ਪੰਜਾਬ ‘ਚ ਸੀਨੀਅਰ ਪੱਤਰਕਾਰ ਰਮੇਸ਼ ਬਹਿਲ ‘ਤੇ ਜਾਨਲੇਵਾ ਹਮਲਾ
ਸੁਖਜਿੰਦਰ ਰੰਧਾਵਾ, ਪ੍ਰਤਾਪ ਬਾਜਵਾ ਅਤੇ ਪਾਹੜਾ ਪੱਤਰਕਾਰ ਰਮੇਸ਼ ਬਹਿਲ ਤੇ ਹੋਏ ਹਮਲੇ ਸਬੰਧੀ ਕਾਨੂੰਨੀ ਕਾਰਵਾਈ ਲਈ SSP ਬਟਾਲਾ ਨੂੰ ਮਿਲੇ
ਪੰਜਾਬ ਨੈੱਟਵਰਕ, ਬਟਾਲਾ
ਬੀਤੇ ਦਿਨੀਂ ਸੀਨੀਅਰ ਪੱਤਰਕਾਰ ਰਮੇਸ਼ ਬਹਿਲ ‘ਤੇ ਕੁੱਝ ਲੋਕਾਂ ਦੇ ਵਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਸ ਸਬੰਧੀ ਜਿਥੇ ਪੱਤਰਕਾਰ ਭਾਈਚਾਰੇ ਵਿਚ ਰੋਸ ਵੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਵਿਰੋਧੀ ਧਿਰਾਂ ਦੇ ਆਗੂ ਵੀ ਸਰਕਾਰ ਤੇ ਪੁਲਿਸ ਤੇ ਸਵਾਲ ਚੁੱਕ ਰਹੇ ਹਨ।
ਅੱਜ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਪ੍ਰਤਾਪ ਸਿੰਘ ਬਾਜਵਾ ਨੇਤਾ ਵਿਰੋਧੀ ਧਿਰ ਪੰਜਾਬ ਵਿਧਾਨ ਸਭਾ ਅਤੇ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਸਰਦਾਰ ਬਰਿੰਦਰ ਮੀਤ ਸਿੰਘ ਪਾਹੜਾ ਨਾਲ ਪੱਤਰਕਾਰ ਰਮੇਸ਼ ਬਹਿਲ ਤੇ ਹੋਏ ਹਮਲੇ ਸਬੰਧੀ ਐਸ.ਐਸ.ਪੀ ਬਟਾਲਾ ਸੁਹੇਲ ਮੀਰ (ਆਈ ਪੀ ਐਸ ) ਨੂੰ ਮਿਲ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਪੱਤਰਕਾਰ ਰਮੇਸ਼ ਬਹਿਲ ਤੇ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਕਿ ਮੀਡੀਆ ਭਾਈਚਾਰੇ ਦੀ ਆਜ਼ਾਦੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਤੋਂ ਬਾਅਦ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ ਅਤੇ ਬਰਿੰਦਰ ਮੀਤ ਸਿੰਘ ਪਾਹੜਾ ਨਾਲ ਗੋਰਾਇਆ ਹਸਪਤਾਲ ਪਹੁੰਚ ਕੇ ਪੱਤਰਕਾਰ ਰਮੇਸ਼ ਬਹਿਲ ਦਾ ਹਾਲਚਾਲ ਜਾਣਿਆ ਉਹਨਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਹੌਸਲਾ ਦਿੱਤਾ।