਹਾਲੀ ਵਿਖੇ ਮਹਾਂ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ।
ਅਵਿਨਾਸ਼ ਸ਼ਰਮਾ, ਧਨਵੰਤ ਭੱਠਲ ਤੇ ਬਾਕੀਆਂ ਸਾਥੀਆਂ ਨੇ ਸਰਕਾਰ ਨੂੰ ਚਿਤਾਵਨੀ ਦਿਤੀ ਕਿ ਜੇਕਰ ਫਿਰ ਵੀ ਪੈਨਸ਼ਨਰਰ ਦੇ ਮਸਲੇ ਹੱਲ ਨਾ ਕੀਤੇ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੁਲਾਜ਼ਮ ਤੇ ਪੈਨਸ਼ਨਰਜ਼ ਦੀ ਏਕਤਾ ਨੂੰ ਬਰਕਰਾਰ ਰੱਖਣ ਲਈ, ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵਲੋਂਤ ਸਤੰਬਰ ਦੀ ਚੰਡੀਗੜ੍ਹ ਵਿਖੇ ਰੈਲੀ ਵਿਚ ਸਮੂਲੀਅਤ ਕਰਨ ਤੇ ਭਵਿਖੀ ਸੰਘਰਸ਼ਾਂ ਸਾਰੇ ਵੀ ਪੈਨਸ਼ਨਰਜ਼ ਜੁਆਇੰਟ ਫਰੰਟ ਵਿਚ ਸਹਿਮਤੀ ਸੀ।
ਮੀਟਿੰਗ ਵਿਚ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਕੋ ਪੰਜਾਬ, ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ,ਪੰਜਾਬ ਪੈਨਸ਼ਨਰਜ਼ ਮਹਾਂਸੰਘ, ਪੰਜਾਬ ਪੈਨਸ਼ਨਰਜ਼ ਕਨਫੈਡਰੇਸ਼ਨ, ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਪੈਨਸ਼ਨਰਜ਼ ਐਸੋਸੀਏਸ਼ਨ ਪੀ.ਆਈ.ਸੀ ਲੁਧਿਆਣਾ ਦੇ ਆਗੂ ਸਾਥੀਆਂ ਨੇ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ।